The Khalas Tv Blog Punjab ਖੇਤੀ ਆਰਡੀਨੈਂਸ ਮਾਮਲਾ : ਪੰਜਾਬ ‘ਚ ਕਿਸਾਨਾਂ ਨੇ ਕੀਤਾ ਅੱਜ ਚੱਕਾ ਜਾਮ
Punjab

ਖੇਤੀ ਆਰਡੀਨੈਂਸ ਮਾਮਲਾ : ਪੰਜਾਬ ‘ਚ ਕਿਸਾਨਾਂ ਨੇ ਕੀਤਾ ਅੱਜ ਚੱਕਾ ਜਾਮ

‘ਦ ਖ਼ਾਲਸ ਬਿਊਰੋ:- ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖੇਤੀ ਬਿੱਲਾਂ ਦੇ ਵਿਰੋਧ ‘ਚ ਜਿੱਥੇ ਪੰਜਾਬ ਦੇ ਲੋਕ, ਸਿਆਸੀ ਆਗੂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ।

ਇਸ ਤੋਂ ਇਲਾਵਾ ਵਪਾਰੀਆਂ, ਆੜਤੀਆਂ ਅਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ ਹੈ। ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ‘ਚ ਬਾਜ਼ਾਰ ਤੇ ਦੁਕਾਨਾਂ ਬੰਦ ਹਨ ਤੇ ਦੁਕਾਨਦਾਰ ਕਿਸਾਨਾਂ ਦਾ ਸਾਥ ਦੇ ਰਹੇ ਹਨ।

ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਬੰਦ ਮੌਕੇ ਕਿਸਾਨਾਂ ਨੂੰ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਅਤੇ ਕੋਵਿਡ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ ਭਾਵੇਂ ਬਿੱਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਧਾਰਾ 144 ਦੀ ਉਲੰਘਣਾ ਲਈ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਜਾਵੇਗੀ ਪਰ ਬੰਦ ਦੌਰਾਨ ਅਮਨ-ਕਾਨੂੰਨ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਸੂਬਾ ਪਹਿਲਾਂ ਹੀ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਵਧਾਨੀ ਵਰਤਣ ਦੇ ਨੇਮਾਂ ਦੀ ਕੋਈ ਵੀ ਉਲੰਘਣਾ ਸਥਿਤੀ ਨੂੰ ਬੇਕਾਬੂ ਕਰ ਸਕਦੀ ਹੈ।

ਪੰਜਾਬੀ ਗਾਇਕਾਂ ਦੀ ਕਿਸਾਨਾਂ ਨੂੰ ਹਿਮਾਇਤ –

ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿੱਢੀ ਲੜਾਈ ‘ਚ ਜਿੱਥੇ ਪੰਜਾਬ ਦੇ ਲੋਕ, ਸਿਆਸੀ ਆਗੂ ਕਿਸਾਨਾਂ ਦੇ ਹੱਕਾਂ ਲਈ ਅੱਗੇ ਆ ਰਹੇ ਹਨ, ਉੱਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਕਿਸਾਨਾਂ ਨੂੰ ‘ਪੰਜਾਬ ਬੰਦ’ ਦਾ ਸਮਰਥਨ ਦੇ ਰਹੇ ਹਨ।  ਅੱਜ ਸਭ ਕਲਾਕਾਰ ਆਪਣੇ ਵੱਖ-ਵੱਖ ਹਲਕਿਆਂ ‘ਚ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ।  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਆਰ ਨੇਤ ਸਮੇਤ ਕਈ ਗਾਇਕ ਮਾਨਸਾ ‘ਚ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

Exit mobile version