ਚੰਡੀਗੜ੍ਹ- ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਆਮ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਕਿਹਾ ਹੈ ਕਿ ਉਹ ਜ਼ਰੂਰਤਮੰਦਾਂ, ਗਰੀਬ ਤੇ ਦਿਹਾੜੀਦਾਰਾਂ ਨੂੰ ਖਾਣਾ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰਕੇ ਦੇਣ ਲਈ ਆਪਣੇ ਫੰਡਾਂ ਦਾ ਇਸਤੇਮਾਲ ਕਰਨ। ਇਨ੍ਹਾਂ ਫੰਡਾਂ ਰਾਹੀਂ ਅਵਾਰਾ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ। ਅਸੀਂ ਸਾਰੇ ਸਰਪੰਚਾਂ ਨੂੰ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਦਵਾਈਆਂ ਦੇ ਜ਼ਰੀਏ ਐਮਰਜੈਂਸੀ ਰਾਹਤ ਮੁਹੱਈਆ ਕਰਵਾਉਣ ਲਈ ਆਪਣੇ ਪੰਚਾਇਤੀ ਫੰਡਾਂ ਵਿਚੋਂ ਹਰ ਰੋਜ਼ 5000 ਰੁਪਏ ਤੋਂ 50,000 ਰੁਪਏ ਤੱਕ ਦਾ ਖਰਚ ਕਰਨ ਲਈ ਕਿਹਾ। ਇਸਦੇ ਨਾਲ ਹੀ, ਉਹ ਜਲਦੀ ਹੀ ਲੋਕਾਂ ਲਈ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਡਾਕਟਰ/ਕੈਮਿਸਟ ਨੂੰ ਮਿਲਣ ਲਈ ਪਾਸ ਜਾਰੀ ਕਰਨੇ ਸ਼ੁਰੂ ਕਰ ਦੇਣਗੇ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਾਢੀ ਦਾ ਮੌਸਮ ਹੋਣ ਕਰਕੇ ਕੰਬਾਇਨਾਂ ਦੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਜਾਵੇ। ਇਹ ਕੰਬਾਇਨਾਂ ਅਪ੍ਰੈਲ ਮਹੀਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਵੀ ਕਣਕ ਦੀ ਵਾਢੀ ਲਈ ਜਾ ਸਕਣਗੀਆਂ। ਇਸਦੇ ਨਾਲ ਹੀ ਆਲੂ ਤੇ ਕਿੰਨੂਆਂ ਦੀ ਫਸਲ ਵਾਲੇ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਵਿੱਚ ਕੰਮ ਕਰਨ ਦੀ ਮਨਜ਼ੂਰੀ ਤੇ ਕੋਲਡ ਸਟੋਰੇਜ ਪਲਾਂਟਾਂ ਵਿੱਚ ਜਾਣ ਦੀ ਪ੍ਰਵਾਨਗੀ ਦੇਣ ਲਈ ਵੀ ਕਿਹਾ ਹੈ।