ਚੰਡੀਗੜ੍ਹ- ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦੇਣ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਸਿੱਧੇ ਤੌਰ ‘ਤੇ ਪੈਸੇ ਟਰਾਂਸਫ਼ਰ ਹੋਣਗੇ। ਇਹ ਐਲਾਨ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ।

ਉਨ੍ਹਾਂ ਕਿਹਾ ਕਿ 24-25 ਮਾਰਚ ਦੀ ਰਾਤ ਨੂੰ ਲਾਕਡਾਊਨ ਸ਼ੁਰੂ ਕੀਤਾ ਗਿਆ ਸੀ। ਸਰਕਾਰ ਪ੍ਰਭਾਵਿਤ ਅਤੇ ਗਰੀਬ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਸਿਰਫ਼ 36 ਘੰਟਿਆਂ ‘ਚ ਗਰੀਬਾਂ ਦਾ ਧਿਆਨ ਰੱਖਣ ਲਈ ਪੈਕੇਜ਼ ਲੈ ਕੇ ਆਏ ਹੈ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਅਜੇ ਗਰੀਬਾਂ ਨੂੰ ਲਗਭਗ 5 ਕਿੱਲੋ ਕਣਕ ਜਾਂ ਚੌਲ ਹਰ ਮਹੀਨੇ ਮਿਲਦੇ ਹਨ। ਇਸ ਤੋਂ ਇਲਾਵਾ ਅਗਲੇ ਤਿੰਨ ਮਹੀਨੇ ਤੱਕ 5 ਕਿੱਲੋ ਪ੍ਰਤੀ ਵਿਅਕਤੀ ਮੁਫ਼ਤ ਕਣਕ ਜਾਂ ਚੌਲ ਦਿੱਤੇ ਜਾਣਗੇ। ਇੱਕ ਕਿਲੋ ਪ੍ਰਤੀ ਪਰਿਵਾਰ ਦਾਲ ਵੀ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਧਨ ਯੋਜਨਾ ਦੇ ਤਹਿਤ ਕਿਸਾਨਾਂ,ਮਨਰੇਗਾ, ਗਰੀਬ ਵਿਧਵਾਵਾਂ, ਗਰੀਬ ਪੈਨਸ਼ਨਰਾਂ ਤੇ ਅਪਾਹਜ਼ਾਂ, ਜਨਧਨ ਖਾਤਾਧਾਰੀ ਔਰਤਾਂ, ਉਜਵਲ ਯੋਜਨਾ ਦੀਆਂ ਲਾਭਪਾਤਰੀ ਔਰਤਾਂ, ਸਵੈ-ਸੇਵੀ ਸੰਗਠਨਾਂ ਦੀਆਂ ਔਰਤਾਂ ਅਤੇ ਸੰਗਠਿਤ ਸੈਕਟਰ ਦੇ ਮੁਲਾਜ਼ਮਾਂ, ਨਿਰਮਾਣ ਕਾਰਜ਼ਾਂ ਨਾਲ ਸਬੰਧਤ ਮਜ਼ਦੂਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਦੇ ਹਨ। ਅਸੀਂ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇਵਾਂਗੇ। 8.69 ਕਰੋੜ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ “ਜਿਹੜੇ ਲੋਕ ਦਿਹਾਤੀ ਖੇਤਰਾਂ ਵਿੱਚ ਮਨਰੇਗਾ ਮਜ਼ਦੂਰੀ ਅਧੀਨ ਕੰਮ ਕਰਦੇ ਹਨ, ਉਨ੍ਹਾਂ ਦੀ ਦਿਹਾੜੀ 182 ਰੁਪਏ ਤੋਂ ਵਧਾ ਕੇ 2020 ਰੁਪਏ ਕੀਤੀ ਗਈ ਹੈ। ਹਰੇਕ ਮਜ਼ਦੂਰ ਨੂੰ ਲਗਭਗ 2000 ਰੁਪਏ ਦੀ ਵਾਧੂ ਕਮਾਈ ਹੋਵੇਗੀ। ਇਸ ਦਾ ਲਾਭ 5 ਕਰੋੜ ਲੋਕਾਂ ਨੂੰ ਮਿਲੇਗਾ। ਗਰੀਬ ਬਜ਼ੁਰਗਾਂ, ਗਰੀਬ ਵਿਧਵਾਵਾਂ ਅਤੇ ਅਪਾਹਜ਼ਾਂ ਨੂੰ ਦੋ ਕਿਸ਼ਤਾਂ ‘ਚ 1000-1000 ਰੁਪਏ ਦਿੱਤੇ ਜਾਣਗੇ। ਅਗਲੇ ਤਿੰਨ ਮਹੀਨਿਆਂ ‘ਚ 3 ਕਰੋੜ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜ਼ ਲੋਕਾਂ ਨੂੰ ਲਾਭ ਹੋਵੇਗਾ। ਇਹ ਰਕਮ ਡੀਬੀਟੀ ਦੇ ਜ਼ਰੀਏ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ। 20 ਕਰੋੜ ਮਹਿਲਾ ਜਨਧਨ ਖਾਤਾਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 500-500 ਰੁਪਏ ਪ੍ਰਤੀ ਮਹੀਨਾ ਮਿਲਣਾ ਜਾਰੀ ਰਹੇਗਾ। ਇਸ ਨਾਲ 200 ਕਰੋੜ ਔਰਤਾਂ ਨੂੰ ਫ਼ਾਇਦਾ ਹੋਵੇਗਾ। ਤਿੰਨ ਮਹੀਨਿਆਂ ਵਿੱਚ ਉਨ੍ਹਾਂ ਨੂੰ 1500 ਦੀ ਕੁੱਲ ਸਹਾਇਤਾ ਮਿਲੇਗੀ।

ਉਜਵਲਾ ਯੋਜਨਾ ਤਹਿਤ ਗਰੀਬ ਔਰਤਾਂ ਨੂੰ ਸਿਲੰਡਰ ਦਿੱਤੇ ਗਏ ਹਨ। 8 ਕਰੋੜ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੱਕ ਮੁਫ਼ਤ ਸਿਲੰਡਰ ਦਿੱਤੇ ਜਾਣਗੇ। ਇਸ ਨਾਲ 8.3 ਕਰੋੜ ਬੀਪੀਐੱਲ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਔਰਤਾਂ ਦੇ 63 ਲੱਖ ਸਵੈ-ਸਹਾਇਤਾ ਸੰਗਠਨ ਹਨ। ਇਸ ਨਾਲ 7 ਕਰੋੜ ਪਰਿਵਾਰ ਜੁੜੇ ਹੋਏ ਹਨ। ਉਹ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਾਪਤ ਕਰਦੇ ਸਨ, ਹੁਣ ਇਸ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਦੋ ਐਲਾਨ ਕੀਤੇ ਹਨ। ਕੁੱਝ ਪੈਸੇ ਪੀਐੱਫ਼ ਖਾਤੇ ਵਿੱਚ ਪਾਇਆ ਜਾਵੇਗਾ ਅਤੇ ਕੁੱਝ ਕਰਮਚਾਰੀਆਂ ਨੂੰ ਦਿੱਤੇ ਜਾਣਗੇ। ਕੇਂਦਰ ਸਰਕਾਰ ਅਗਲੇ ਤਿੰਨ ਮਹੀਨਿਆਂ ਲਈ ਈਪੀਐੱਫ ਯੋਗਦਾਨ ਦਾ ਭੁਗਤਾਨ ਕਰੇਗੀ। ਕਰਮਚਾਰੀ ਅਤੇ ਕੰਪਨੀ ਦੋਵਾਂ ਦਾ ਹਿੱਸਾ ਸਰਕਾਰ ਦੇਵੇਗੀ। 80 ਲੱਖ ਕਰਮਚਾਰੀਆਂ ਅਤੇ 4 ਲੱਖ ਕੰਪਨੀਆਂ ਨੂੰ ਇਸ ਦਾ ਲਾਭ ਮਿਲੇਗਾ।

Leave a Reply

Your email address will not be published. Required fields are marked *