‘ਦ ਖ਼ਾਲਸ ਬਿਊਰੋ ( ਸ਼੍ਰੀ ਮੁਕਤਸਰ ਸਾਹਿਬ ) :- ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਅੱਜ 18 ਸਤਬੰਰ ਸਵੇਰੇ ਪਿੰਡ ਬਾਦਲ ਧਰਨਾ ਪ੍ਰਦਰਸ਼ਨ ਕਰਦਿਆਂ ਇੱਕ ਕਿਸਾਨ ਨੇ ਸਲਫਾਸ ਖਾ ਲਈ। ਉਸ ਨੂੰ ਪਿੰਡ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਕਿਸਾਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮਾਨਸਾ ਦੇ ਪਿੰਡ ਅੱਕਾਂਵਾਲੀ ਦੇ ਪ੍ਰੀਤਮ ਸਿੰਘ ( 55 ਸਾਲਾ ) ਪੁੱਤਰ ਬਚਨ ਸਿੰਘ ਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ, ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲਾ ਇਲਾਜ ਦਿੱਤਾ ਤੇ ਉਲਟੀਆਂ ਵਗੈਰਾ ਕਰਵਾਈਆਂ ਗਈ। ਹਾਲਤ ’ਚ ਸੁਧਾਰ ਨਾ ਹੋਣ ’ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ’ਚ ਪੰਜਾਬ ਦੇ ਪੰਜ-ਛੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ ਛੇ ਰੋਜ਼ਾ ਮੋਰਚੇ ’ਤੇ ਡਟੇ ਹੋਏ ਹਨ।