ਚੰਡੀਗੜ੍ਹ- ਅਸਟ੍ਰੇਲੀਆ ਵਿੱਚ 8 ਮਾਰਚ ਨੂੰ ਮੈਲਬਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਗਿਆ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਇੱਕ ਵਿਅਕਤੀ ਮੈਚ ਦੇਖਣ ਲਈ ਪਹੁੰਚਿਆ ਹੋਇਆ ਸੀ। ਇਹ ਮੈਚ ਐਤਵਾਰ ਨੂੰ ਭਾਰਤ ਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ। ਇਸ ਪੁਸ਼ਟੀ ਮਗਰੋਂ ਹੁਣ ਮੈਚ ਵੇਖਣ ਗਏ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ। ਮੈਲਬਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਲਈ 86174 ਲੋਕ ਪਹੁੰਚੇ ਸੀ, ਜੋ ਕਿ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਔਰਤਾਂ ਦਾ ਕ੍ਰਿਕਟ ਮੈਚ ਦੇਖਣ ਨਹੀਂ ਪਹੁੰਚੇ।

ਐੱਮਸੀਜੀ ਪ੍ਰਬੰਧਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਫਾਈਨਲ ਵਿੱਚ ਪਹੁੰਚਣ ਵਾਲਾ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ। ਉਨ੍ਹਾਂ ਕਿਹਾ ਕਿ, ‘ਸਿਹਤ ਤੇ ਜਨਤਕ ਸੇਵਾਵਾਂ ਵਿਭਾਗ ਨੇ ਵਿਅਕਤੀ ਨੂੰ ਇਲਾਜ ਕਰਨ ਦੀ ਸਲਾਹ ਦਿੱਤੀ ਹੈ ਤੇ ਇਸ ਨੇ ਕੋਵਿਡ-19 ਦੇ ਫੈਲਣ ਨੂੰ ਲੋਕਾਂ ਤੇ ਇਸ ਦੇ ਆਸਪਾਸ ਦੇ ਸਟਾਫ਼ ‘ਚ ਘੱਟ ਜ਼ੋਖਮ ਵਜੋਂ ਦਰਸਾਇਆ ਹੈ। ਇਹ ਵਿਅਕਤੀ ਐੱਮਸੀਜੀ ਦੇ ਸੈਕਸ਼ਨ N42 ‘ਚ ਨਾਰਦਰਨ ਸਟੈਂਡ ਦੇ ਪੱਧਰ 2 ‘ਤੇ ਬੈਠਾ ਹੋਇਆ ਸੀ। ”

ਸਿਹਤ ਤੇ ਜਨਤਕ ਸੇਵਾਵਾਂ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਐੱਨ 42 ‘ਚ ਬੈਠੇ ਲੋਕਾਂ ਨੂੰ ਆਪਣੀ ਆਮ ਰੁਟੀਨ ਜਾਰੀ ਰੱਖਣੀ ਚਾਹੀਦੀ ਹੈ ਤੇ ਸਫਾਈ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇ ਤੁਹਾਨੂੰ ਖਾਂਸੀ ਤੇ ਜ਼ੁਕਾਮ ਵਰਗੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਡਾਕਟਰ ਦੀ ਸਲਾਹ ਜ਼ਰੂਰ ਲਉ।