‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰਾਜਸਥਾਨ ਦੇ ਸੀਕਰ ਵਿੱਚ ਕੋਰੋਨਾ ਨਾਲ ਮਰੇ ਇਕ ਵਿਅਕਤੀ ਦੀ ਲਾਸ਼ ਬਿਨਾਂ ਕੋਈ ਸਾਵਧਾਨੀ ਵਰਤ ਕੇ ਦਫਨਾਉਣਾ 21 ਲੋਕਾਂ ਨੂੰ ਮਹਿੰਗਾ ਪੈ ਗਿਆ। ਮ੍ਰਿਤਕ ਦੇ ਅੰਤਿਮ ਸਸਕਾਰ ਮੌਕੇ ਇਕੱਠੇ ਹੋਏ 150 ਲੋਕਾਂ ਵਿੱਚੋਂ 21 ਦੀ ਮੌਤ ਹੋ ਗਈ ਹੈ। ਹਾਲਾਂਕਿ ਅਧਿਕਾਰੀ ਕਹਿੰਦੇ ਹਨ ਕਿ 15 ਅਪ੍ਰੈਲ ਤੋਂ 5 ਮਈ ਦੇ ਦਰਮਿਆਨ ਸਿਰਫ ਚਾਰ ਮੌਤਾਂ ਹੋਈਆਂ ਹਨ। ਅਧਿਕਾਰੀਆਂ ਦੇ ਅਨੁਸਾਰ ਕੋਰੋਨਾ ਪੀੜਤ ਵਿਅਕਤੀ ਦੀ ਲਾਸ਼ 21 ਅਪ੍ਰੈਲ ਨੂੰ ਖੀਰਵਾ ਪਿੰਡ ਲਿਆਂਦੀ ਗਈ ਸੀ ਤੇ ਕਰੀਬ 150 ਬੰਦੇ ਉਸਦੇ ਸਸਕਾਰ ਵਿਚ ਸ਼ਾਮਿਲ ਹੋਏ ਸਨ। ਇਸ ਵਿਅਕਤੀ ਨੂੰ ਕੋਰੋਨਾ ਤੋਂ ਬਚਾਅ ਦੇ ਪ੍ਰੋਟੋਕਾਲ ਵਰਤੇ ਬਗੈਰ ਹੀ ਦਫਨਾ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਥੈਲੀ ਤੋਂ ਬਾਹਰ ਕੱਢ ਕੇ ਕਈ ਲੋਕਾਂ ਨੇ ਉਸਨੂੰ ਛੂਹਿਆ ਸੀ।
ਉੱਧਰ, ਲਸ਼ਮਣ ਗੜ੍ਹ ਦੇ ਐੱਸਡੀਓ ਕੁਲਰਾਜ ਮੀਣਾ ਵਲੋਂ ਪੀਟੀਆਈ ਨੂੰ ਦਿੱਤੀ ਜਾਣਕਾਰੀ ਅਨੁਸਾਰ 21 ਮੌਤਾਂ ਵਿੱਚੋਂ ਕੋਰੋਨਾ ਦੀ ਵਜ੍ਹਾ ਨਾਲ ਕੇਵਲ 3 ਜਾਂ 4 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਜਿਆਦਾਤਰ ਬਜੁਰਗ ਸਨ। ਪਰਿਵਾਰ ਦੇ 147 ਲੋਕਾਂ ਦੇ ਸੈਂਪਲ ਲਏ ਗਏ ਹਨ। ਜਾਂਚ ਚੱਲ ਰਹੀ ਹੈ।
ਦੱਸ ਦਈਏ ਕਿ ਖੀਰਵਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਵਿਧਾਨ ਸਭਾ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਇਸ ਲਾਗ ਤੋਂ ਮਰੇ ਵਿਅਕਤੀ ਦੀ ਲਾਸ਼ ਨੂੰ ਦਫਨਾਉਣ ਤੋਂ ਬਾਅਦ ਹੋਈਆਂ ਮੌਤਾਂ ਦੀ ਜਾਣਕਾਰੀ ਪਹਿਲਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਪਰ ਬਾਅਦ ਵਿੱਚ ਇਸਨੂੰ ਹਟਾ ਦਿੱਤਾ ਗਿਆ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ, ਡੂੰਘੇ ਦੁੱਖ ਨਾਲ ਇਹ ਸਾਂਝਾ ਕਰਨਾ ਪੈ ਰਿਹਾ ਹੈ ਕਿ 20 ਤੋਂ ਵਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈ ਇਸ ਲਾਗ ਤੋਂ ਪੀੜਿਤ ਹਨ।
Photograph by Adnan Abidi / Reuters