Punjab

ਗੁਰਦੁਆਰੇ, ਮੰਦਰ, ਮਸਜਿਦਾਂ ਬੰਦ, ਸ਼ਰਾਬ ਦੇ ਠੇਕੇ ਖੋਲੇ-ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼ਰਾਬ ਦੀ ਖੁੱਲ੍ਹੀ ਵਰਤੋਂ ਨਹੀਂ ਹੋਣੀ ਚਾਹੀਦੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਹੌਲ ਵਿੱਚ ਜਦੋਂ ਸਭ ਦੁਕਾਨਾਂ, ਸ਼ਾਪਿੰਗ ਮਾਲ, ਬਜ਼ਾਰ ਬੰਦ ਹਨ ਤਾਂ ਇਹ ਸ਼ਰਾਬ ਦੀਆਂ ਦੁਕਾਨਾਂ ਨੂੰ ਪਹਿਲ ਦੇ ਰਹੇ ਹਨ। ਜਦਕਿ ਇਸ ਵੇਲੇ ਮੰਦਿਰ, ਮਸਜਿਦ, ਗੁਰਦੁਆਰੇ ਬੰਦ ਕਰ ਰੱਖੇ ਹੋਏ ਹਨ। ਆਸਥਾ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਤੇ ਉਹ ਬੰਦ ਕੀਤੇ ਹੋਏ ਹਨ। ਸ਼ਰਾਬ ਜਿਸ ਕਾਰਨ ਘਰੇਲੂ ਹਿੰਸਾ ਵਿੱਚ ਵਾਧੇ ਦੀ ਸੰਭਾਵਨਾ ਹੈ,  ਇਹ ਬੜੀ ਮਾੜ੍ਹੀ ਗੱਲ ਹੈ। ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਖਿਆ ਕਿ ਜਿਹੜੇ ਸ਼ਰਧਾਲੂ ਡੇਰਿਆ ਵਿੱਚ ਬਣਾਏ ਇਕਾਂਤਵਾਸ ਕੇਂਦਰਾਂ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰੱਖਿਆ ਜਾਵੇ ਅਤੇ ਬਾਕੀ ਜਿਹੜੇ ਨਹੀਂ ਰਹਿਣਾ ਚਾਹੁੰਦੇ ਉਨ੍ਹਾਂ ਨੂੰ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਭੇਜ ਦਿੱਤਾ ਜਾਵੇ। ਨਾਂਦੇੜ ਤੋਂ ਆਏ ਸ਼ਰਧਾਲੂਆਂ ਨੂੰ ਕੋਰੋਨਾ ਪੀੜਤ ਦੇ ਨਾਂ ’ਤੇ ਬਦਨਾਮ ਕਰਨ ਦਾ ਉਨ੍ਹਾਂ ਨੇ ਸਖ਼ਤ ਨੋਟਿਸ ਲਿਆ ਅਤੇ ਆਖਿਆ ਕਿ ਅਜਿਹਾ ਕਹਿਣ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ। ਉਨ੍ਹਾਂ ਆਖਿਆ ਕਿ ਗਾਇਕ ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜ਼ਫ਼ਰਨਾਮੇ ਸਬੰਧੀ ਆਈ ਸ਼ਿਕਾਇਤ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।