‘ਦ ਖ਼ਾਲਸ ਬਿਊਰੋ :- ਇੱਥੇ ਚੰਡੀਗੜ੍ਹ ਰੋਡ ’ਤੇ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਬਦਇੰਤਜ਼ਾਮੀ ਦੇ ਦੋਸ਼ ਲਗਾਉਂਦਿਆਂ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੇ ਕੋਟਾ ਤੋਂ ਆਏ ਵਿਦਿਆਰਥੀਆਂ ਵੱਲੋਂ ਕੱਲ੍ਹ ਹੰਗਾਮਾ ਕੀਤਾ ਗਿਆ। ਇਸੇ ਦੌਰਾਨ ਆਈਸੋਲੇਸ਼ਨ ਵਾਰਡ ’ਚ ਭਰਤੀ ਕੁੱਝ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਆਈਸੋਲੇਸ਼ਨ ਵਾਰਡ ’ਚ ਬਾਰੀਆਂ ’ਚੋਂ ਹੱਥ ਹਿਲਾ ਕੇ ਵਿਦਿਆਰਥੀ ਤੇ ਸ਼ਰਧਾਲੂ ਆਪਣਾ ਵਿਰੋਧ ਜਤਾ ਰਹੇ ਸਨ ਅਤੇ ਬਾਹਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਰੋਧ ਜ਼ਾਹਿਰ ਕਰ ਰਹੇ ਸਨ। ਆਈਸੋਲੇਸ਼ਨ ਵਾਰਡ ’ਚ ਦਾਖ਼ਲ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜਿਹੀ ਜਗ੍ਹਾ ਰੱਖਿਆ ਗਿਆ ਹੈ ਜਿੱਥੇ ਸ਼ੱਕੀ ਲੋਕ ਵੀ ਰੱਖੇ ਹੋਏ ਹਨ। ਅਜਿਹੇ ’ਚ ਉਨ੍ਹਾਂ ਦੇ ਬੱਚਿਆਂ ’ਚ ਵਾਇਰਸ ਫੈਲਣ ਦਾ ਡਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਸਪਤਾਲ ’ਚ ਖਾਣ-ਪੀਣ ਦਾ ਪ੍ਰਬੰਧ ਨਹੀਂ ਹੈ ਤੇ ਬਾਥਰੂਮ ’ਚ ਗੰਦਗੀ ਪਈ ਹੈ। ਇਨ੍ਹਾਂ ਬਾਥਰੂਮਾਂ ਨੂੰ ਪਾਜ਼ੇਟਿਵ ਮਰੀਜ਼ ਵੀ ਵਰਤ ਰਹੇ ਹਨ ਤੇ ਸ਼ੱਕੀ ਮਰੀਜ਼ ਵੀ। ਇਸ ਤੋਂ ਇਲਾਵਾ ਨੈਗੇਟਿਵ ਰਿਪੋਰਟਾਂ ਵਾਲਿਆਂ ਨੂੰ ਵੀ ਉਹੀ ਬਾਥਰੂਮ ਦਿੱਤੇ ਹੋਏ ਹਨ। ਹੰਗਾਮੇ ਦੀ ਖ਼ਬਰ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸਾਰੀ ਗੱਲ ਦੱਸੀ।

ਮੌਕੇ ’ਤੇ ਪੁੱਜੇ ਸ਼ਿਮਲਾਪੁਰੀ ਦੇ ਵਸਨੀਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 27 ਅਪਰੈਲ ਨੂੰ ਕੋਟਾ ਤੋਂ ਆਇਆ ਸੀ। ਦੂਸਰੇ ਦਿਨ ਉਸ ਦੇ ਘਰ ਸਿਹਤ ਵਿਭਾਗ ਦੀ ਟੀਮ ਸੈਂਪਲ ਲੇਣ ਆਈ ਤੇ ਉਸ ਦੇ ਲੜਕੇ ਨੂੰ ਵਰਧਮਾਨ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰਵਾ ਦਿੱਤਾ। ਹੁਣ ਤਿੰਨ ਦਿਨ ਹੋ ਗਏ ਹਨ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਪਰ ਫਿਰ ਵੀ ਉਸ ਨੂੰ ਉੱਥੇ ਹੀ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਈਸੋਲੇਸ਼ਨ ਵਾਰਡ ’ਚ ਸਵੇਰੇ ਨਾਸ਼ਤਾ ਨਹੀਂ ਮਿਲਦਾ ਤੇ ਦੁਪਹਿਰ ਦਾ ਖਾਣਾ ਵੀ ਸ਼ਾਮ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਖਾਣਾ ਕਦੇ 11 ਵਜੇ ਤਾਂ ਕਦੇ 12 ਵਜੇ ਅਤੇ ਕਈ ਵਾਰ ਫੋਨ ਕਰਨ ਤੋਂ ਬਾਅਦ ਮਿਲਦਾ ਹੈ।

ਇਸੇ ਤਰ੍ਹਾਂ ਆਰ.ਕੇ. ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਆਈੲੋਲੇਸ਼ਨ ਵਾਰਡ ’ਚ ਭਰਤੀ ਹੈ ਜਿੱਥੇ ਖਾਣ- ਪੀਣ ਦਾ ਪ੍ਰਬੰਧ ਸਹੀ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਉਹ ਐੱਸਐੱਮਓ ਅਮਿਤਾ ਜੈਨ ਨੂੰ ਵੀ ਮਿਲੇ ਸਨ। ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਉਨ੍ਹਾਂ ਕੋਲ ਖਾਣ-ਪੀਣ ਦਾ ਪ੍ਰਬੰਧ ਨਹੀਂ ਹੈ। ਸਮਾਜ ਸੇਵੀ ਸੰਸਥਾਵਾਂ ਜੋ ਕੁਝ ਦੇ ਕੇ ਜਾਂਦੀਆਂ ਹਨ ਉਹੀ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਈ ਹੋਰ ਮਰੀਜ਼ਾਂ ਨੇ ਬਾਹਰ ਖੜ੍ਹੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਸਾਰੇ ਹਾਲਾਤ ਬਿਆਨ ਕੀਤੇ। ਅੰਦਰ ਰਹਿ ਰਹੇ ਲੋਕਾਂ ਦਾ ਦੋਸ਼ ਹੈ ਕਿ ਵਾਰਡਾਂ ਵਿੱਚ ਨਹਾਉਣ ਦਾ ਕੋਈ ਇੰਤਜ਼ਾਮ ਨਹੀਂ ਹੈ ਜਿਸ ਕਰ ਕੇ ਕੁਝ ਲੋਕ ਪੰਜ ਦਿਨਾਂ ਤੋਂ ਨਹਾਏ ਵੀ ਨਹੀਂ ਹਨ।

Leave a Reply

Your email address will not be published. Required fields are marked *