ਚੰਡੀਗੜ੍ਹ- ਇਰਾਨ ਦੇ ਦੱਖਣ-ਪੱਛਮੀ ਖੁਜ਼ਸਤਾਨ ਪ੍ਰਾਂਤ ਦੇ ਅਹਿਵਾਜ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਦੇ ਸਹਿਮ ਤੋਂ ਕੁੱਝ ਲੋਕਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਵਧ ਕੇ 44 ਹੋ ਗਈ ਹੈ। ਇਰਾਨ ਵਿੱਚ ਸਾਰੇ ਕੈਦੀਆਂ ਨੂੰ ਇਸ ਬਿਮਾਰੀ ਦੇ ਡਰ ਕਾਰਨ ਅਸਥਾਈ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਜ਼ਹਿਰੀਲੀ ਸ਼ਰਾਬ ਇਸ ਲਈ ਪੀਤੀ ਗਈ ਸੀ ਕਿਉਂਕਿ ਇਹ ਅਫ਼ਵਾਹ ਸੀ ਕਿ ਸ਼ਰਾਬ ਪੀਣੀ ਕੋਰੋਨਾਵਾਇਰਸ ਦੀ ਲਾਗ ਦਾ ਮੁਕਾਬਲਾ ਕਰ ਸਕਦੀ ਹੈ।

ਅਹਵਾਜ਼ ਜੌਂਦੀ ਸ਼ਾਹਪੁਰ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਬੁਲਾਰੇ ਡਾ. ਅਲੀ ਈਸ਼ਾਨਪੁਰ ਨੇ ਕਿਹਾ, “ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕੁੱਝ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੈ। ਦੇਸ਼ ਭਰ ਵਿੱਚ ਹੁਣ ਤੱਕ 270 ਲੋਕਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।”

ਇਰਨਾ ਨੇ ਸੂਬੇ ਦੇ ਡਿਪਟੀ ਸਰਕਾਰੀ ਵਕੀਲ ਅਲੀ ਬੀਰਵੰਡ ਦੇ ਹਵਾਲੇ ਨਾਲ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਦੇ ਜੁਰਮ ਦੇ ਨਾਲ ਵੱਖ-ਵੱਖ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਚੀਨ ਵਿੱਚ ਭਿਆਨਕ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3158 ਹੋ ਗਈ ਹੈ ਜਦਕਿ 80,770 ਲੋਕ ਇਸ ਵਾਇਰਸ ਨਾਲ ਪੀੜਤ ਹਨ ਤੇ 61,000 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਕਮੇਟੀ ਨੇ ਕਿਹਾ, “ਸੂਬਾ ਸਿਹਤ ਕਮੇਟੀ ਨੂੰ ਦੇਸ਼ ਦੇ 31 ਸੂਬਿਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਹੁਣ ਤੱਕ ਤਕਰੀਬਨ 80,778 ਲੋਕਾਂ ਨੂੰ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤਕਰੀਬਨ 16,145 ਮਰੀਜ਼ਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 4492 ਦੀ ਹਾਲਤ ਗੰਭੀਰ ਹੈ। ਸਿਹਤਮੰਦ ਹੋਣ ਤੋਂ ਬਾਅਦ ਤਕਰੀਬਨ 61,475 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।”

ਵਿਸ਼ਵ ਦੇ 104 ਤੋਂ ਵੱਧ ਦੇਸ਼ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4270 ਹੋ ਗਈ ਹੈ, ਜਦਕਿ 118,129 ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਪਾਕਿਸਤਾਨ ਵਿੱਚ ਵੀ ਕੋਰੋਨਾਵਾਇਰਸ ਦੀ ਲਾਗ ਦੇ ਪ੍ਰਭਾਵ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਉੱਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿੰਧ ਪ੍ਰਾਂਤ ਵਿੱਚ ਸਭ ਤੋਂ ਵੱਧ 15 ਸੰਕਰਮਿਤ ਕੇਸਾਂ ਦੀ ਖ਼ਬਰ ਮਿਲੀ ਹੈ। ਇਸ ਤੋਂ ਇਲਾਵਾ ਗਿਲਗਿਤ ਬਾਲਟਿਸਤਾਨ ‘ਚ ਤਿੰਨ ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਇੱਕ ਦੀ ਬਲੋਚਿਸਤਾਨ ਵਿੱਚ ਪੁਸ਼ਟੀ ਹੋਈ ਹੈ।

ਸਿਹਤ ਨਾਲ ਜੁੜੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ: ਜ਼ਫਰ ਮਿਰਜ਼ਾ ਨੇ ਕਿਹਾ ਕਿ ਕਰਾਚੀ ਵਿੱਚ ਵਾਇਰਸ ਦੇ 9 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ‘ਚ ਲੋਕ ਪਹਿਲਾਂ ਹੀ ਪੀੜਤ ਵਿਅਕਤੀਆਂ ਦੇ ਸੰਪਰਕ ‘ਚ ਆਏ ਸਨ। ਲਾਗ ਦੇ ਸੰਪਰਕ ‘ਚ ਆਏ ਪੀੜਤ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿੰਧ ਦੇ ਸਿਹਤ ਮੰਤਰੀ ਮੀਰਾਨ ਯੂਸਫ਼ ਦੇ ਮੀਡੀਆ ਕੋਆਰਡੀਨੇਟਰ ਨੇ ਸ਼ਾਮ ਨੂੰ ਕਿਹਾ ਕਿ ਪੀੜਤਾਂ ਦੀ ਲਪੇਟ ‘ਚ ਦੋ ਲੋਕਾਂ ਦਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾ ਕੇਸ ਹੈਦਰਾਬਾਦ ਦਾ ਹੈ ਜਿੱਥੇ ਮਰੀਜ਼ ਸੀਰੀਆ ਦੇ ਰਸਤੇ ਰਾਹੀਂ ਵਾਪਸ ਆਇਆ ਸੀ। ਦੂਜਾ ਕੇਸ ਕਰਾਚੀ ਦਾ ਹੈ ਜਿੱਥੇ ਮਰੀਜ਼ ਈਰਾਨ ਤੋਂ ਦੁਬਈ ਦੇ ਰਸਤੇ ਆਇਆ ਸੀ। ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਸਾਰੇ ਹਸਪਤਾਲਾਂ ਨੂੰ ਨਮੂਨੀਆ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਵੇਰਵਾ ਸਾਂਝਾ ਕਰਨ ਲਈ ਕਿਹਾ ਹੈ।