ਚੰਡੀਗੜ੍ਹ ਬਿਊਰੋ:- ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਸਬੰਧੀ ਵੱਡਾ ਐਲਾਨ ਕੀਤਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀਆਂ ਜੇਲ੍ਹਾਂ ‘ਚੋਂ ਛੋਟੇ ਮਾਮਲਿਆਂ ਦੇ 5800 ਕੈਦੀਆਂ ਨੂੰ ਸ਼ਰਤਾਂ ‘ਤੇ ਜੇਲ੍ਹਾਂ ‘ਚੋਂ ਰਿਹਾਅ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਜਿਸਤੋਂ ਬਾਅਦ ਪੁਲਿਸ ਵਿਭਾਗ ਲਈ ਇਹ ਵੱਡੀ ਚੁਣੌਤੀ ਜ਼ਰੂਰ ਬਣ ਜਾਵੇਗਾ। ਮੰਤਰੀ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਦੀਆਂ ਸਾਰੀਆਂ 24 ਜੇਲ੍ਹਾਂ ‘ਚ 24000 ਕੈਦੀ ਬੰਦ ਹਨ ਜਿਨਾਂ ਵਿੱਚੋਂ ਛੋਟੇ ਮਾਮਲਿਆਂ ਦੇ 5800 ਕੈਦੀਆਂ ਨੂੰ ਅਸੀਂ ਸ਼ਰਤਾਂ ‘ਤੇ ਰਿਹਾਅ ਕਰ ਸਕਦੇ ਹਾਂ ਤਾਂਕਿ ਮਹਾਂਮਾਰੀ ਫੈਲਣ ਤੋਂ ਬਚਾਅ ਹੋ ਸਕੇ।

ਮੰਤਰੀ ਰੰਧਾਵਾ ਨੇ ਮੰਨਿਆ ਕਿ ਇਸ ਫੈਸਲੇ ਨਾਲ ਲਾਅ ਐਂਡ ਆਰਡਰ ਨੂੰ ਖਤਰਾ ਤਾਂ ਜ਼ਰੂਰ ਹੈ ਪਰ ਇਹ ਪੰਜਾਬ ਪੁਲਿਸ ਵਿਭਾਗ ਦੀ ਚੁਣੌਤੀ ਹੋਵੇਗੀ ਕਿ ਅਜਿਹੇ ਹਾਲਾਤਾਂ ਨਾਲ ਨਜਿੱਠਣਾ ਕਿਵੇਂ ਹੈ। ਪੰਜਾਬ ਪੁਲਿਸ ਦੀ ਤਿਆਰੀ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਇਨਾਂ 5800 ਕੈਦੀਆਂ ਨੂੰ ਰਿਹਾਅ ਕਦੋਂ ਕੀਤਾ ਜਾਵੇਗਾ।

ਪੰਜਾਬ ਦੀਆਂ ਵੱਡੀਆਂ ਜੇਲ੍ਹਾਂ ਅੰਮ੍ਰਤਿਸਰ, ਪਟਿਆਲਾ, ਲੁਧਿਆਣਾ ਤੇ ਬਠਿੰਡਾ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਇਨਾਂ ਜੇਲ੍ਹਾਂ ਵਿੱਚੋਂ ਹੀ ਥੋੜੀ ਗਿਣਤੀ ਘਟਾਉਣ ਖਾਤਰ ਕੈਦੀ ਬਾਹਰ ਕੱਢੇ ਜਾਣਗੇ। ਹਾਲਾਂਕਿ ਬਚਾਅ ਲਈ ਕੈਦੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਏ ਜਾ ਰਹੇ ਹਨ।