ਚੰਡੀਗੜ੍ਹ- ਕੋਰੋਨਾਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਮਹਾਂਮਾਰੀ ਕਰਕੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਆਉਂਦਾ ਹੈ। ਕੋਰੋਨਾਵਾਇਰਸ ਕਾਰਨ ਮੌਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਟਲੀ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਿਹਾ। ਕੋਰੋਨਾਵਾਇਰਸ ਨਾਲ ਯੂਰਪ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਵਿੱਚ ਮੌਤਾਂ ਦੀ ਗਿਣਤੀ ਵਧ ਕੇ 631 ਹੋ ਗਈ, ਜਿਸ ਕਾਰਨ ਬਹੁਤ ਸਾਰੇ ਸਿਆਸੀ, ਸਭਿਆਚਾਰਕ ਅਤੇ ਖੇਡ ਸਮਾਗਮ ਰੱਦ ਜਾਂ ਮੁਲਤਵੀ ਕੀਤੇ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਚੀਨ ਨੇ ਭਾਵੇਂ ਕੋਰੋਨਾਵਾਇਰਸ ਨੂੰ ‘ਮੁੱਢਲੇ ਤੌਰ ’ਤੇ ਕਾਬੂ ਹੇਠ’ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਪੂਰੇ ਵਿਸ਼ਵ ਵਿੱਚ ਵਧ ਰਹੇ ਕੇਸਾਂ ਕਾਰਨ ਵਿੱਤੀ ਬਜ਼ਾਰ ਡਾਵਾਂਡੋਲ ਚੱਲ ਰਹੇ ਹਨ।

ਕੋਰੋਨਾਵਾਇਰਸ ਕਾਰਨ ਯੂਰਪ ਦਾ ਸਭ ਤੋਂ ਸਖ਼ਤ ਲੌਕਡਾਊਨ ਅਮਲ ਵਿੱਚ ਲਿਆਉਂਦਿਆਂ ਇਟਲੀ ਨੇ ਖਾਣੇ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜੁਸਾਪੇ ਕੌਂਟੀ ਨੇ ਕਿਹਾ ਕਿ ਬਾਰ, ਰੈਸਟੋਰੈਂਟ, ਨਾਈ ਤੇ ਗ਼ੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ,ਹੋਮ ਡਲਿਵਰੀ ਕੀਤੀ ਜਾ ਸਕੇਗੀ।

ਇਸ ਮਹਾਂਮਾਰੀ ਦੇ  ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਯੂਰਪ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਯਾਤਰਾ ’ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਯਾਤਰਾ ਪਾਬੰਦੀ ਤੋਂ ਸਿਰਫ਼ ਬਰਤਾਨੀਆ ਨੂੰ ਮੁਕਤ ਰੱਖਿਆ ਗਿਆ ਹੈ। ਯੂਕੇ ਵਿੱਚ 460 ਕੇਸਾਂ ਦੀ ਪੁਸ਼ਟੀ ਹੋਈ ਹੈ। ਅਮਰੀਕਾ ਵਿੱਚ 1135 ਕੇਸ ਕੋਰੋਨਾਵਾਇਰਸ ਦੇ ਸਾਹਮਣੇ ਆਏ ਹਨ ਅਤੇ ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ 40 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।

ਅਮਰੀਕੀ ਰਾਸ਼ਟਰਪਤੀ ਨੇ ਲਘੂ ਉਦਯੋਗਾਂ ਨੂੰ ਕਰੋੜਾਂ ਡਾਲਰ ਕਰਜ਼ੇ ਦੇ ਰੂਪ ਵਿੱਚ ਦੇਣ ਦਾ ਵੀ ਐਲਾਨ ਕੀਤਾ,ਤਾਂ ਜੋ ਅਮਰੀਕਾ ਦੀ ਆਰਥਿਕਤਾ ‘ਤੇ ਪੈਣ ਵਾਲਾ ਕੋਰੋਨਾਵਾਇਰਸ ਦਾ ਅਸਰ ਕਾਬੂ ਵਿੱਚ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਹਾਂਗ-ਕਾਂਗ ਵੀ ਕੋਰੋਨਾਵਾਇਰਸ ਕਾਰਨ ਛੁੱਟੀ ‘ਤੇ ਜਾਣ ਵਾਲੇ ਮੁਲਾਜ਼ਮਾਂ ਦੇ ਬਦਲੇ ਉਦਯੋਗਾਂ ਨੂੰ ਪ੍ਰਤੀ ਮੁਲਾਜ਼ਮ ਕੁੱਝ ਰਾਸ਼ੀ ਦੇਣ ਦਾ ਐਲਾਨ ਕਰ ਚੁੱਕਿਆ ਹੈ। ਅਧਿਕਾਰੀਆਂ ਮੁਤਾਬਕ ਅਮਰੀਕੀ ਲੋਕਾਂ ਵਿੱਚ ਲਾਗ ਦਾ ਖ਼ਤਰਾ ਘੱਟ ਸੀ ਪਰ ਸਾਹਮਣੇ ਆ ਰਹੇ ਨਵੇਂ ਕੇਸਾਂ ‘ਤੇ ਇਸਦੀ ਗਿਣਤੀ ਨਿਰਭਰ ਕਰਦੀ ਹੈ। ਨਿਊ ਰੌਸ਼ੈਲ ਜੋ ਕਿ ਨਿਊ ਯਾਰਕ ਦੇ ਬਿਲਕੁਲ ਉੱਤਰ ਵਿੱਚ ਸਥਿਤ ਹੈ, ਉੱਥੇ ਫੌਜ ਲਾ ਦਿੱਤੀ ਗਈ ਹੈ। ਉੱਥੇ ਵਾਇਰਸ ਦੇ ਫੈਲਣ ਦੇ ਅਨੁਮਾਨ ਲਾਏ ਜਾ ਰਹੇ ਹਨ। ਵਾਸ਼ਿੰਗਟਨ ਦੇ ਕਈ ਇਲਾਕਿਆਂ ਵਿੱਚ ਵੱਡੇ ਇਕੱਠਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਵਾਇਰਸ ਦੇ ਚੱਲਦਿਆਂ ਅਮਰੀਕਾ ਵਿੱਚ ਦਵਾਈਆਂ ਮਹਿੰਗੀਆਂ ਹੋਣ ਦੀ ਵੀ ਇੱਕ ਸਮੱਸਿਆ ਸਾਹਮਣੇ ਆ ਰਹੀ ਹੈ। ਇਸ ਕਾਰਨ ਬਹੁਤ ਸਾਰੇ ਲੋਕ ਡਾਕਟਰੀ ਸਲਾਹ ਨਹੀਂ ਲੈਂਦੇ ਕਿਉਂਕਿ ਡਾਕਟਰਾਂ ਦੀ ਫ਼ੀਸ ਦਾ ਖ਼ਰਚਾ ਨਹੀਂ ਚੁੱਕ ਸਕਦੇ। ਇਸ ਤੋਂ ਇਲਾਵਾ ਅਮਰੀਕਾ ਵਿੱਚ ਨੈਸ਼ਨਲ ਬਾਸਕਿਟਬਾਲ ਐਸੋਸਿਏਸ਼ਨ ਨੇ ਇਸ ਸੀਜ਼ਨ ਦਾ ਖੇਡ ਮੁਲਤਵੀ ਕਰ ਦਿੱਤਾ ਹੈ।

ਕਵੈਤ ਸ਼ੁੱਕਰਵਾਰ ਤੋਂ ਸਾਰੀਆਂ ਆਉਣ ਵਾਲੀਆਂ ਤੇ ਜਾਣ ਵਾਲੀਆਂ ਉਡਾਣਾਂ ਮੁਲਤਵੀ ਕਰ ਰਿਹਾ ਹੈ। ਕੋਰੋਨਾਵਾਇਰਸ ਦੇ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਇਸ ਦੇ ਅਗਾਮੀ ਟੋਕੀਓ ਉਲੰਪਿਕਸ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਟੋਕੀਓ ਦੇ ਗਵਰਨਰ ਨੇ ਕਿਹਾ ਹੈ ਕਿ ਫ਼ਿਲਹਾਲ ਖੇਡਾਂ ਰੱਦ ਕਰਨ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ।

ਵਾਇਰਸ ਦਾ ਫੈਲਾਅ ਰੋਕਣ ਦੇ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਜਿੰਮ, ਸਵਿਮਿੰਗ ਪੂਲ, ਅਜਾਇਬ ਘਰ ਤੇ ਬਰਫ਼ੀਲੇ ਮਨੋਰੰਜਨ ਨਾਲ ਜੁੜੇ ਮਨੋਰੰਜਨ ਵਾਲੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ। ਖੇਡਾਂ ਦੇ ਮੁਕਾਬਲੇ ਵੀ ਨਹੀਂ ਹੋਣਗੇ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪੋਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ ਅਤੇ ਯੂਪੀ ਵਿੱਚ ਕੁੱਲ ਪੋਜ਼ੀਟਿਵ ਕੇਸ 9 ਹੋ ਗਏ ਹਨ। ਕੇਰਲ ‘ਚ 12 ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 6 ਦੀ ਮੰਗਲਵਾਰ ਨੂੰ ਪੁਸ਼ਟੀ ਹੋਈ ਹੈ। ਤੇਲੰਗਾਨਾ, ਤਾਮਿਲਨਾਡੂ, ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਇੱਕ ਪੋਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ ਪੰਜ ਪੋਜ਼ੀਟਿਵ ਮਾਮਲੇ ਹਨ। ਮਹਾਰਾਸ਼ਟਰ ਅਤੇ ਲੱਦਾਖ ‘ਚ ਦੋ-ਦੋ ਵਿਅਕਤੀ ਕੋਰੋਨਾਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਨਤਕ ਆਵਾਜਾਈ ਵਾਹਨਾਂ ‘ਚ ਸਫਾਈ ਲਈ ਵਿਸ਼ੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵੀ ਸਾਰੇ ਬੱਸ ਅੱਡਿਆਂ ‘ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਮੱਧ ਅਮਰੀਕਾ ਦੇ ਪਨਾਮਾ ਵਿੱਚ ਮੰਗਲਵਾਰ ਨੂੰ 64 ਵਰ੍ਹਿਆਂ ਦੇ ਵਿਅਕਤੀ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਅੰਕੜਿਆਂ ਅਨੁਸਾਰ ਪੂਰੇ ਵਿਸ਼ਵ ਦੇ 107 ਮੁਲਕਾਂ ਵਿੱਚ ਕਰੋਨਾਵਾਇਰਸ ਦੇ 1,17,339 ਕੇਸ ਹਨ ਅਤੇ 4,251 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਚੀਨ ਵਿੱਚ 80 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਤੇ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੇਈਚਿੰਗ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਵਿੱਚ ਕਰੋਨਾਵਾਇਰਸ ਦੇ ਕੇਸ ਹੋਣ ਕਾਰਨ ਚੀਨ ਚਿੰਤਤ ਹੈ ਕਿਉਂਕਿ ਇਸ ਨਾਲ ਉਸ ਦੀਆਂ ਵਾਇਰਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ’ਤੇ ਅਸਰ ਪੈ ਰਿਹਾ ਹੈ। ਕੋਰੋਨਾਵਾਇਰਸ ਦਾ ਅਸਰ ਅਮਰੀਕਾ ਦੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਬਰਨੀ ਸੈਂਡਰਸ ਅਤੇ ਜੋਅ ਬਿਡੇਨ ਦੀਆਂ ਪ੍ਰਚਾਰ ਰੈਲੀਆਂ ’ਤੇ ਵੀ ਦੇਖਣ ਨੂੰ ਮਿਲਿਆ ਹੈ। ਦੋਵਾਂ ਆਗੂਆਂ ਨੇ ਆਪਣੀਆਂ ਕਈ ਰੈਲੀਆਂ ਰੱਦ ਕਰ ਦਿੱਤੀਆਂ ਹਨ। ਬਰਤਾਨੀਆ ਦੀ ਸਿਹਤ ਮੰਤਰੀ ਨਾਦਿਨ ਡੋਰਿਸ ਨੇ ਦੱਸਿਆ ਹੈ ਕਿ ਉਸ ਦਾ ਕਰੋਨਾਵਾਇਰਸ ਟੈਸਟ ਪਾਜੀਟਿਵ ਆਇਆ ਹੈ। ਜੌਹਨਜ਼ ਹੌਪਕਿਨਸ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕਰੋਨਾਵਾਇਰਸ ਕਾਰਨ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,025 ਲੋਕ ਇਸ ਤੋਂ ਪੀੜਤ ਹਨ।

ਫਰਾਂਸ ਵਿੱਚ ਕੋਰੋਨਾਵਾਇਰਸ ਦੇ ਡਰੋਂ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਸਾਰੇ ਗੁਰੂ ਘਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁਰਦੁਆਰਾ ਸਿੰਘ ਸਭਾ ਪਹੁੰਚ ਕੇ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਅਧਿਕਾਰੀਆਂ ਵੱਲੋਂ ਇਨ੍ਹਾਂ ਦਿਨਾਂ ਦੌਰਾਨ ਗੁਰਦੁਆਰਿਆਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਪ੍ਰੋਗਰਾਮ ਰੱਦ ਕਰਦਿਆਂ ਤਿੰਨ ਦਿਨਾਂ ਤੱਕ ਗੁਰਦੁਆਰੇ ਬੰਦ ਕਰ ਦਿੱਤੇ ਹਨ। ਪ੍ਰਸ਼ਾਸਨ ਦੀ ਲੰਗਰ ਬੰਦ ਕਰਨ ਦੀ ਅਪੀਲ ’ਤੇ ਅਮਲ ਕਰਦਿਆਂ ਕੱਲ੍ਹ ਤੋਂ ਬਾਅਦ ਅਗਲੇ ਹੁਕਮਾਂ ਤੱਕ ਲੰਗਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਹੁਕਮ ਸੋਮਵਾਰ ਨੂੰ ਦਿੱਤੇ ਜਾਣਗੇ। ਯੂਰਪ ਵਿੱਚ ਇਟਲੀ ਤੋਂ ਬਾਅਦ ਫਰਾਂਸ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਦੇ 1784 ਕੇਸ ਸਾਹਮਣੇ ਆਏ ਹਨ ਅਤੇ 33 ਮੌਤਾਂ ਹੋ ਚੁੱਕੀਆਂ ਹਨ।

 

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਨੇ ਕਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾਵਾਇਰਸ ਚੀਨ ਤੋਂ ਬਾਹਰ 13 ਗੁਣਾ ਫੈਲ ਗਿਆ ਹੈ। ਇਸ ਖ਼ਤਰਨਾਕ ਬਿਮਾਰੀ ਨਾਲ ਦੁਨੀਆ ‘ਚ 7500 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿੱਚੋਂ 3158 ਲੋਕਾਂ ਦੀ ਮੌਤ ਸਿਰਫ਼ ਚੀਨ ‘ਚ ਹੀ ਹੋਈ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 800 ਤੋਂ ਪਾਰ ਚਲੇ ਗਈ ਹੈ।

Leave a Reply

Your email address will not be published. Required fields are marked *