India Punjab

ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਲਾ-ਮਹੱਲਾ ਦੇ ਰੰਗ

ਚੰਡੀਗੜ੍ਹ-(ਕਮਲਪ੍ਰੀਤ ਕੌਰ)- ਖ਼ਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਵਿੱਤਰ ਤਿਉਹਾਰ ਹੋਲਾ-ਮਹੱਲੇ ਨੂੰ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸਿੱਖ ਸੰਗਤ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਸਹੂਲਤ ਲਈ ਥਾਂ-ਥਾ ਲੰਗਰ ਲਗਾਏ ਗਏ ਹਨ। ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਹਰ ਪੱਖੋਂ ਪੱਕੇ ਪ੍ਰਬੰਧ ਕੀਤੇ ਗਏ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਈ ਅਣਸੁਖਾਵੀ ਘਟਨਾ ਨਾਂ ਵਾਪਰੇ।

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੀ ਅਰੰਭਤਾ 8 ਮਾਰਚ ਨੂੰ ਹੋਈ ਸੀ ਜਿਸ ਦੇ ਅੱਜ 10 ਮਾਰਚ ਨੂੰ ਭੋਗ ਪਾਏ ਜਾਣਗੇ। ਇਸ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਵੀ ਕੱਢਿਆ ਜਾਵੇਗਾ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ‘ਚ ਪੰਜ ਪਿਆਰੇ, ਪੰਜ ਨਿਸ਼ਾਨਚੀ ਸਿੰਘ,ਤਖ਼ਤ ਸਾਹਿਬ ਦੇ ਜਥੇਦਾਰ, ਪੰਥ ਦੀਆਂ ਵੱਡੀਆਂ ਸਖਸ਼ੀਅਤਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ਼ਾਮਲ ਹੋਵੇਗੀ। ਇਸ ਮੌਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਆਪਣੀ ਸ਼ਸ਼ਤਰ ਕਲਾ ਅਤੇ ਘੋੜਸਵਾਰੀ ਦੇ ਜੋਹਰ ਵਿਖਾਉਣਗੀਆਂ।

ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸਿੱਖ ਸੰਗਤ ਵਿੱਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੂਰ-ਦੂਰ ਤੋਂ ਸਿੱਖ ਸੰਗਤ ਇਸ ਮਹਾਨ ਅਸਥਾਨ ਦੇ ਦਰਸ਼ਨ ਦੀਦਾਰ ਕਰਨ ਪਹੁੰਚੀ ਹੋਈ ਹੈ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਸਾਰੇ ਗੁਰਧਾਮਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੋਲੇ-ਮਹੱਲੇ ਦੀਆਂ ਸਿੱਖ ਕੌਮ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਇਸ ਤਿਉਹਰ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਪਨਾ ਕੀਤੀ ਹੈਤਾਂ ਜੋ ਉਹ ਸਿੱਖਾਂ ਦੀ ਮਾਰਸ਼ਲ ਕੁਸ਼ਲਤਾ ਨੂੰ ਪ੍ਰਦਰਸ਼ਿਤ ਕਰ ਸਕਣ।