ਚੰਡੀਗੜ੍ਹ- (ਪੁਨੀਤ ਕੌਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਨਾਂਅ ’ਤੇ ਕੌਮੀ ਵੀਰਤਾ ਐਵਾਰਡ ਦਿੱਤੇ ਜਾਣ ਲਈ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਸੋਨੇ ਦਾ ਇੱਕ ਯਾਦਗਾਰੀ ਸਿੱਕਾ ਜਾਰੀ ਕਰਨ ਦੀ ਬੇਨਤੀ ਵੀ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮਹਾਨ ਹਸਤੀਆਂ ਦੀਆਂ ਕੁਰਬਾਨੀਆਂ ਨੂੰ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਸਰਕਾਰ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਮਨੁੱਖਤਾ ਲਈ ਆਪਣਾ ਸਭ ਕੁੱਝ ਤਿਆਗ ਦਿੱਤਾ ਸੀ ਤੇ ਜਿਸ ਵੀਰਤਾ ਨਾਲ ਦਸਮ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਬਲੀਦਾਨ ਦਿੱਤਾ, ਉਹ ਬੇਮਿਸਾਲ ਹੈ।

ਕੈਪਟਨ ਨੇ ਕਿਹਾ ਕਿ ਸਮੁੱਚੇ ਵਿਸ਼ਵ ’ਚ ਵੱਸਦੇ ਪੰਜਾਬੀ ਇਸ ਵੀਰਤਾ ਅੱਗੇ ਸਿਰ ਨਿਵਾਉਂਦੇ ਹਨ। ਇਸ ਲਈ ਪੂਰੀ ਦੁਨੀਆ ਦੇ ਲੋਕਾਂ ਨੂੰ ਅਜਿਹੀਆਂ ਮਿਸਾਲਾਂ ਤੋਂ ਪ੍ਰੇਰਨਾ ਮਿਲਣੀ ਚਾਹੀਦੀ ਹੈ। ਇਸ ਚਿੱਠੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਮਹਾਨ ਕੁਰਬਾਨੀ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੇ ਪੀੜ੍ਹੀ–ਦਰ–ਪੀੜ੍ਹੀ ਸਮੂਹ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ ਤੇ ਇਹ ਦੇਸ਼ ਦੇ ਇਤਿਹਾਸ ਦਾ ਇੱਕ ਸ਼ਾਨਦਾਰ ਹਿੱਸਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲਾਂ ਦੀ ਬੇਇਨਸਾਫ਼ੀ ਤੇ ਉਨ੍ਹਾਂ ਦੇ ਜਬਰ–ਜ਼ੁਲਮ ਵਿਰੁੱਧ ਡਟਦਿਆਂ ਆਪਣਾ ਸਰਬੰਸ ਵਾਰਨ ਬਾਰੇ ਵੀ ਲਿਖਿਆ। ‘ਦਸਮ ਪਾਤਿਸ਼ਾਹ ਦੇ ਦੋ ਵੱਡੇ ਸਾਹਿਬਜ਼ਾਦੇ – ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਅਤੇ ਛੋਟੇ ਸਾਹਿਬਜ਼ਾਦੇ – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਸਰਹਿੰਦ ਵਿਖੇ ਕੰਧ ਵਿੱਚ ਜਿਊਂਦੇ–ਜੀਅ ਚਿਣ ਦਿੱਤਾ ਗਿਆ ਸੀ।’