‘ਦ ਖਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਨਾਲ ਪੰਜਾਬ ਵਿੱਚ ਮਰਨ ਵਾਲਿਆਂ ਦੇ ਅੰਤਿਮ ਸੰਸਕਾਰ ਲਈ ਵੱਖਰੇ ਅੰਗੀਠੇ ਤਿਆਰ ਹੋਣ ਲੱਗ ਪਏ ਹਨ ਤਾਂ ਜੋ ਕੋਰੋਨਾ ਪੀੜਤ ਮੋਇਆਂ ਦੀ ਮਿੱਟੀ ਨਾ ਰੁਲੇ। ਮਿਲੇ ਵੇਰਵਿਆਂ ਅਨੁਸਾਰ ਹੁਸ਼ਿਆਰਪੁਰ ਦੇ ਮੁੱਖ ਸ਼ਮਸ਼ਾਨਘਾਟ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਲਈ ਵੱਖਰੇ ਚਾਰ ਨਵੇਂ ਅੰਗੀਠੇ ਤਿਆਰ ਕੀਤੇ ਗਏ ਹਨ। ਇੱਥੋਂ ਦੇ ਪ੍ਰਬੰਧਕ ਮਾਸਟਰ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦੀ ਬੇਅਦਬੀ ਹੋਈ ਤਾਂ ਉਦੋਂ ਮਨ ਨੂੰ ਠੇਸ ਲੱਗੀ। ਉਸ ਮਗਰੋਂ ਇਹ ਫੈਸਲਾ ਲਿਆ ਗਿਆ ਕਿ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਲਈ ਵੱਖਰੇ ਪ੍ਰਬੰਧ ਕੀਤੇ ਜਾਣ। ਉਹ 24 ਘੰਟੇ ਇੱਥੇ ਹਾਜ਼ਰ ਰਹਿਣਗੇ ਅਤੇ ਜੇਕਰ ਕੋਈ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਉਹ ਮ੍ਰਿਤਕਾਂ ਦੇ ਸੰਸਕਾਰ ਇਨ੍ਹਾਂ ਨਵੇਂ ਅੰਗੀਠਿਆਂ ’ਤੇ ਕਰਵਾਉਣਗੇ।

ਮੋਗਾ ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ਵਿੱਚ ਸੰਸਕਾਰ ਵਾਸਤੇ 13 ਅੰਗੀਠੇ ਹਨ। ਇਸ ਤੋਂ ਇਲਾਵਾ ਦੋ ਗੈਸ ਆਧਾਰਤ ਅੰਗੀਠੇ ਹਨ ਜੋ ਸ਼ੁਰੂ ਤੋਂ ਬੰਦ ਪਏ ਸਨ। ਪ੍ਰਬੰਧਕ ਤ੍ਰਿਲੋਕੀ ਨਾਥ ਗਰੋਵਰ ਨੇ ਦੱਸਿਆ ਕਿ ਪੰਜ ਦਿਨਾਂ ਤੋਂ ਗੈਸ ਆਧਾਰਤ ਚੁੱਲ੍ਹਿਆਂ ਨੂੰ ਮੁੜ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਫਿਲਹਾਲ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਸੰਸਕਾਰ ਲਈ ਰਾਖਵਾਂ ਰੱਖ ਲਿਆ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲੇ ਇੱਕ ਵਿਅਕਤੀ ਦਾ ਸੰਸਕਾਰ ਹੋਇਆ ਹੈ। ਇੱਥੋਂ ਦੇ ਨਰਿੰਦਰ ਪਾਂਡੇ ਨੇ ਦੱਸਿਆ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੇ ਸੰਸਕਾਰ ਲਈ ਇਲੈਕਟ੍ਰਿਕ ਅੰਗੀਠਾ ਰੱਖਿਆ ਗਿਆ ਹੈ ਕਿਉਂਕਿ ਲੱਕੜ ਦੇ ਅੰਗੀਠੇ ’ਤੇ ਇਹਤਿਆਤ ਰੱਖਣ ਵਿੱਚ ਜ਼ਿਆਦਾ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।

 

ਨਵਾਂ ਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਤਿੰਨ ਅੰਗੀਠੇ ਹਨ। ਪ੍ਰਬੰਧਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜੇਕਰ ਕਦੇ ਏਦਾਂ ਦੀ ਨੌਬਤ ਬਣਦੀ ਹੈ ਤਾਂ ਉਹ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਸੰਸਕਾਰ ਲਈ ਇੱਕ ਅੰਗੀਠਾ ਰਾਖਵਾਂ ਕਰਨਗੇ। ਫਗਵਾੜਾ ਸ਼ਹਿਰ ਦੇ ਸ਼ਮਸ਼ਾਨਘਾਟ ਦੇ ਪ੍ਰਬੰਧਕ ਸ਼ਾਮ ਲਾਲ ਨੇ ਵੀ ਇਹੋ ਗੱਲ ਆਖੀ ਹੈ। ਮਾਨਸਾ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ 11 ਅੰਗੀਠੇ ਹਨ। ਦੱਸਦੇ ਹਨ ਕਿ ਹੁਣ ਸ਼ਮਸ਼ਾਨਘਾਟ ਵਿੱਚ ਪੰਜ-ਛੇ ਹੋਰ ਅੰਗੀਠੇ ਬਣਾਏ ਜਾ ਰਹੇ ਹਨ। ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਕੱਲੇ ਕਰੋਨਾ ਪੀੜਤ ਮ੍ਰਿਤਕ ਹੀ ਨਹੀਂ ਬਲਕਿ ਕੋਈ ਵੀ ਲੋੜ ਪੈਣ ’ਤੇ ਇੱਥੇ ਸਸਕਾਰ ਕਰ ਸਕੇਗਾ।

ਫਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਦੱਸਿਆ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਦੋ ਸ਼ਮਸ਼ਾਨਘਾਟਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਰੈੱਡ ਕਰਾਸ ਨੂੰ ਇਸ ਬਾਰੇ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ। ਫਿਰੋਜ਼ਪੁਰ ਸ਼ਹਿਰ ਨੇੜਲੇ ਪਟੇਲ ਨਗਰ ਦੇ ਸਰਪੰਚ ਮਨਵਿੰਦਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਜੇਕਰ ਕੋਰੋਨਾ ਨਾਲ ਮਰਨ ਵਾਲੇ ਕਿਸੇ ਵਿਅਕਤੀ ਦੇ ਸੰਸਕਾਰ ਦੀ ਕਿਧਰੇ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸੰਸਕਾਰ ਲਈ ਆਪਣੀ ਜ਼ਮੀਨ ਦੇਣਗੇ।