ਚੰਡੀਗੜ੍ਹ-(ਪੁਨੀਤ ਕੌਰ) ਸੇਂਟ ਗ੍ਰੇਗੋਰੀਓਸ ਸਕੂਲ,ਦਵਾਰਕਾ ਨੇ ਜਾਗੋ ਪਾਰਟੀ ਤੋਂ ਖਾਲਸੇ ਨੂੰ ਅੱਤਵਾਦੀ ਕਹਿਣ ਲਈ ਮੁਆਫੀ ਮੰਗੀ ਹੈ। ਸਕੂਲ ਪ੍ਰਿੰਸੀਪਲ ਨੇ ਸਕੂਲ ਦੀ ਤਰਫ਼ੋਂ ਯੂਥ ਵਿੰਗ ਦੇ ਪ੍ਰਧਾਨ ਡਾ: ਪੁਨਪ੍ਰੀਤ ਸਿੰਘ ਨੂੰ ਇੱਕ ਪੱਤਰ ਦਿੱਤਾ ਹੈ। ਇਸ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਸੈਂਟ  ਗ੍ਰੇਗੋਰੀਓਸ ਸਕੂਲ, ਦੁਆਰਕਾ ਇੱਕ ਘੱਟਗਿਣਤੀ ਸੰਸਥਾ ਹੈ ਅਤੇ ਇਸਦੀ ਸਥਾਪਨਾ ਤੋਂ ਹੀ ਹਰ ਕੌਮ ਦਾ ਹਮੇਸ਼ਾ ਉੱਚ ਸਤਿਕਾਰ ਰਿਹਾ ਹੈ। ਅਸੀਂ ਹਮੇਸ਼ਾ ਇਸ ਦੇਸ਼ ਦੇ ਲੋਕਾਂ ਲਈ ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕਰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਿੱਖ ਕੌਮ ਦੇ 7% ਤੋਂ ਵੱਧ ਵਿਦਿਆਰਥੀ ਹਨ ਅਤੇ ਕਿਸੇ ਵੀ ਕੌਮ ਦੇ ਖਿਲਾਫ਼ ਗਲਤ ਜਾਣਕਾਰੀ ਫੈਲਾਉਣ ਦਾ ਕੋਈ ਮੁੱਦਾ ਨਹੀਂ ਸੀ। ਕਈ ਸਾਲਾਂ ਤੋਂ ਸਾਡਾ ਸਮੂਹ ਭਾਈਚਾਰਿਆਂ ਨਾਲ ਸੁਹਿਰਦ ਸੰਬੰਧ ਰਿਹਾ ਹੈ। ਸਾਡੇ ਸਕੂਲ ਨਾਲ ਮਾਪਿਆਂ ਨੂੰ ਕਦੇ ਮੁਸ਼ਕਲ ਨਹੀਂ ਆਈ ਹੈ।

ਪ੍ਰਿੰਸੀਪਲ ਨੇ ਕਿਹਾ ਕਿ ਗ੍ਰੇਗੋਰੀਅਨ ਸਕੂਲ ਕਦੇ ਵੀ ਕਿਸੇ ਵੀ ਕੌਮ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਰੱਖਦਾ ਅਤੇ ਹਰ ਵਿਦਿਆਰਥੀ ਦਾ ਸਤਿਕਾਰ ਕਰਨ ਦੀ ਨੀਤੀ ਪ੍ਰਤੀ ਦ੍ਰਿੜ ਰਹੇਗਾ ਭਾਵੇਂ ਉਹ ਕਿਸੇ ਵੀ ਕੌਮ ਦੇ ਹੋਣ। ਉਨ੍ਹਾਂ ਕਿਹਾ ਕਿ ਇਹ ਜੋ ਵਾਪਰਿਆ ਹੈ, ਸਾਨੂੰ ਉਸ ਲਈ ਪਛਤਾਵਾ ਹੈ ਅਤੇ ਅਸੀਂ ਦਿਲੋਂ ਆਪਣੇ ਸਾਥੀ ਸਿੱਖ ਭਰਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਦੇ ਹਾਂ,ਇਹ ਅਸੀਂ ਜਾਣਬੁੱਝ ਕੇ ਨਹੀਂ ਸੀ ਕੀਤਾ ਬਲਕਿ ਅਣਜਾਣੇ ਵਿਚ ਹੋਇਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸੱਤਵੀਂ ਜਮਾਤ ਦੇ ਸਾਇੰਸ ਪੇਪਰ ਦੇ 15 ਪ੍ਰਸ਼ਨਾਂ ਦੇ ਸੰਬੰਧ ਵਿੱਚ, ਸਿੱਖ ਕੌਮ ਨੂੰ ਬਦਨਾਮ ਕਰਨਾ ਸਾਡਾ ਇਰਾਦਾ ਨਹੀਂ ਹੈ।  ਪੇਪਰ ਸੈਟਰ ਅਤੇ ਪੈਰਲਲ ਅਧਿਆਪਕ ਸਿੱਖ ਕੌਮ ਨਾਲ ਸਬੰਧਤ ਹਨ। ਉਨ੍ਹਾਂ ਨੂੰ ਇਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੀ,ਅਸੀਂ ਇਸਦੇ ਲਈ ਪਛਤਾਉਂਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ ਅਤੇ ਅੱਗੇ ਤੋਂ ਇਸਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇਗਾ।

ਉਨ੍ਹਾਂ ਨੇ ਸਾਰੇ ਸੰਬੰਧਿਤ ਅਧਿਆਪਕਾਂ ਅਤੇ ਵਿਸ਼ੇ ਦੇ ਕੋਆਰਡੀਨੇਟਰਾਂ ਨੂੰ ਭਵਿੱਖ ਵਿੱਚ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਾਰੇ ਮਾਪਿਆਂ ਪ੍ਰਤੀ ਆਪਣਾ ਅਫ਼ਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਆਪਕਾਂ ਦੀ ਤਰਫੋਂ, ਆਪਣੇ ਸਾਥੀ ਸਿੱਖ ਭਰਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦਿਲੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਸਾਡੇ ਇਰਾਦੇ ਅਤੇ ਸਟੈਂਡ ਸਪੱਸ਼ਟ ਹਨ ਅਤੇ ਸਾਡੀ ਦਿਲੋਂ ਮੰਗੀ ਗਈ ਮੁਆਫੀ ਇਸ ਸੱਟ ਨੂੰ ਮਿਟਾ ਦੇਵੇਗੀ।

ਸਿੱਖ ਇਤਿਹਾਸ ਬਾਰੇ ਗਲਤ ਸਵਾਲ ਕਰਨ ਕਰਕੇ ਦਿੱਲੀ ਦਾ ਇਹ ਸਕੂਲ ਵਿਵਾਦਾਂ ਦੇ ਘੇਰੇ ਵਿੱਚ ਘਿਰ ਗਿਆ ਸੀ। ਦਿੱਲੀ ਦੇ ਦਵਾਰਕਾ ਪ੍ਰਾਈਵੇਟ ਸਕੂਲ ਚ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਪ੍ਰਸ਼ਨ ਪੱਤਰ ਵਿੱਚ ਖਾਲਸਾ ਪੰਥ ਨੂੰ MILITANT SECT ਦੱਸਿਆ ਗਿਆ ਹੈ। ਸੱਤਵੀਂ ਕਲਾਸ ਦੇ ਬੱਚਿਆਂ ਨੂੰ ਸੋਸ਼ਲ ਸਾਇੰਸ ‘ਚ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਖਾਲਸਾ ਪੰਥ ਨੂੰ ਕਿਸ MILITANT SECT ਵਿੱਚ ਤਬਦੀਲ ਕੀਤਾ ਗਿਆ ਸੀ।

ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਇਸ ਸਵਾਲ ਦੇ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸਦੀ ਸਖ਼ਤ ਨਿੰਦਿਆਂ ਕੀਤੀ ਸੀ। ਉਨ੍ਹਾਂ ਨੇ ਸਕੂਲ ਪ੍ਰਸ਼ਾਸ਼ਨ ਖਿਲਾਫ਼ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟੀਆ ਮਾਨਸਿਕਤਾ ਦਾ ਸ਼ਿਕਾਰ ਹੋਣ ਵਾਲਿਆਂ ਖਿਲਾਫ਼ ਇਤਾਰਜ ਨਹੀਂ ਬਲਕਿ ਕਾਰਵਾਈ ਕੀਤੀ ਜਾਵੇਗੀ।