(ਪੁਨੀਤ ਕੌਰ)- ਸਿੱਖ ਧਰਮ ਤੇ ਸਿੱਖ ਵਿਚਾਰਧਾਰਾ ਨੂੰ ਬਚਾਉਣ ਲਈ ਗੁਰੂ ਦੇ ਅਣਖੀ ਸਿੱਖ ਹਮੇਸ਼ਾ ਤੋਂ ਸੰਘਰਸ਼ਸ਼ੀਲ ਰਹੇ ਹਨ। ਸਿੱਖ ਇਤਿਹਾਸ ਦੇ ਅਨੇਕਾਂ ਸਾਕੇ, ਘੱਲੂਘਾਰੇ ਅਤੇ ਮੋਰਚੇ ਗੁਰਧਾਮਾਂ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ ਦੇ ਸੰਦਰਭ ਵਿਚ ਵੇਖੇ ਜਾ ਸਕਦੇ ਹਨ। ਸਿੱਖਾਂ ਵੱਲੋਂ ਸਮੇਂ-ਸਮੇਂ ’ਤੇ ਲਗਾਏ ਗਏ ‘ਮੋਰਚੇ’ ਸਪੱਸ਼ਟ ਕਰਦੇ ਹਨ ਕਿ ਜਦੋਂ ਵੀ ਸਿੱਖਾਂ ਦੀ ਅਣਖ ਨੂੰ ਦੁਸ਼ਮਣ ਵੱਲੋਂ ਵੰਗਾਰਿਆ ਗਿਆ ਤਾਂ ਸਿੱਖਾਂ ਨੇ ਮੋਰਚੇ ਲਗਾ ਕੇ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਜੈਤੋ ਦਾ ਮੋਰਚਾ ਗੁਰਦੁਆਰਾ ਗੰਗਸਰ ਸਾਹਿਬ ਵਿਚ ਅਰੰਭ ਕਰਵਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ‘ਖੰਡਿਤ’ ਹੋਣ ਕਾਰਨ ਸਿੱਖਾਂ ਅੰਦਰ ਫੈਲੇ ਰੋਸ ਵਜੋਂ ਲਾਇਆ ਗਿਆ ਸੀ, ਪਰ ਇਸ ਦਾ ਅਸਲ ਪਿਛੋਕੜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹੇ ਜਾਣਾ ਸੀ।

ਜੈਤੋ ਦਾ ਕਸਬਾ ਆਜ਼ਾਦੀ ਤੋਂ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਸੀ। ਅੰਗਰੇਜ਼ ਸਰਕਾਰ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਆਪਣੀ ਤਾਜਪੋਸ਼ੀ ਸਮੇਂ ਸਿੱਖ ਰੀਤੀ-ਰਿਵਾਜ ਅਪਨਾਉਣ ਕਰਕੇ ਬਾਗ਼ੀ ਸਮਝਣ ਲੱਗ ਪਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1921 ਦੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖ ਸੰਗਤ ਨੂੰ ਸਿਰ ’ਤੇ ਕਾਲੀਆਂ ਦਸਤਾਰਾਂ ਅਤੇ ਦੁਪੱਟੇ ਸਜਾ ਕੇ ਥਾਂ-ਥਾਂ ਦੀਵਾਨ ਕਰਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ ਗਈ ਸੀ। ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਇਸ ਅਪੀਲ ’ਤੇ ਅਮਲ ਕੀਤਾ ਸੀ। ਇਹਨਾਂ ਪ੍ਰਸਿੱਧ ਸਿੱਖ ਉਦੇਸ਼ਾਂ ਲਈ ਉਸਦੇ ਸਮਰਥਨ ਨੇ ਬ੍ਰਿਟਿਸ਼ ਨੂੰ ਭੜਕਾਇਆ ਸੀ।

ਮਹਾਰਾਜਾ ਰਿਪੁਦਮਨ ਸਿੰਘ

ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ। ਨਾਭਾ ਅਤੇ ਪਟਿਆਲਾ ਰਿਆਸਤ ਦੇ ਅਕਸਰ ਝਗੜੇ ਚੱਲਦੇ ਰਹਿੰਦੇ ਸਨ। ਅੰਗਰੇਜ਼ ਹਾਕਮਾਂ ਨੇ ਨਾਭਾ ਅਤੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ, ਜਿਸ ’ਤੇ ਚੱਲਦਿਆਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਖ਼ਿਲਾਫ਼ ਫੈਸਲਾ ਕਰਵਾ ਲਿਆ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਹ ਦਿੱਤਾ। ਇਸ ਮੁੱਦੇ ‘ਤੇ ਜਨਤਕ ਵਿਚਾਰ ਵਟਾਂਦਰੇ ‘ਤੇ ਰੋਕ ਲਗਾਉਣ ਵਾਲੀ ਨਾਭਾ ਸਰਕਾਰ ਦੇ ਆਰਡੀਨੈਂਸ ਨੂੰ ਸਿੱਖਾਂ ਨੇ ਖਾਰਜ ਕਰ ਦਿੱਤਾ, ਜਿਨ੍ਹਾਂ ਨੇ ਮਹਾਰਾਜਾ ਨੂੰ ਹਟਾਉਣ ਦੀ ਨਿਖੇਧੀ ਕਰਨ ਲਈ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਸਨ।

ਸਿੱਖ ਪੰਥ ਅੰਦਰ ਸਰਕਾਰ ਦੀ ਇਸ ਕਾਰਵਾਈ ਨਾਲ ਭਾਰੀ ਰੋਸ ਫੈਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 5 ਅਗਸਤ ਨੂੰ ਇਕੱਤਰਤਾ ਹੋਈ, ਜਿਸ ਵਿਚ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਵਸ’ ਮਨਾਉਣ ਦਾ ਫ਼ੈਸਲਾ ਹੋਇਆ। ਇਲਾਕੇ ਦੀ ਸੰਗਤ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ, ਜੈਤੋ ਵਿੱਚ 25, 26 ਅਤੇ 27 ਅਗਸਤ 1923 ਨੂੰ ਦੀਵਾਨ ਸਜਾ ਕੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ।

14 ਸਤੰਬਰ 1923 ਈ: ਨੂੰ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਆਰੰਭ ਕੀਤਾ ਗਿਆ। ਨਿਰਦੇਸ਼ਾਂ ‘ਤੇ ਕੰਮ ਕਰ ਰਹੀ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਗੈਰਕਾਨੂੰਨੀ ਸੰਸਥਾਵਾਂ ਕਰਾਰ ਦਿੱਤਾ ਹੈ।  ਦੇਸ਼ਧ੍ਰੋਹ ਦੇ ਦੋਸ਼ ਵਿਚ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਅਖੰਡ ਪਾਠ ਕਰ ਰਹੇ ਸਿੰਘ ਨੂੰ ਚੁੱਕ ਲਿਆ। ਇਸ ਤਰ੍ਹਾਂ ਅਖੰਡ ਪਾਠ ਸਾਹਿਬ ਦੇ ਖੰਡਤ ਹੋਣ ਨਾਲ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਗਈ। ਸਿੱਖ ਪੰਥ ਨੇ ਰਿਆਸਤੀ ਕਰਮਚਾਰੀਆਂ ਵੱਲੋਂ ਕੀਤੀ ਗਈ ਇਸ ਹਰਕਤ ਨੂੰ ਇਕ ਬੱਜ਼ਰ ਅਪਰਾਧ ਕਰਾਰ ਦਿੱਤਾ। ਇਸ ਹਰਕਤ ਦੇ ਰੋਸ ਵਜੋਂ ਅਤੇ ਗੁਰਦੁਆਰੇ ਵਿੱਚ ਅਖੰਡ ਪਾਠ ਆਰੰਭ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਜ਼ਾਨਾ 25-25 ਸਿੰਘਾਂ ਦਾ ਜਥਾ ਜੈਤੋ ਭੇਜਣ ਦਾ ਫੈਸਲਾ ਕੀਤਾ।

ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੇ ਤੁਰਨ ਤੋਂ ਪਹਿਲਾਂ ਹੀ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਹੋਇਆ ਸੀ। ਜਥਾ ਵੱਖ-ਵੱਖ ਥਾਈਂ ਪੜਾਅ ਕਰਦਾ ਹੋਇਆ ਜੈਤੋ ਪਹੁੰਚਿਆ,ਪਰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤਰ੍ਹਾਂ 25-25 ਸਿੰਘਾਂ ਦੇ ਜਥੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਵਾਨਾ ਹੁੰਦੇ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ। ਉਨ੍ਹਾਂ ਨੂੰ ਪੁਲਿਸ ਵੱਲੋਂ ਕੁੱਟਿਆ ਜਾਂਦਾ ਤੇ ਫਿਰ ਉਨ੍ਹਾਂ ਨੂੰ ਖਾਣ-ਪੀਣ ਤੋਂ ਬਿਨਾਂ ਦੂਰ ਦੇ ਉਜਾੜ ਵਿਚ ਛੱਡ ਦਿੱਤਾ ਜਾਂਦਾ।

ਸਰਕਾਰ ਨੇ 13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਅਤੇ ਮੁਖੀ ਸਿੱਖਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। 13-14 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਵਿੱਚ ਫੈਲ ਗਈ। ਇਸ ਕਾਰਵਾਈ ਨਾਲ ਅੰਗਰੇਜ਼ ਸਰਕਾਰ ਵਿਰੁੱਧ ਰੋਸ ਹੋਰ ਤਿੱਖਾ ਹੋਇਆ। ਇਸ ਤੋਂ ਬਾਅਦ 500-500 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ।

9 ਫਰਵਰੀ 1924 ਨੂੰ ਬਸੰਤ ਪੰਚਮੀ ਵਾਲੇ ਦਿਨ ਪੰਜ ਸੌ ਨਿਰਮਲੇ ਸਿੰਘਾਂ ਦਾ ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਮੋਰਚੇ  ਦੇ ਲਈ ਤੁਰਿਆ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦਾ ਹੋਇਆ ਇਹ ਜਥਾ 20 ਫਰਵਰੀ 1924 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ। 21 ਫਰਵਰੀ ਨੂੰ ਜਥਾ ਇਥੋਂ ਜੈਤੋ ਵੱਲ ਰਵਾਨਾ ਹੋਇਆ। ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸੀ, ਜਿਸ ਵਿੱਚ ਨੌਜਵਾਨ, ਬਜ਼ੁਰਗ, ਬੀਬੀਆਂ ਅਤੇ ਬੱਚੇ ਸ਼ਾਮਲ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ’ਤੇ ਜਥੇ ਨੂੰ ਰੋਕ ਲਿਆ ਗਿਆ। ਗੁਰਦੁਆਰਾ ਗੰਗਸਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ। ਇਵੇਂ ਲੱਗ ਰਿਹਾ ਸੀ ਜਿਵੇਂ ਜੰਗੀ ਤਿਆਰੀ ਕੀਤੀ ਹੋਵੇ। ਜਥਾ ਜਦ ਟਿੱਬੀ ਸਾਹਿਬ ਵੱਲ ਵਧ ਰਿਹਾ ਸੀ ਤਾਂ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਤਿੰਨਾਂ ਪਾਸਿਓਂ ਸੰਗਤ ’ਤੇ ਗੋਲੀ ਚਲਾਈ ਗਈ। ਜਥਾ ਗੋਲੀਆਂ ਦੇ ਮੀਂਹ ਵਿਚ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਗਿਆ। ਜਥੇ ਦੇ ਸੈਂਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿਚ ਸ਼ਹੀਦ ਅਤੇ ਜ਼ਖਮੀ ਹੋ ਚੁੱਕੀ ਸੀ। ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧਣ ਲੱਗੇ, ਪਰ ਘੋੜ-ਸਵਾਰ ਫ਼ੌਜੀ ਦਸਤਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਬਚੀ ਹੋਈ ਸੰਗਤ ਅਤੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜੈਤੋ ਵਿਚ ਵਾਪਰੇ ਇਸ ਦੁਖਦਾਈ ਘਟਨਾ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜੈਤੋ ਦੇ ਮੋਰਚੇ ਦੌਰਾਨ ਵਾਪਰੀ ਇਸ ਭਿਆਨਕ ਘਟਨਾ ਨੇ ਸਿੱਖਾਂ ਦੇ ਮਨਾਂ ਵਿਚ ਜੋਸ਼ ਹੋਰ ਪ੍ਰਚੰਡ ਕਰ ਦਿੱਤਾ। ਇਸ ਤੋਂ ਬਾਅਦ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 500-500 ਸਿੰਘਾਂ ਦੇ ਜਥੇ ਜਾਂਦੇ ਰਹੇ। ਜਥੇ ਭੇਜਣ ਦਾ ਸਿਲਸਲਾ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤਕ ਅੰਗਰੇਜ਼ ਸਰਕਾਰ ਨੇ ਸਿੰਘਾਂ ਨੂੰ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਾ ਦੇ ਦਿੱਤੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਬਿੱਲ ਪੇਸ਼ ਕੀਤਾ ਜੋ ਕਿ 7 ਜੁਲਾਈ 1925 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ। ਬਿੱਲ ਪਾਸ ਹੋਣ ਤੋਂ ਬਾਅਦ, ਪੰਜਾਬ ਦੇ ਰਾਜਪਾਲ, ਸਰ ਮੈਲਕਮ ਹੈਲੀ ਨੇ ਐਲਾਨ ਕੀਤਾ ਕਿ ਨਾਭਾ ਦਾ ਪ੍ਰਬੰਧਕ ਸ਼ਰਧਾਲੂਆਂ ਦੇ ਸਮੂਹ ਨੂੰ ਅੱਗੇ ਜਾਣ ਦੀ ਆਗਿਆ ਦੇਵੇਗਾ। ਅੰਤ 21 ਜੁਲਾਈ 1925 ਈ: ਨੂੰ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਇਸ ਤਰ੍ਹਾਂ ਸਰਕਾਰ ਨੂੰ ਸਿੰਘਾਂ ਦੇ ਜਜ਼ਬੇ ਅਗੇ ਝੁਕਣਾ ਪਿਆ ਅਤੇ ਖਾਲਸੇ ਦੀ ਜਿੱਤ ਹੋਈ।

ਇਹ ਐਲਾਨ ਪਾਬੰਦੀਆਂ ਦੇ ਸਮੇਂ ਗ੍ਰਿਫਤਾਰ ਕੀਤੇ ਬਹੁਤੇ ਸਿੱਖ ਕੈਦੀਆਂ ਦੀ ਰਿਹਾਈ ਤੋਂ ਬਾਅਦ ਹੋਇਆ ਸੀ ਅਤੇ ਸਿੱਖਾਂ ਨੇ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਸੀ ਜੋ 6 ਅਗਸਤ 1925 ਨੂੰ ਸਮਾਪਤ ਹੋਈ ਸੀ।