International Punjab

ਕਰਤਾਰਪੁਰ ਲਾਂਘਾ-ਕੈਪਟਨ ਨੇ 2 ਦਿਨ ਬਾਅਦ ਖੋਲੀ ਜ਼ੁਬਾਨ, ਆਪਣੇ ਡੀਜੀਪੀ ਦਾ ਕੀਤਾ ਬਚਾਅ

ਚੰਡੀਗੜ੍ਹ- ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਵੱਲੋਂ ਜ਼ਹਿਰ ਉਗਲਣ ਵਾਲੇ ਬਿਆਨ ਤੋਂ 2 ਦਿਨ ਬਾਅਦ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਲਾਂਘਾ ਕਦੇ ਵੀ ਬੰਦ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਪਾਕਿਸਤਾਨ ਤੋਂ ਖ਼ਤਰਾ ਹੈ ਪਰ ਕਰਤਾਰਪੁਰ ਲਾਂਘੇ ਤੋਂ ਦੇਸ਼ ਨੂੰ ਕੋਈ ਖ਼ਤਰਾ ਨਹੀਂ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਵਿਰੋਧੀ ਧਿਰ ਸੰਤੁਸ਼ਟ ਨਹੀਂ ਹੋਈ ਹੈ। ਇਸ ਮੁੱਦੇ ‘ਤੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਵੀ ਜ਼ਬਰਦਸਤ ਹੰਗਾਮਾ ਹੋਇਆ ਜਿਸਦੇ ਚੱਲਦਿਆਂ ਵਿਧਾਨ ਸਭਾ ਵਿੱਚੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਬਾਹਰ ਆ ਗਏ ਸਨ।

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਖਿਲਾਫ਼ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਡੀਜੀਪੀ ਦਿਨਕਰ ਗੁਪਤਾ ਵੱਲੋਂ ਮੰਗੀ ਮੁਆਫੀ ‘ਤੇ ਤਸੱਲੀ ਨਹੀਂ ਹੈ। ਭਗਵੰਤ ਮਾਨ ਨੇ ਡੀਜੀਪੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੋ ਦਿਨ ਪਹਿਲਾਂ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ ਕਿ ਕਰਤਾਰਪੁਰ ਸਾਹਿਬ ਸਵੇਰ ਤੋਂ ਗਿਆ ਹੋਇਆ ਵਿਅਕਤੀ ਸ਼ਾਮ ਤੱਕ ਅੱਤਵਾਦੀ ਬਣ ਕੇ ਆਵੇਗਾ। ਇਸ ਬਿਆਨ ‘ਤੇ ਸਮੁੱਚੀ ਸਿੱਖ ਕੌਮ,ਸਾਰੇ ਸਿਆਸੀ ਅਤੇ ਸਿੱਖ ਲੀਡਰਾਂ ਨੇ ਸਖ਼ਤ ਨਿੰਦਾ ਕੀਤੀ ਸੀ,ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ‘ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਪੱਸ਼ਟੀਕਰਨ ਦਿੰਦਿਆਂ ਆਪਣੇ ਬਿਆਨ ‘ਤੇ ਅਫ਼ਸੋਸ ਪ੍ਰਗਟਾਇਆ ਸੀ।