‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਕਰਫਿਊ ਲਗਾਇਆ ਗਿਆ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਲਾਕਡਾਊਨ ਦੇ ਹੁਕਮ ਦਿੱਤੇ ਹੋਏ ਹਨ, ਪਰ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਇਲਾਕਿਆਂ ਵਿਚਲੇ ਕਰੱਸ਼ਰ ਜ਼ੋਨ ’ਚ ਇਸ ਕਰਫਿਊ ਤੇ ਲਾਕਡਾਊਨ ਕਾਰਨ ਸੁੰਨਸਾਨ ਕਾਲੀਆਂ ਬੋਲੀਆਂ ਰਾਤਾਂ ਦਾ ਲਾਭ ਲੈਂਦੇ ਹੋਏ ਧੜੱਲੇ ਨਾਲ ਕਰੱਸ਼ਰ ਚੱਲ ਰਹੇ ਹਨ ਤੇ ਗੱਡੀਆਂ ’ਚ ਮਾਲ ਦੀ ਢੋਆ-ਢੋਆਈ ਹੋ ਰਹੀ ਹੈ । ਜਿਸ ’ਤੇ ਸਖ਼ਤ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਅਗੰਮਪੁਰ ਕਰੱਸ਼ਰ ਜ਼ੋਨ ’ਚ ਕਰਫਿਊ ਤੇ ਲਾਕਡਾਊਨ ਨਾਲ ਦਿਨ ਵੇਲੇ ਤਾਂ ਬੇਸ਼ੱਕ ਸੁੰਨ ਪੱਸਰੀ ਰਹਿੰਦੀ ਹੈ ਪਰ ਰਾਤ ਦੇ ਹਨ੍ਹੇਰੇ ’ਚ ਸ਼ਰੇਆਮ ਵੱਡੇ-ਵੱਡੇ ਟਰੱਕਾਂ ’ਚ ਮਾਲ ਦੀ ਢੁਆਈ ਕੀਤੀ ਜਾ ਰਹੀ ਹੈ । ਰਾਤ ਦੇ ਹਨ੍ਹੇਰੇ ’ਚ ਹੋ ਰਹੇ ਇਸ ਖਣਨ ਕਾਰੋਬਾਰ ਦਾ ਪ੍ਰਮਾਣ ਮਿਲਣ ’ਤੇ ਸਥਾਨਕ ਐੱਸਐੱਚਓ ਭਾਰਤ ਭੂਸ਼ਣ ਦੇ ਅਦੇਸ਼ਾਂ ’ਤੇ ਅਗੰਮਪੁਰ ਚੌਂਕ ਵਿਚ ਏਐੱਸਆਈ ਸਤਵੰਤ ਸਿੰਘ ਅਤੇ ਏਐੱਸਆਈ ਹਰਿੰਦਰ ਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਲਗਾਏ ਗਏ ਨਾਕੇ ਦੌਰਾਨ ਅਗੰਮਪੁਰ ਵਲੋਂ ਦੋ ਭਰੇ ਹੋਏ ਟਿੱਪਰ ਆਉਂਦੇ ਵਿਖਾਈ ਦਿੱਤੇ।
ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਟਿੱਪਰ ਨੰਬਰ ਪੀਬੀ23ਐੱਮ-9878 ਦੇ ਚਾਲਕ ਗਗਨਦੀਪ ਸਿੰਘ ਪਿੰਡ ਲੁਬਾਣਾ ਟੇਕੂ, ਥਾਣਾ ਨਾਭਾ, ਜ਼ਿਲ੍ਹਾ ਪਟਿਆਲਾ ਦੇ ਨਾਲ ਬੈਠੇ ਬੁੱਧੂ ਸਿੰਘ ਅਤੇ ਟਿੱਪਰ ਨੰਬਰ ਪੀਬੀ13ਬੀ-8973 ਦੇ ਚਾਲਕ ਮਲਕੀਤ ਸਿੰਘ ਅਤੇ ਨਾਲ ਬੈਠੇ ਗੁਰਧੀਰ ਸਿੰਘ ਧੀਰਾ ਜਦਕਿ ਇਕ ਹੋਰ ਟਰੱਕ ਨੰਬਰ ਪੀਬੀ11ਯੂ-4937 ਦੇ ਚਾਲਕ ਵਿਜੈ ਕੁਮਾਰ ਨਿਵਾਸੀ ਮਲੇਰਕੋਟਲਾ ਚੂੰਗੀ, ਥਾਣਾ ਨਾਭਾ ਜ਼ਿਲ੍ਹਾ ਪਟਿਆਲਾ ਤੇ ਨਾਲ ਬੈਠੇ ਜਗਸੀਰ ਸਿੰਘ ਨਿਵਾਸੀ ਪਿੰਡ ਗਲਵੱਟੀ ਥਾਣਾ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਟਿੱਪਰਾਂ ਅਤੇ ਟਰੱਕ ’ਚ ਸਟੋਨ ਡਸਟ ਭਰੀ ਹੋਈ ਹੈ । ਜਦੋਂ ਖਣਨ ਕੀਤੇ ਮਾਲ ਦੀ ਢੁਆਈ ਦੇ ਕਾਗਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਡੀਐੱਸਪੀ ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਇਕ-ਇਕ ਅਰਜ਼ੀ ਲਿਖ ਕੇ ਗੋਲ ਮੋਹਰ ਅਤੇ ਦਸਤਖਤ ਕਰਵਾਏ ਹੋਏ ਸਨ । ਐੱਸਐੱਚਓ ਨੇ ਦੱਸਿਆ ਕਿ ਉਕਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਟਿੱਪਰਾਂ ਤੇ ਟਰੱਕ ਸਣੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ । ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ।