Khaas Lekh

ਔਰਨ ਕੀ ਹੋਲੀ ਮਮ ਹੋਲਾ

ਚੰਡੀਗੜ੍ਹ- (ਪੁਨੀਤ ਕੌਰ) ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਪਰਵਾਦ ਦੀ ਜਾਤੀ ਵੰਡ ਅਧੀਨ ਸ਼ੂਦਰਾਂ ਦੀ ਝੋਲੀ ਵਿੱਚ ਪਾਏ ਤਿਓਹਾਰ ਹੋਲੀ ਦੀ ਰੂਪ ਰੇਖਾ ਹੀ ਬਦਲ ਦਿੱਤੀ ਅਤੇ ਇਸ ਨੂੰ ਜ਼ੰਗੀ ਮਸ਼ਕਾਂ ਦੇ ਕੇਂਦਰੀ ਤਿਓਹਾਰ ਵਿੱਚ ਬਦਲ ਕੇ ਇਸ ਦਾ ਨਾਮ ਹੋਲਾ ਮਹੱਲਾ ਰੱਖ ਦਿੱਤਾ ਜਿਸ ਦਾ ਅਰਥ ਮਸਨੂਈ ਜੰਗ਼ੀ ਅਭਿਆਸ ਹੈ ਅਤੇ ਹੱਲਾ ਕਰਨ ਅਤੇ ਰੋਕਣ ਦੀ ਕਿਰਿਆ ਦਾ ਸੂਚਕ ਹੈ।

ਜੇਕਰ ਇਤਿਹਾਸਕ ਸਰੋਤਾਂ ਦੀ ਜਾਂਚ ਕਰੀਏ ਤਾਂ ਸਾਡੀ ਸਰੋਤਾਂ ਪ੍ਰਤੀ ਅਣਗਹਿਲੀ ਜੱਗ ਜ਼ਾਹਰ ਹੁੰਦੀ ਹੈ ਕਿ ਅਸੀਂ ਅੰਤਰਰਾਸ਼ਟਰੀ ਪੱਧਰ ਉੱਪਰ ਇਸ ਮਹਾਨ ਯੁੱਧਨੀਤੀ ਦੇ ਅਭਿਆਸ ਕਲਾ ਦੀ ਅਰੰਭਤਾ ਨੂੰ ਆਪਣੇ ਨਾਲ ਨਾ ਜੋੜ ਸਕੇ ਅਤੇ ਅੰਤਰਰਾਸ਼ਟਰੀ ਇਤਿਹਾਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਮਸਨੂਈ ਜੰਗ਼ ਦੀ ਪਰੰਪਰਾ ਰਾਜੇ ਫੈਡਰਿਕ ਨੇ 1740 ਈ: ਵਿੱਚ ਸ਼ੁਰੂ ਕੀਤੀ ਸੀ। ਇਸ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਤਾਂ ਅਜੇ ਤੱਕ ਰੰਗਾਂ ਦੀ ਖੇਡ ਵਿੱਚੋਂ ਨਿਕਲ ਹੀ ਨਹੀਂ ਸਕੇ ਅਤੇ ਬਿਪਰਵਾਦ ਸਾਨੂੰ ਨਿਕਲਣ ਨਹੀਂ ਦੇਣ ਚਾਹੁੰਦਾ ਅਤੇ ਅਸੀਂ ਇਹ ਜਾਣ ਹੀ ਨਾ ਸਕੇ ਕਿ ਇਹ ਪਰੰਪਰਾ ਤਾਂ ਸਾਡੇ ਗੁਰੂ ਸਾਹਿਬ ਜੀ ਨੇ ਫੈਡਰਿਕ ਤੋਂ ਅੱਧੀ ਸਦੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮਸਨੂਈ ਜੰਗ ਵਿੱਚ ਰੰਗਾਂ ਦੀ ਵਰਤੋਂ ਕੇਵਲ ਦਲਾਂ ਦੀ ਪਛਾਣ ਅਤੇ ਜਿੱਤੀ ਹੋਈ ਵਸਤੂ ਉੱਪਰ ਆਪਣਾ ਕਬਜ਼ਾ ਸਾਬਿਤ ਕਰਨ ਲਈ ਕੀਤੀ ਜਾਂਦੀ ਹੈ।

ਗੁਰਬਾਣੀ ਵਿੱਚ ਕੇਵਲ ਦੋ ਰੰਗਾਂ ਦੀ ਗੱਲ ਕੀਤੀ ਗਈ ਹੈ। ਇੱਕ ਰੰਗ ਉਹ ਹੈ ਜਿਸਨੂੰ ਅਸੀਂ ਕਹਿੰਦੇ ਹਾਂ ‘ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ।। ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ।।’ਇਸ ਤੋਂ ਭਾਵ ਹੈ ਕਿ ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ,ਉਸ ਦੇ ਮਨ ਨੂੰ ਹੀ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ। ਇੱਕ ਨਾਮ ਦਾ ਰੰਗ ਹੈ ਜਿਸਨੂੰ ਲੱਗਣ ਤੋਂ ਬਾਅਦ ਉਸਦੀ ਸੰਭਾਲ ਕਰਨੀ ਪੈਂਦੀ ਹੈ ਕਿਉਂਕਿ ‘ਰਾਮ ਰੰਗੁ ਕਦੇ ਉਤਰਿ ਨ ਜਾਇ।।’ ਪਰਮਾਤਮਾ ਦੇ ਪਿਆਰ ਦਾ ਰੰਗ ਜੇ ਕਿਸੇ ਵਡਭਾਗੀ ਦੇ ਮਨ ਉੱਤੇ ਚੜ੍ਹ ਜਾਏ ਤਾਂ ਫਿਰ ਕਦੇ ਉਸ ਮਨ ਤੋਂ ਉਹ ਰੰਗ ਉਤਰਦਾ ਨਹੀਂ ਹੈ। ਉਹ ਜਿਹੜਾ ਰੰਗ ਹੈ ਜਿਸਨੂੰ ਅਸੀਂ ਲਾਲ ਰੰਗ ਕਹਿੰਦੇ ਹਾਂ,ਉਹ ਜਦੋਂ ਮਨੁੱਖ ਨੂੰ ਲੱਗਦਾ ਹੈ ਤਾਂ ਉਸਨੂੰ ਸੰਭਾਲ ਕੇ ਰੱਖਣਾ ਪੈਂਦਾ ਹੈ। ਇਹ ਰੰਗ ਦੇਗ ਵਿੱਚ ਉਬਾਲਿਆ ਹੋਰ ਪੱਕਾ ਹੁੰਦਾ ਹੈ,ਉਸ ਰੰਗ ਵਾਲਿਆਂ ਨੂੰ ਆਰਿਆਂ ਨਾਲ ਚੀਰਿਆ ਜਾਂਦਾ ਹੈ,ਉਸ ਰੰਗ ਵਾਲੇ ਨੂੰ ਰੂੰ ‘ਚ ਲਪੇਟ ਕੇ ਸਾੜਿਆ ਜਾਂਦਾ ਹੈ,ਉਸ ਰੰਗ ਵਾਲੇ ਦੇ ਬੰਦ-ਬੰਦ ਕੱਟੇ ਜਾਂਦੇ ਹਨ ਪਰ ਉਹ ਰੰਗ ਨਹੀਂ ਉਤਰਦਾ,ਪਰ ਸਾਨੂੰ ਅੱਜ ਤੱਕ ਉਹ ਰੰਗ ਨਹੀਂ ਲੱਭ ਸਕਿਆ।

ਅੱਜ ਜਿਹੜਾ ਸੰਸਾਰ ਦਾ ਰੰਗ ਸਾਨੂੰ ਲੱਗਾ ਹੈ,ਗੁਰੂ ਸਾਹਿਬਾਨ ਨੇ ਉਸ ਰੰਗ ਨੂੰ ‘ਕਸੁੰਭੜਾ’ ਦਾ ਨਾਂ ਦਿੱਤਾ ਹੈ। ‘ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ।।’ ਮਨੁੱਖ ਮਾਇਆ ਦੇ ਸੁਹੱਪਣ ਨੂੰ ਵੇਖ-ਵੇਖ ਕੇ ਫੁੱਲਦਾ ਹੈ,ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੈ,ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ,ਥੋੜ੍ਹਾ ਚਿਰ ਹੀ ਰਹਿੰਦਾ ਹੈ।  ਭਾਈ ਗੁਰਦਾਸ ਜੀ ਕਹਿੰਦੇ ਹਨ ‘ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ।।’ਇਹ ਸੰਸਾਰਕ ਰੰਗ ਲਾ ਕੇ ਅਸੀਂ ਪ੍ਰੀਤਮ ਦੇ ਦੇਸ਼ ਨਹੀਂ ਜਾ ਸਕਦੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਰੰਗ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ,ਉਸ ਰੰਗ ਵਿੱਚ ਸਿੱਖ ਜਦੋਂ ਰੰਗਿਆ ਜਾਂਦਾ ਹੈ ਤਾਂ ਉਸ ਰੰਗ ਵਿੱਚ ਸਿੱਖ ਦੀ ਸੁੱਖ ਦੀ ਰੂਹਾਨੀਅਤ ਬਹੁਤ ਉੱਚੀ ਹੁੰਦੀ ਹੈ।

ਹੁਣ ਤਾਂ ਅਸੀਂ ਹੋਲੀ ਦਾ ਰੰਗ ਹੀ ਤਿਉਹਾਰ ਬਣਾ ਦਿੱਤਾ ਹੈ,ਇੱਕ-ਦੂਜੇ ਦੇ ਉੱਪਰ ਰੰਗ ਸੁੱਟਣੇ,ਅਸੀਂ ਬ੍ਰਾਹਮਣਵਾਦ ਦੀ ਇੱਕ ਚਾਲ ਦਾ ਸ਼ਿਕਾਰ ਹੋਏ ਹਾਂ। ਪਰ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ-ਮਹੱਲਾ ਇਸ ਤਰ੍ਹਾਂ ਨਹੀਂ ਸੀ ਮਨਾਇਆ। ਉਸ ਸਮੇਂ ਦੇ ਕਵੀ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਾਂ ਦੀ ਵਰਤੋਂ ਇੱਕ-ਦੂਜੇ ਨੂੰ ਲਬੇੜਨ ਵਾਸਤੇ ਨਹੀਂ ਸੀ ਕੀਤੀ ਬਲਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀ ਜ਼ਿੰਦਗੀ ਵਿੱਚ ਕੇਸਰ ਦਾ ਰੰਗ ਭਰਿਆ ਹੈ। ਗੁਰੂ ਸਾਹਿਬ ਜੀ ਵੱਲੋਂ ਕੇਸਰ ਦਾ ਰੰਗ ਭਰਨ ਪਿੱਛੇ ਵੀ ਇੱਕ ਖ਼ਾਸ ਕਾਰਨ ਹੈ। ਕੇਸਰ ਹੀ ਇੱਕ ਇਸ ਤਰ੍ਹਾਂ ਦਾ ਬੂਟਾ ਹੈ ਜਿਸਦੀ ਪੱਤੀ ਵਿੱਚ ਰੰਗ ਵੀ ਹੈ,ਸੁਗੰਧ ਵੀ ਹੈ,ਸਵਾਦ ਵੀ ਹੈ ਅਤੇ ਤਾਕਤ ਵੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀ ਜ਼ਿੰਦਗੀ ਵਿੱਚ ਸੁਗੰਧ ਦਾ,ਸਵਾਦ ਦਾ,ਤਾਕਤ ਦਾ ਰੰਗ ਭਰ ਦਿੱਤਾ ਹੈ। ਸਾਡੀ ਹੋਲੀ ਰੰਗਣ ਵਾਲੀ ਹੋਲੀ ਨਹੀਂ ਸੀ,ਸਿੱਖ ਦੀ ਹੋਲੀ ਸਤਸੰਗਤ ਵਿੱਚ ਹੈ,ਸਿੱਖ ਦੀ ਹੋਲੀ ਤਾਂ ਨਾਮ ਦੇ ਰੰਗ ਵਿੱਚ ਰੰਗੇ ਜਾਣਾ ਸੀ। ਸਾਡੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਅਸੀਂ ਬਿਪਰਵਾਦੀ ਰੰਗਾਂ ਦੀ ਖੇਡ ਦੇ ਖਿਡਾਰੀ ਬਣੇ ਆਪਣੇ ਧੜੇ ਨੂੰ ਸਹੀ ਸਾਬਿਤ ਕਰਨ ਲਈ ਆਪਣੇ ਧਰਮ ਦੇ ਅਹਿਮ ਸਾਹਿਤਕ ਸਰੋਤਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।