ਚੰਡੀਗੜ੍ਹ- ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਉਂਦੇ ਰਸਤਿਆਂ ਵਿੱਚੋਂ ਸ਼ਰਾਬ ਦੇ ਠੇਕੇ, ਮੀਟ ਅਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਬੰਦ ਕਰਾਉਣ ਅਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਸੰਬੰਧੀ ਮਾਰਚ ਕੀਤਾ ਗਿਆ। ਜਥੇਬੰਦੀਆਂ ਨੇ ਇਸ ਸੰਬੰਧੀ ਸ਼੍ਰੀ ਅਕਾਲ ਤਖ਼ਤ ਵਿਖੇ ਮੰਗ ਪੱਤਰ ਵੀ ਸੌਂਪਿਆ। ਇਸ ਮਾਰਚ ਦੀ ਸ਼ੁਰੂਆਤ ਮਹਾਂ ਸਿੰਘ ਗੇਟ ਤੋਂ ਕੀਤੀ ਗਈ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼ਮੂਲੀਅਤ ਕੀਤੀ।

ਸਮਾਜ ਸੁਧਾਰ ਸਭਾ ਪੰਜਾਬ ਸੁਸਾਇਟੀਆਂ, ਸਿੱਖ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢੇ ਗਏ ਮਾਰਚ ਦੀ ਅਗਵਾਈ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਬਾਰੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਗੁਰਮਤਾ ਪਾਸ ਕੀਤਾ ਜਾਵੇ ਤੇ ਇਹ ਮਤਾ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਹੈ,ਇਸ ਸ਼ਹਿਰ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਇਆ ਸੀ ਤੇ ਸ਼ਹਿਰ ਵਿਚ ਵੱਡੀ ਗਿਣਤੀ ਵੱਖ-ਵੱਖ ਧਰਮਾਂ ਦੇ ਧਰਮ ਅਸਥਾਨ ਹਨ। ਇਸ ਲਈ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਸ਼੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਵਿਚੋਂ ਮੀਟ, ਸ਼ਰਾਬ, ਤੰਬਾਕੂ ਆਦਿ ਦੀਆਂ ਦੁਕਾਨਾਂ ਵੀ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸੁੱਤੇ ਹੋਏ ਪ੍ਰਸ਼ਾਸਨ, ਨਿਗਮ ਅਤੇ ਸਰਕਾਰ ਨੂੰ ਜਗਾਉਣ ਲਈ ਅੱਜ ਸਿੱਖ ਜਥੇਬੰਦੀਆਂ ਨੇ ਇਹ ਮਾਰਚ ਕੀਤਾ ਹੈ।

ਇਸ ਦੌਰਾਨ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਮਹਾਂ ਸਿੰਘ ਗੇਟ, ਹਾਲ ਗੇਟ ਅਤੇ ਸੁਲਤਾਨਵਿੰਡ ਗੇਟ ਨੇੜੇ ਸ਼ਰਾਬ ਦੇ ਠੇਕੇ ਹਨ, ਜੋ 31 ਮਾਰਚ ਤੋਂ ਬਾਅਦ ਨਵੀਂ ਬੋਲੀ ਦੌਰਾਨ ਪੱਕੇ ਤੌਰ ’ਤੇ ਬੰਦ ਕੀਤੇ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਪਾਨ, ਬੀੜੀ, ਮੀਟ ਆਦਿ ਦੀਆਂ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਪ੍ਰਮੁੱਖ ਰਸਤਿਆਂ ’ਤੇ ਛਬੀਲਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਵਿਰਾਸਤੀ ਮਾਰਗ ਵਿੱਚੋਂ ਮੰਗਤਿਆਂ ਤੇ ਹੋਰ ਸਾਮਾਨ ਵੇਚਣ ਵਾਲਿਆਂ ਅਤੇ ਅਵਾਰਾ ਕੁੱਤਿਆਂ ਨੂੰ ਹਟਾਉਣ, ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਆਉਣ-ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਕਰਨ, ਇਨ੍ਹਾਂ ਸੜਕਾਂ ਨੂੰ ਵਿਰਾਸਤੀ ਮਾਰਗ ਵਰਗੀ ਦਿੱਖ ਦੇਣ, ਇਨ੍ਹਾਂ ਰਸਤਿਆਂ ’ਤੇ ਪੁਲਿਸ ਕਰਮਚਾਰੀ ਤਾਇਨਾਤ ਕਰਨ ਦੀ ਮੰਗ ਕੀਤੀ ਹੈ।