ਚੰਡੀਗੜ੍ਹ- (ਪੁਨੀਤ ਕੌਰ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੱਕ ਬਹੁਤ ਹੀ ਨੇਕ ਪਹਿਲਕਦਮੀ ਕੀਤੀ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖ਼ਰਚ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਪਹਿਲਕਦਮੀ ਕੀਤੀ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫ਼ੈਸਲਾ ਲਿਆ ਸੀ ਕਿ 30 ਨਵੰਬਰ 2020 ਤੱਕ 1100 ਲੋੜਵੰਦ ਸ਼ਰਧਾਲੂਆਂ ਨੂੰ ਟਰੱਸਟ ਆਪਣੇ ਖ਼ਰਚੇ ’ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏਗਾ, ਪਰ ਹੁਣ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਟਰੱਸਟ ਨੇ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦਾ ਫ਼ੈਸਲਾ ਲਿਆ ਹੈ।

ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਪਤਨੀ ਮਨਿੰਦਰ ਕੌਰ ਓਬਰਾਏ ਨੇ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਕਾਰਨ ਸੰਗਤ ਦੇ ਮਨ ’ਚ ਬਹੁਤ ਚਾਅ ਤੇ ਉਤਸ਼ਾਹ ਹੈ, ਪਰ ਹਰੇਕ ਸ਼ਰਧਾਲੂ ਖ਼ਰਚ ਨਹੀਂ ਚੁੱਕ ਸਕਦਾ ਜਿਸ ਲਈ ਉਨ੍ਹਾਂ ਨੇ ਇਹ ਪਹਿਲਕਦਮੀ ਕੀਤੀ ਹੈ।

ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਜਾਣ ਵਾਲੇ ਜਥੇ ਵਿੱਚ 107 ਸ਼ਰਧਾਲੂ ਸ਼ਾਮਲ ਹਨ। ਇਸ ਸਮੁੱਚੇ ਜਥੇ ਲਈ ਰਸਤੇ ’ਚ ਖਾਣ ਪੀਣ ਦਾ ਪ੍ਰਬੰਧ ਵੀ ਟਰੱਸਟ ਵੱਲੋਂ ਕੀਤਾ ਗਿਆ ਹੈ। ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਲਈ ਚੁਣੇ ਗਏ ਸ਼ਰਧਾਲੂਆਂ ਦਾ ਟਰੱਸਟ ਵੱਲੋਂ ਹੀ ਆਨਲਾਈਨ ਅਪਲਾਈ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਮਨਜ਼ੂਰੀ ਮਿਲ ਜਾਣ ਉਪਰੰਤ ਟਰੱਸਟ ਫਿਰ ਉਸ ਸ਼ਰਧਾਲੂ ਦਾ ਘਰ ਤੋਂ ਲੈ ਕੇ ਦਰਸ਼ਨ ਕਰਨ ਉਪਰੰਤ ਸਾਰਾ ਖ਼ਰਚ ਆਪ ਕਰਦਾ ਹੈ।

ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਖ਼ਰਚ ਤਾਂ ਆਪ ਕਰ ਸਕਦੇ ਹਨ ਪਰ ਉਨਾਂ ਨੂੰ ਫ਼ਾਰਮ ਭਰਨ ’ਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਹ ਵੀ ਸੰਪਰਕ ਕਰ ਸਕਦੇ ਹਨ। ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪਲਾਈਨ ਨੰਬਰ 01815096900 ’ਤੇ ਸੰਪਰਕ ਕਰ ਸਕਦੇ ਹਨ। ਇਹ ਪਹਿਲ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੀਤੀ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕਿਹਾ ਕਿ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਇਹ ਯਾਤਰਾ ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਬੱਚਿਆਂ ਵਿੱਚ ਉਨ੍ਹਾਂ ਦੇ ਸਭਿਆਚਾਰ ਅਤੇ ਧਰਮ ਲਈ ਡੂੰਘੀ ਕਦਰ,ਸ਼ਰਧਾ-ਭਾਵਨਾ ਪੈਦਾ ਕਰੇਗੀ।

Leave a Reply

Your email address will not be published. Required fields are marked *