‘ਦ ਖ਼ਾਲਸ ਬਿਊਰੋ :- ਪੰਜਾਬ ਅੰਦਰ ਚੱਲ ਰਹੀ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦਾ ਅੱਜ ਅਖੀਰਲਾ ਦਿਨ ਹੈ। ਜਿਸ ਤੋਂ ਬਾਅਦ ਉਹ ਹਰਿਆਣਾ ਵੱਲ੍ਹ ਕੂਚ ਕਰਨਗੇ। ਪਰ ਇਸ ਤੋਂ ਪਹਿਲਾਂ ਰਾਹੁਲ ਨੇ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਖੇ ਇੱਕ ਸਪੈਸ਼ਲ ਪ੍ਰੈੱਸ ਕਾਨਫਰੰਸ ਰੱਖੀ ਸੀ। ਜਿਸ ‘ਚ ਉਨ੍ਹਾਂ ਬੜੀ ਬੇਬਾਕੀ ਨਾਲ ਮੀਡੀਆ ਦੇ ਹਰ ਤਿੱਖੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਾਂਗਰਸ ਦਾ ਹੱਲਾ ਬੋਲ ਜਾਰੀ ਰੱਖਣ ਬਾਰੇ ਦੱਸਿਆ ਅਤੇ ਰਾਹੁਲ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਖਿਲਾਫ ਅਸੀਂ ਪੰਜਾਬ ਵਿੱਚ ਅੱਜ ਤੀਜੇ ਦਿਨ ਟਰੈਕਟਰ ਰੈਲੀ ਕਰ ਰਹੇ ਹਾਂ, ਅਤੇ ਇਸ ਤੋਂ ਬਾਅਦ ਅਸੀ ਅੱਜ ਹਰਿਆਣਾ ਵਿੱਚ ਦਾਖਲ ਹੋਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਯਾਤਰਾ ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ। ਮੌਜੂਦਾ ਸਿਸਟਮ ਨੂੰ ਖ਼ਤਮ ਕਰਨ ਦਾ ਇਹੀ ਤਰੀਕਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ, ਫਿਰ GST ਤੇ ਹੁਣ ਇਸ ਕਾਨੂੰਨ ਨੂੰ ਲਿਆਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਕਰਕੇ ਗਰੀਬ ਲੋਕਾਂ ‘ਤੇ ਹਮਲਾ ਹੋਇਆ, ਫੇਰ
GST ਲਿਆ ਕੇ ਕਾਰੋਬਾਰੀਆਂ ‘ਤੇ ਹਮਲਾ ਕੀਤਾ ਤੇ ਫਿਰ ਅਚਾਨਕ ਲਾਕਡਾਊਨ ਕਰ ਦਿੱਤਾ, ਜਿਸ ਕਰਕੇ ਗਰੀਬਾਂ ਦੀ ਸੜਕ ‘ਤੇ ਮੌਤ ਹੋ ਗਈ।
ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਨਹੀਂ ਸਮਝਦੇ। ਰਾਹੁਲ ਨੇ ਕਿਹਾ ਕਿ 6 ਮਹੀਨਿਆਂ ਬਾਅਦ ਦੇਸ਼ ਵਿੱਚ ਨਾ ਤਾਂ ਕੋਈ ਰੁਜ਼ਗਾਰ ਮਿਲੇਗਾ ਤੇ ਨਾ ਹੀ ਖਾਣਾ, ਕਿਉਂਕਿ ਸਿਸਟਮ ਨੂੰ ਤੋੜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨਾਲ ਸਭ ਕੁੱਝ ਤੋੜ ਦਿੱਤਾ। ਅੱਜ ਇੱਥੇ ਬਹੁਤ ਘੱਟ ਮੰਡੀਆਂ ਹਨ, ਕੁੱਝ ਥਾਂਵਾਂ ‘ਤੇ ਭ੍ਰਿਸ਼ਟਾਚਾਰ ਹੈ ਪਰ ਜੇ ਕਿਲ੍ਹਾ ਟੁੱਟ ਗਿਆ ਤਾਂ ਕਿਸਾਨ ਨਹੀਂ ਬਚ ਸਕੇਗਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ ਅੰਬਾਨੀ ਤੇ ਅਡਾਨੀ ਲਈ ਰਸਤਾ ਸਾਫ ਕਰ ਰਹੇ ਹਨ। ਰਾਹੁਲ ਨੇ ਕਿਹਾ ਜੇ ਇਨ੍ਹਾਂ ਕਾਨੂੰਨਾਂ ਦਾ ਲਾਭ ਹੁੰਦਾ ਤਾਂ ਮੋਦੀ ਸਰਕਾਰ ਨੇ ਸੰਸਦ ਵਿੱਚ ਬਹਿਸ ਕਿਉਂ ਕੀਤੀ, ਜੇ ਕੋਈ ਲਾਭ ਹੁੰਦਾ ਹੈ ਤਾਂ ਇਹ ਕਾਨੂੰਨ ਕੋਰੋਨਾ ਦੇ ਸਮੇਂ ਕਿਉਂ ਪਾਸ ਹੋਏ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਉਨ੍ਹਾਂ ਵਿੱਚ ਕੰਮ ਕਰਨ ਵਾਲਿਆਂ ਦਾ ਕੀ ਬਣੇਗਾ।