Punjab

ਕਣਕ ਦੇ ਭਾਅ ‘ਤੇ ਕੱਟ ਲਾ ਕੇ ਮੋਦੀ ਨੇ ਕਿਸਾਨ ਕਿਤੇ ਹਾਲੋਂ ਬੇਹਾਲ

‘ਦ ਖ਼ਾਲਸ ਬਿਊਰੋ :- ਕੇਂਦਰ ਵੱਲੋਂ ਕਣਕ ਦੀ ਖ਼ਰੀਦ ’ਤੇ ਕੁਆਲਿਟੀ ਕੱਟ ਲਾਉਣ ਅਤੇ ਜ਼ਿਲ੍ਹੇ ਦੀਆਂ ਕੁੱਝ ਮੰਡੀਆਂ ਵਿੱਚ ਖ਼ਰੀਦ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਪਟਿਆਲਾ ਵਿਚਲੀ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ, ਸੰਗਰੂਰ ਰੋਡ ਸਥਿਤ ਮਹਿਮਦਪੁਰ ਮੰਡੀ ਸਮੇਤ ਜ਼ਿਲ੍ਹੇ ਦੀਆਂ ਕੁਝ ਹੋਰਨਾਂ ਮੰਡੀਆਂ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕੱਟ ਲਾਉਣ ਨੂੰ ਲੈ ਕੇ ਕੇਂਦਰ ਸਰਕਾਰ ਤੇ ਮੰਡੀਆਂ ਨਾਲ ਸਬੰਧਤ ਹੋਰ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਹਿਣਾ ਸੀ ਕਿ ਮਹਿਮਦਪੁਰ ਮੰਡੀ ਵਿੱਚ ਤਿੰਨ ਦਿਨਾਂ ਤੋਂ ਬੋਲੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਹਾਲ ਜ਼ਿਲ੍ਹੇ ਦੀਆਂ ਕਈ ਹੋਰ ਮੰਡੀਆਂ ਦਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਮੀਂਹ ਕਾਰਨ ਫ਼ਸਲਾਂ ਦੇ ਹੋਏ ਖਰਾਬੇ ਦੀ ਭਰਪਾਈ ਸਰਕਾਰ ਕਰੇ। ਉਨ੍ਹਾਂ ਕਣਕ ਦੇ ਨਾੜ ਅਤੇ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਲਈ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਮੰਗ ਵੀ ਕੀਤੀ।

ਸਮਾਣਾ: ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟ ਵਿੱਚ ਕੱਟ ਲਗਾਏ ਜਾਣ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਰਜਨਾਂ ਵਰਕਰਾਂ ਨੇ ਸਮਾਣਾ ਦੀ ਅਨਾਜ ਮੰਡੀ ਵਿੱਚ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਦੇ ਮਿੱਥੇ ਸਰਕਾਰੀ ਰੇਟ ਵਿੱਚ ਕਣਕ ਦੀ ਕੁਆਲਿਟੀ ਨੂੰ ਘੱਟ ਮਿਆਰੀ ਦੱਸ ਕੇ 4.81 ਰੁਪਏ ਤੋਂ 24 ਰੁਪਏ ਫੀ-ਕੁਇੰਟਲ ਦੇ ਹਿਸਾਬ ਨਾਲ ਜੋ ਕੱਟ ਲਗਾਉਣ ਦਾ ਐਲਾਨ ਕੀਤਾ ਹੈ ਜੋ ਕਿਸਾਨਾਂ ਨਾਲ ਸਰਾਸਰ ਧੋਖਾ ਹੈ।

ਢੀਂਡਸਾ ਵੱਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ:
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਅਨਾਜ ਮੰਡੀ ਧੂਰੀ ਵਿੱਚ ਪਹੁੰਚ ਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਨੂੰ ਸੈਨੇਟਾਈਜ਼ ਨਹੀਂ ਕੀਤਾ ਗਿਆ ਅਤੇ ਆਪਣੇ ਚਹੇਤਿਆਂ ਨੂੰ ਹੀ ਪਾਸ ਦੇ ਕੇ ਮੰਡੀਆਂ ਵਿੱਚ ਕਣਕ ਦੀਆਂ ਟਰਾਲੀਆਂ ਮੰਗਵਾਈਆਂ ਜਾਂਦੀਆਂ ਹਨ ਜਦਕਿ ਕਿਸਾਨਾਂ ਨੂੰ ਸਮੇਂ ਸਿਰ ਪਾਸ ਮਿਲਣੇ ਜ਼ਰੂਰੀ ਹਨ। ਇਸ ਦੌਰਾਨ ਆੜ੍ਹਤੀਆਂ ਨੇ ਢੀਂਡਸਾ ਨੂੰ ਬਾਰਦਾਨੇ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ।

ਉਨ੍ਹਾਂ ਮੰਡੀ ਵਿੱਚ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਛੇਤੀ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਢੀਂਡਸਾ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੈਨੇਟਾਈਜ਼ਰ ਵੀ ਵੰਡੇ ਗਏ।