ਚੰਡੀਗੜ੍ਹ- ਭਾਰਤ ਵਿੱਚ ਵੀ ਕੋਰੋਨਾਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਨੇ ਦਿੱਲੀ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇੱਥੇ ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ ਜਦਕਿ ਤੇਲੰਗਾਨਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਨਿਵਾਸੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਜੋ ਬੀਤੇ ਸਮੇਂ ਇਟਲੀ ਗਈ ਸੀ। ਉੱਥੇ ਹੀ,ਤੇਲੰਗਾਨਾ ਦਾ ਇੱਕ ਮਰੀਜ਼ ਦੁਬਈ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਨਾਲ ਪੀੜਤ ਦੋਵਾਂ ਮਰੀਜ਼ਾਂ ਦੀ ਸਥਿਤੀ ਸਥਿਰ ਹੈ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਦੋਵਾਂ ਹੀ ਮਰੀਜ਼ਾਂ ਦੀ ਵਿਦੇਸ਼ ਯਾਤਰਾ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੇਰਲ ਵਿੱਚ ਕੋਰੋਨਾਵਾਇਰਸ ਦਾ ਇੱਕ ਮਰੀਜ਼ ਮਿਲਿਆ ਸੀ। ਇਹ ਔਰਤ ਭਾਰਤ ਵਿੱਚ ਕੋਰੋਨਾਵਾਇਰਸ ਦੀ ਪਹਿਲੀ ਮਰੀਜ਼ ਸੀ। ਲਗਾਤਾਰ ਦੋ ਟੈਸਟ ਦੀਆਂ ਰਿਪੋਰਟਾਂ ਨਕਾਰਾਤਮਕ ਆਉਣ ਤੋਂ ਬਾਅਦ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਚੀਨ ਵਿੱਚ ਕੋਰੋਨਾਵਾਇਰਸ ਕਾਰਨ 42 ਮੌਤਾਂ ਹੋਰ ਹੋ ਗਈਆਂ ਹਨ। ਇਸਦੇ ਨਾਲ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2912 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਨੇ ਦੁਨੀਆ ਭਰ ਵਿੱਚ 3,000 ਲੋਕਾਂ ਦੀ ਜਾਨ ਲੈ ਲਈ ਹੈ ਅਤੇ 88,000 ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ,ਜਿਨ੍ਹਾਂ ਵਿੱਚੋਂ ਸਿਰਫ਼ ਇਕੱਲੇ ਚੀਨ ਵਿੱਚ 80,000 ਤੋਂ ਵੱਧ ਮਾਮਲੇ ਹਨ। ਪਿਛਲੇ ਸਾਲ ਦਸੰਬਰ ‘ਚ ਚੀਨ ਵਿੱਚ ਕੋਰੋਨਾਵਾਇਰਸ ਦਾ ਪਤਾ ਲੱਗਿਆ ਸੀ ਅਤੇ ਇਹ ਹੁਣ ਤੱਕ 70 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਕਿਹਾ ਕਿ ਐਤਵਾਰ ਨੂੰ ਕੋਰੋਨਾਵਾਇਰਸ ਦੇ 202 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਵੱਧ ਕੇ 80,026 ਹੋ ਗਈ ਹੈ।