‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਅਸਥਾਨ ਖੋਲ੍ਹਣ ਦੀ ਆਗਿਆ ਤੋਂ ਬਾਅਦ ਅੱਜ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਹਤ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਪਿਛਲੇ ਦਿਨੀਂ ਮੀਟਿੰਗ ਵੀ ਕੀਤੀ ਸੀ, ਜਿਸ ਵਿੱਚ ਸਾਰੇ ਗੁਰੂਘਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਪ੍ਰਵੇਸ਼ ਦੁਆਰ ਉੱਤੇ ਸਿਹਤ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਸਿਹਤ ਵਿਭਾਗ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾ ਅਮਲਾ ਹਰ ਸ਼ਰਧਾਲੂ ਦੇ ਸਰੀਰਕ ਤਾਪ ਦੀ ਜਾਂਚ ਕਰੇਗਾ। ਅੰਦਰ ਦਾਖਲ ਹੋਣ ਤੋਂ ਪਹਿਲਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਹੋਵੇਗੀ। ਕੋਰੋਨਾ ਲੱਛਣਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਹੱਥ ਸਾਫ ਕਰਨ ਲਈ ਸਾਬਣਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਰਿਕਰਮਾ ਵਿੱਚ ਸੰਗਤ ਵਰਾਂਡਿਆਂ ਰਾਹੀਂ ਅੰਦਰ ਜਾਵੇਗੀ। ਦਰਸ਼ਨੀ ਡਿਉਡੀ ਤੋਂ ਅੱਗੇ ਸੰਗਤ ਨੂੰ ਕਤਾਰਾਂ ਵਿੱਚ ਨਿਸ਼ਚਿਤ ਦੂਰੀ ‘ਤੇ ਚੱਲਣ ਲਈ ਆਖਿਆ ਜਾਵੇਗਾ। ਇਸ ਤਰ੍ਹਾਂ ਲੰਗਰ ਹਾਲ ਵਿੱਚ ਵੀ ਨਿਸ਼ਚਿਤ ਦੂਰੀ ‘ਤੇ ਪੰਗਤ ਵਿੱਚ ਬਿਠਾਇਆ ਜਾਵੇਗਾ। ਲੰਗਰ ਬਣਾਉਣ ਵਾਲੀ ਸੰਗਤ ਲੋੜ ਅਨੁਸਾਰ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰੇਗੀ।

ਧਾਰਮਿਕ ਅਸਥਾਨ ਸਵੇਰ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ।

ਹੋਟਲ ਤੇ ਸ਼ਾਪਿੰਗ ਮਾਲ ਵੀ ਅੱਜ ਤੋਂ ਖੁੱਲ੍ਹ ਜਾਣਗੇ

ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਹੋਟਲ ਤੇ ਸ਼ਾਪਿੰਗ ਮਾਲ ਵੀ ਅੱਜ ਤੋਂ ਖੁੱਲ੍ਹ ਜਾਣਗੇ। ਇੱਥੇ ਵੀ ਸਮਾਜਿਕ ਦੂਰੀ, ਹੈਂਡ ਸੈਨੇਟਾਈਜਰ, ਸੀਮਤ ਗਿਣਤੀ, ਹੋਮ ਡਿਲਵਰੀ ਫੂਡ, ਟੇਕ ਅਵੇਅ ਆਦਿ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।

ਜ਼ਰੂਰੀ ਹਦਾਇਤਾਂ:

 1. ਸ਼ਾਪਿੰਗ ਮਾਲ
 • ਸ਼ਾਪਿੰਗ ਮਾਲ ‘ਚ ਜਾਣ ਵਾਲੇ ਵਿਅਕਤੀ ਦੇ ਮੋਬਾਇਲ ਵਿੱਚ ‘ਕੋਵਾ ਐਪ’ ਹੋਣੀ ਲਾਜ਼ਮੀ ਹੈ
 • ਸ਼ਾਪਿੰਗ ਮਾਲ ‘ਚ ਐਂਟਰੀ ਟੋਕਨ ਸਿਸਟਮ ਨਾਲ ਹੋਵੇਗੀ
 • ਮਾਲ ਵਿੱਚ ਦਾਖਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਸੀਮਤ ਸਮਾਂ ਨਿਰਧਾਰਤ ਕੀਤਾ ਜਾਵੇ
 • ਸਰੀਰਕ ਦੂਰੀ ਦਾ ਨਿਯਮ (6 ਫੁੱਟ ਦੀ ਦੂਰੀ) ਦਾ ਪਾਲਣ ਕਰਨਾ ਅਤਿ ਜ਼ਰੂਰੀ
 • ਸ਼ਾਪਿੰਗ ਮਾਲ ਅੰਦਰ 50 ਫੀਸਦੀ ਹਿਸਾਬ ਨਾਲ ਦੁਕਾਨਾਂ ਖੁੱਲਣ
 • ਹਰ ਦੁਕਾਨ ਦੇ ਬਾਹਰ ਮਾਰਕਰ ਨਾਲ ਸਮਾਜਿਕ ਦੂਰੀ ਵਾਲੇ ਚੱਕਰ ਲਗਾਉਣੇ ਜ਼ਰੂਰੀ
 • ਲਿਫਟ ਨੂੰ ਕੋਈ ਨਹੀਂ ਵਰਤੇਗਾ, ਸਿਰਫ ਅਪਾਹਜ ਜਾਂ ਮੈਡੀਕਲ ਐਮਰਜੰਸੀ ਲਈ ਹੀ ਲਿਫਟ ਦੀ ਵਰਤੋਂ ਕੀਤੀ ਜਾਵੇ
 • ਖਰੀਦੇ ਗਏ ਕੱਪੜਿਆਂ ਜਾਂ ਹੋਰ ਕਿਸੇ ਵੀ ਸਮਾਨ ਲਈ ਟਰਾਇਲ ਰੂਮ ਬੰਦ ਰਹਿਣਗੇ
 • ਜਿਲ੍ਹੇ ਦੀ ਸਿਹਤ ਟੀਮ ਨਿਯਮਤ ਤੌਰ ‘ਤੇ ਸ਼ਾਪਿੰਗ ਮਾਲ ‘ਚ ਮੌਜੂਦ ਕਾਮਿਆਂ ਦੀ ਸਿਹਤ ਜਾਂਚ ਕਰੇਗੀ
 • ਰੈਸਟੋਰੈਂਟ ਜਾਂ ਫੂਡ ਕੋਰਟ ਨਹੀਂ ਖੁੱਲਣਗੇ, ਹੋਮ ਡਿਲਵਰੀ ਜਾਂ ਟੇਕ ਅਵੇਅ ਸਹੂਲਤ ਜਾਰੀ ਰੱਖ ਸਕਦੇ ਹਨ
 • ਮਾਲ ‘ਚ ਹੈਂਡ ਸੈਨੇਟਾਈਜ਼ਰ ਰੱਖਣਾ, ਸਰੀਰਕ ਦੂਰੀ ਦਾ ਨਿਯਮ ਅਤੇ ਮਾਸਕ ਪਹਿਨਣਾ ਜ਼ਰੂਰੀ
 1. ਰੈਸਟੋਰੈਂਟ
 • ਸਿਰਫ਼ ਟੇਕ ਅਵੇਅ ਅਤੇ ਹੋਮ ਡਿਲਵਰੀ ਹੀ ਦੇ ਸਕਦੇ ਹਨ
 • ਰੈਸਟੋਰੈਂਟਾਂ ਦਾ ਸਮਾਂ ਰਾਤ ਨੂੰ 8 ਵਜੇ ਤੱਕ
 • 15 ਜੂਨ ਨੂੰ ਨਵਾਂ ਫੈਸਲਾ ਆ ਸਕਦਾ ਹੈ
 • ਹੈਂਡ ਸੈਨੇਟਾਈਜ਼ਰ ਰੱਖਣਾ, ਸਰੀਰਕ ਦੂਰੀ ਦਾ ਨਿਯਮ ਅਤੇ ਮਾਸਕ ਪਹਿਨਣਾ ਜ਼ਰੂਰੀ
 1. ਹੋਟਲ
 • ਹੋਟਲਾਂ ਦੇ ਰੈਸਟੋਰੈਂਟ ਹਾਲੇ ਬੰਦ ਰਹਿਣਗੇ
 • ਮਹਿਮਾਨਾਂ ਨੂੰ ਭੋਜਨ ਕਮਰਿਆਂ ‘ਚ ਪਰੋਸਿਆ ਜਾ ਸਕਦਾ ਹੈ
 • ਹੋਟਲ ਨੂੰ ਰਾਤ ਦਾ ਕਰਫਿਊ (ਰਾਤ 9 ਤੋਂ ਸਵੇਰੇ 5 ਵਜੇ ਤੱਕ) ਦੀ ਪਾਲਣਾ ਸਖ਼ਤੀ ਨਾਲ ਕਰਨੀ ਹੋਵੇਗੀ
 • ਹਰ ਮਹਿਮਾਨ ਨੂੰ ਰਾਤ 9 ਵਜੇ ਤੋਂ ਪਹਿਲਾਂ ਤੇ ਸਵੇਰੇ 5 ਵਜੇ ਤੋਂ ਬਾਅਦ ਹੀ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ