ਚੰਡੀਗੜ੍ਹ ( ਹਿਨਾ ) ਆਸਟਰੇਲੀਆ ਦੇ ਸਿਹਤ ਵਿਭਾਗ ਅਨੁਸਾਰ ਦੱਖਣੀ ਆਸਟਰੇਲੀਆ ਵਿੱਚ ਕਰੋਨਵਾਇਰਸ ਦੇ 30 ਕੇਸਾਂ ਸਣੇ ਮੁਲਕ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 305 ਮਾਮਲੇ ਸਾਹਮਣੇ ਆ ਗਏ ਹਨ, ਜਦੋਂਕਿ ਪੰਜ ਲੋਕਾਂ ਦੀ ਮੌਤ ਹੋਈ ਹੈ। ਦੱਖਣੀ ਆਸਟਰੇਲੀਆ ਅੰਦਰ ਕੁੱਝ ਘੰਟਿਆਂ ਵਿੱਚ ਘੱਟੋ-ਘੱਟ 10 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਕਾਟਸ ਕਾਲਜ ਦੀ 12 ਸਾਲ ਦੀ ਵਿਦਿਆਰਥਣ, ਜੋ ਯਾਤਰੂ ਮਾਪਿਆਂ ਤੋਂ ਬਿਮਾਰੀ ਦੀ ਸ਼ਿਕਾਰ ਹੋਈ ਹੈ ਅਤੇ ਇਕ ਹਾਈ ਸਕੂਲ ਦੀ ਅਧਿਆਪਕਾ ਸ਼ਾਮਲ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਫਿਲੀਪੀਨਜ਼ ਤੋਂ ਪਰਤੀ 50 ਸਾਲਾ ਔਰਤ ਅਤੇ ਅਮਰੀਕਾ ਤੋਂ ਪਰਤਿਆ 50 ਸਾਲਾ ਵਿਅਕਤੀ ਆਦਿ ਸ਼ਾਮਲ ਹਨ। ਦੱਖਣੀ ਆਸਟਰੇਲੀਆ ਵਿੱਚ ਲੋਕਾਂ ਵਿਚ ਕਰੋਨਾਵਾਇਰਸ ਦਾ ਖੌਫ਼ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ। ਲੋਕ ਗਰੌਸਰੀ ਸਟੋਰ, ਸ਼ਾਪਿੰਗ ਮਾਲ ਤੇ ਮੈਡੀਕਲ ਸਟੋਰਾਂ ਤੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਲੋੜ ਤੋਂ ਵੱਧ ਖ਼ਰੀਦ ਕੇ ਘਰਾਂ ਵਿੱਚ ਲੰਮੇ ਸਮੇਂ ਲਈ ਸਟੋਰ ਕਰ ਰਹੇ ਹਨ। ਇਸ ਕਾਰਨ ਸਟੋਰਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਰੋਜ਼ਾਨਾ ਵਰਤੋਂ ਦੇ ਸਾਮਾਨ ਦੀ ਕਿੱਲ੍ਹਤ ਆ ਰਹੀ ਹੈ। ਮਹਾਮਾਰੀ ਦੇ ਦਿਨ ਪ੍ਰਤੀ ਦਿਨ ਵਧ ਰਹੇ ਕੇਸਾਂ ਕਾਰਨ ਸ਼ਾਪਿੰਗ ਮਾਲ ਅਤੇ ਗਰੌਸਰੀ ਸਟੋਰਾਂ ਦੀ ਵਿੱਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਕੁੱਝ ਗਰੌਸਰੀ ਸਟੋਰ ਮਾਲਕਾਂ ਨੇ ਵਸਤਾਂ ਦੇ ਭਾਅ ਵਿੱਚ ਵਾਧਾ ਕਰ ਦਿੱਤਾ ਹੈ।