Punjab

ਗੁਰਮਤਿ ਸੰਗੀਤ ਦੇ ਇੱਕ ਵਿਦਿਆਰਥੀ ਵੱਲੋਂ ਭਾਈ ਨਿਰਮਲ ਸਿੰਘ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਚੰਡੀਗੜ੍ਹ-   ਸ਼ਰਧਾਂਜਲੀ- ਭਾਈ ਜਸਵਿੰਦਰ ਸਿੰਘ ਅਤੇ ਪਰਿਵਾਰ ਵੱਲੋਂ।
“ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ।।“ ਸ਼ਬਦ ਦਾ ਗਾਇਨ ਕਰਨ ਵਾਲੇ ‘ਪਦਮ ਸ੍ਰੀ’ ਸਿੱਖ ਕੌਮ ਦੇ ਅਨਮੋਲ ਰਤਨ ‘ਭਾਈ ਨਿਰਮਲ ਸਿੰਘ ‘ਖਾਲਸਾ’ ਸੀ,ਅੱਜ ਅੰਮ੍ਰਿਤ ਵੇਲੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ।
“ਕੌਣ ਸਾਹਿਬ ਨੂੰ ਆਖੈ ਇਉ ਨਾ ਇੰਜ ਕਰ” ਜਦ ਹੱਸਦਾ ਚਿਹਰਾ ਅੱਖਾਂ ਸਾਵੇਂ ਆਉਂਦਾ ਤਾਂ ਅੰਦਰੋਂ ਠੰਡਾ ਹਉਕਾ ਨਿਕਲਦਾ। ਗੁਰਬਾਣੀ ਕੀਰਤਨ ਦੀ ਕੋਇਲ ਵਾਂਗ ਸੁਰੀਲੀ ਆਵਾਜ਼ ਜੋ ਧੁਰ ਅੰਦਰ ਤੱਕ ਪੁੱਜ ਕੇ ਕਰਤਾਰ ਨਾਲ ਸਰੋਤਿਆਂ ਨੂੰ ਇੱਕਸੁਰ ਕਰਦੀ ਹੈ। ਅੱਜ ਮਨ ਵਿੱਚ ਵੈਰਾਗ ਦੀ ਸੁਰ ਬਣ ਉਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਦੇਣ ਲਈ ਅਰਜ਼ ਕਰ ਰਹੀ ਹੈ। ਮੇਰਾ ਭਾਈ ਸਾਹਿਬ ਨਾਲ ਰਿਸ਼ਤਾ ਅੱਜ ਤੋਂ 18-19 ਸਾਲ ਪਹਿਲਾਂ ਪਿੰਡ ਦੇ ਗਾਇਕ ਸਾਬਰਕੋਟੀ ਤੋਂ ਉਨ੍ਹਾਂ ਦੀ ਸੁਰੀਲੀ ਗਾਇਕੀ ਦੀ ਸਿਫ਼ਤ ਸੁਣ ਕੇ ਜੁੜਿਆ। ਫਿਰ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਜੋ ਭਾਈ ਸਾਹਿਬ ਦੇ ਪਰਮ ਮਿੱਤਰ ਸਨ,ਉਨ੍ਹਾਂ ਰਾਹੀਂ ਮੇਰੇ ਦਾਦਾ ਜੀ ਦੇ ਅਕਾਲ ਚਲਾਣੇ ਤੇ ਦੁਬਾਰਾ ਮੇਰੇ ਵੱਡੇ ਬੇਟੇ ਗੁਰਪ੍ਰਤਾਪ ਸਿੰਘ ਦੇ ਜਨਮ ਦੇ ਸ਼ੁਕਰਾਨੇ ਵਜੋਂ ਗ੍ਰਹਿ ਵਿਖੇ ਕਰਵਾਏ ਸਮਾਗਮ ਵਿੱਚ ਉਨ੍ਹਾਂ ਦੇ ਚਰਨ ਗ੍ਰਹਿ ਵਿਖੇ ਪਏ।

ਬੀ.ਏ. ਕਰਦੇ ਸਮੇਂ ਮੈਂ ਉਨ੍ਹਾਂ ਪ੍ਰਤੀ ਇਸ ਕਦਰ ਦਿਵਾਨਾ ਸੀ ਕਿ ਫੋਨ ਕਰਕੇ ਕਿਹਾ “ਭਾਈ ਸਾਹਿਬ ਮੈਂ ਆਪ ਜੀ ਤੋਂ ਕੀਰਤਨ ਦੀ ਤਾਲੀਮ ਲੈਣਾ ਚਾਹੁੰਦਾ ਹਾਂ। ਉਹ ਮੇਰੇ ਦੀਵਾਨੇਪਨ ਨੂੰ ਮੇਰੀ ਆਵਾਜ਼ ‘ਚੋਂ ਪਹਿਚਾਣ ਗਏ ਸਨ। ਉਨ੍ਹਾਂ ਹੱਸ ਕੇ ਕਿਹਾ ਕਿ ਅੱਜ ਹੀ ਆ ਜਾ,ਆਪਾਂ ਸਰਗਮ ਤੋਂ ਸ਼ੁਰੂ ਕਰਦੇ ਹਾਂ। ਮੈਂ ਬਿਨਾਂ ਘਰ ਦੱਸਿਆਂ ਕਪੂਰਥਲੇ ਤੋਂ ਅੰਮ੍ਰਿਤਸਰ ਉਨ੍ਹਾਂ ਦੇ ਘਰ ਦਾ ਪਤਾ ਪੁੱਛ ਬੱਸ ਰਾਹੀਂ ਕੁੜਤਾ ਪਜਾਮਾ ਤੇ ਪੈਰੀ ਚੱਪਲਾਂ ਦਾ ਜੋੜਾ ਪਹਿਨ ਚਲਾ ਗਿਆ। ਘਰ ਜਾ ਕੇ ਪਤਾ ਲੱਗਾ ਕਿ ਉਹ ਘਰ ਨਹੀਂ ਸਨ। ਮੈਂ ਨਿਰਾਸ਼ ਹੋ ਘਰ ਵਾਪਿਸ ਪਰਤ ਆਇਆ।

ਇਨ੍ਹਾਂ 18-19 ਸਾਲਾਂ ਦੌਰਾਨ ਮੇਰੀ ਉਨ੍ਹਾਂ ਨਾਲ 20-21 ਵਾਰ ਮਿਲਣੀ ਹੋਈ। ਇੱਕ ਉਨ੍ਹਾਂ ਦੇ ਘਰ ਇੰਟਰਵਿਊ ਵੀ ਲੈਣ ਦਾ ਸਮਾਂ ਮਿਲਿਆ। ਉਨ੍ਹਾਂ ਦੀ ਚੜ੍ਹਾਈ ਕਰਨ ਤੋਂ ਪਹਿਲਾਂ ਕਪੂਰਥਲਾ ਦੇ ਸੰਗੋਜਲੇ ਪਿੰਡ ਉਹ ਕਿਸੇ ਦੇ ਵਿਆਹ ਸਮਾਗਮ ‘ਤੇ ਕੀਰਤਨ ਕਰਨ ਦੋ ਕੁ ਮਹੀਨਾ ਪਹਿਲਾਂ ਆਏ ਸਨ। ਪ੍ਰੋਫੈਸਰ ਔਜਲਾ ਜੀ ਨੇ ਉਸ ਸਮਾਗਮ ‘ਤੇ ਜਾਣਾ ਸੀ। ਮੈਂ ਵੀ ਉਨ੍ਹਾਂ ਦੇ ਜਾਣ ਨਾਲ ਉਸ ਸਮਾਗਮ ਦੇ ਵਿੱਚ ਕੀਰਤਨ ਸੁਨਣ ਬੜੇ ਚਾਓ ਨਾਲ ਸਭ ਤੋਂ ਅੱਗੇ ਵਾਲੀ ਕਤਾਰ ਵਿੱਚ ਇਉਂ ਬੈਠਾ ਜਿਵੇਂ ਇਹ ਸਮਾਗਮ ਭਾਈ ਸਾਹਿਬ ਦੇ ਕੀਰਤਨ ਕਰਨ ‘ਤੇ ਇੰਝ ਲੱਗਿਆ ਜਿਵੇਂ ਖੁਦ ਦੇ ਘਰ ਵਿੱਚ ਹੋ ਰਿਹਾ ਹੈ। ਭਾਵੇਂ ਮੈਨੂੰ ਪ੍ਰੋ.ਔਜਲਾ ‘ਤੇ ਭਾਈ ਸਾਹਿਬ ਤੋਂ ਬਿਨਾਂ ਇੱਕਾ-ਦੁੱਕਾ ਆਦਮੀ ਵਾਕਫ਼ ਸਨ। ਉਸ ਕੀਰਤਨ ਸਮਾਗਮ ਦੀ ਸਮਾਪਤੀ ‘ਤੇ ਮੈਂ ਖੁਦ ਉਨ੍ਹਾਂ ਅੱਗੇ ਪਈ ਕੀਰਤਨ ਭੇਟਾ ਲਿਫਾਫਾ ਲੱਭ ਉਨ੍ਹਾਂ ਨੂੰ ਇਕੱਠੇ ਕਰ ਉਨ੍ਹਾਂ ਦੇ ਨਵੇਂ ਤਬਲਾ ਨਿਵਾਜ਼ ਨੂੰ ਦਿੱਤੀ। ਫਿਰ ਅਰਦਾਸ ਉਪਰੰਤ ਮੈਂ ਤੇ ਤਬਲਾ ਨਿਵਾਜ਼ ਸਾਜ ਚੁੱਕ ਕੇ ਉਨ੍ਹਾਂ ਦੀ ਗੱਡੀ ਵਿੱਚ ਰੱਖ ਕੇ ਆਏ। ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀ ਭਾਈ ਦਰਸ਼ਨ ਸਿੰਘ ਲੰਗਰ ਵਾਲੇ ਪੰਡਾਲ ਵਿੱਚ ਉਨ੍ਹਾਂ ਪਾਸ ਜਾ ਕੇ ਫਤਿਹ ਦੀ ਸਾਂਝ ਪਾਈ ਤਾਂ ਹਰ ਵਾਰ ਵਾਂਗ ਖੜੇ ਹੋ ਫਤਿਹ ਬੁਲਾ ਆਪਣੀ ਬੁੱਕਲ ਵਿੱਚ ਜੱਫੀ ਪਾ ਪਿਆਰ ਦਿੱਤਾ।

ਅਸੀਂ ਲਗਭਗ ਅੱਧਾ ਘੰਟਾ ਉੱਥੇ ਬੈਠ ਕੇ ਗੱਲਾਂ ਕਰਦੇ ਤੇ ਸਨੈਕਸ ਖਾਂਦੇ ਰਹੇ। ਗੱਲਾਂ ਦੌਰਾਨ ਹਮੇਸ਼ਾ ਵਾਂਗ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਫਿਕਰਮੰਦੀ,ਗਾਇਕੀ ਦੇ ਸਿੱਖਣ,ਸਿਖਾਉਣ ਦੇ ਨਿਘਾਰ,ਰਾਜਨੀਤਿਕ ਲੋਕਾਂ ਦੀਆਂ ਮਨ-ਮਰਜੀਆਂ ਬਾਰੇ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਬਾਰੇ,ਉਨ੍ਹਾਂ ਦੇ ਉਸਤਾਦ ਗਜ਼ਲ ਗਾਇਕ ਗੁਲਾਮ ਅਲੀ ਜੀ,ਉਨ੍ਹਾਂ ਦੇ ਮਿੱਤਰ ਹੰਸ ਰਾਜ ਹੰਸ ਬਾਰੇ ਕਾਫੀ ਗੱਲਾਂ ਹੋਈਆਂ। ਮੈਂ ਆਪਣੇ ਫੋਨ ਤੋਂ ਉਸਤਾਦ ਬੀ.ਐੱਸ.ਨਾਰੰਗ ਜੀ ਨਾਲ ਉਨ੍ਹਾਂ ਦੀ ਗੱਲ ਕਰਵਾਈ ਤੇ ਫੋਨ ‘ਤੇ ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨਾਰੰਗ ਸਾਬ੍ਹ ਦੇ ਘਰ ਆ ਕੇ ਮਿਲਣ ਬਾਰੇ ਵਾਅਦਾ ਕੀਤਾ ਜੋ ਉਨ੍ਹਾਂ ਦੇ ਜਾਣ ਬਾਅਦ ਅਧੂਰਾ ਰਹਿ ਚੁੱਕਾ ਹੈ। ਫਿਰ ਗੱਲਾਂ ਦੇ ਸਫ਼ਰ ਵਿੱਚ ‘ਦ ਖਾਲਸ ਟੀਵੀ ਵਾਲੇ ਮੇਰੇ ਭੈਣ ਜੀ ਹਰਸ਼ਰਨ ਕੌਰ ਬਾਰੇ ਗੱਲ ਸ਼ੁਰੂ ਹੋ ਗਈ। ਗੱਲਾਂ ਦੌਰਾਨ ਮੈਂ ਫੋਨ ਲਾ ਹਰਸ਼ਰਨ ਭੈਣ ਜੀ ਜਿਨ੍ਹਾਂ ਨੂੰ ਮੈਂ ਸਨੇਹ ਨਾਲ ਦੀਦੀ ਸੱਦਦਾ ਹਾਂ,ਜੀ ਦੀ ਭਾਈ ਸਾਹਿਬ ਜੀ ਨਾਲ ਗੱਲ ਕਰਵਾਈ। ਗੱਲਾਂ-ਬਾਤਾਂ ਦੇ ਦੌਰ ਵਿੱਚ ਭਾਈ ਸਾਹਿਬ ਨੇ ਹਰਸ਼ਰਨ ਭੈਣ ਨੂੰ ਬਹੁਤ ਜਲਦੀ ਸਿੱਖ ਕੌਮ ਦੇ ਗੰਭੀਰ ਮਸਲਿਆਂ ਸੰਬੰਧੀ ਆਪਣੇ ਵਿਚਾਰ ਇੰਟਰਵਿਊ ਜ਼ਰੀਏ ਕੌਮ ਤੱਕ ਪਹੁੰਚਾਉਣ ਬਾਰੇ ਵਾਅਦਾ ਕੀਤਾ ਪਰ ਅਫਸੋਸ ਅੱਜ ਲੱਖਾਂ ਕਰੋੜਾਂ ਉਨ੍ਹਾਂ ਨੂੰ ਮੁਹੱਬਤ ਕਰਨ ਵਾਲੇ ਉਨ੍ਹਾਂ ਨਾਲ ਅਜਿਹੇ ਅਣਗਿਣਤ ਵਾਅਦਿਆਂ ਨੂੰ ਨਿਭਾਉਣ ਤੋਂ ਬੇਵੱਸ ਹੋ ਗਏ ਹਨ। ਗੁਰਮਤਿ ਸੰਗੀਤ ਨੂੰ ਅੱਜ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

ਅਰਦਾਸ ਕਰਦੇ ਹਾਂ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। “ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।।“