International

ਅੰਨ੍ਹਾ ਕਤਲੋਗਾਰਦ ਮਚਾਉਣ ਤੋਂ ਬਾਅਦ ਅਮਰੀਕਾ ਤੇ ਤਾਲਿਬਾਨ ਨੇ ਕੀਤਾ ਸਮਝੌਤਾ

ਕੱਲ੍ਹ ਸ਼ਨੀਵਾਰ ਨੂੰ ਅਮਰੀਕਾ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟ ਤਾਲਿਬਾਨ ਵਿਚ ਕਤਰ ‘ਚ ਸ਼ਾਂਤੀ ਸਮਝੌਤੇ ‘ ਤੇ ਦਸਤਖਤ ਹੋਏ। ਅਮਰੀਕਾ ਅਤੇ ਤਾਲਿਬਾਨ ਨੇ ਇਤਿਹਾਸਕ ਸਮਝੌਤਾ ਸਿਰੇ ਚੜ੍ਹਾ ਲਿਆ ਹੈ। ਹੁਣ ਇਸ ਸਮਝੌਤੇ ਕਾਰਨ ਦੋਹਾਂ ਵਿਚਾਲੇ ਲੰਬੇ ਸਮੇਂ ਤੋਂ ਛਿੜੀ ਜੰਗ ਸਮਾਪਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਮਝੌਤੇ ਨਾਲ 18 ਸਾਲ ਬਾਅਦ ਅਫਗਾਨਿਸਤਾਨ ਤੋਂ 14 ਮਹੀਨਿਆਂ ਵਿਚ ਆਪਣੀਆਂ ਫੌਜਾਂ ਨੂੰ ਅਮਰੀਕਾ ਵਾਪਿਸ ਲਿਆਦਾ ਜਾਵੇਗਾ। ਤਾਲਿਬਾਨ ਲੜਾਕੂ ਤੋਂ ਨੀਤੀਵਾਨ ਬਣੇ ਮੁੱਲ੍ਹਾ ਬਰਦਾਰ ਤੇ ਵਾਸ਼ਿੰਗਟਨ ਦੇ ਮੁੱਖ ਸਾਲਸੀ ਜ਼ਲਮੇਅ ਖਾਲਿਲਜ਼ਦ ਨੇ ਦੋਹਾ ਦੇ ਸ਼ਾਨਦਾਰ ਹੋਟਲ ਵਿਚ ਸਮਝੌਤੇ ਤੇ ਸਹੀ ਪਾਈ। ਅਮਰੀਕਾ ਸਮਝੌਤੇ ਤੋਂ 135 ਦਿਨਾਂ ਅੰਦਰ ਫੌਜੀ ਬਲਾਂ ਦੀ ਗਿਣਤੀ 13000 ਤੋਂ 8600 ਫੌਜੀਆਂ ਤਕ ਸੀਮਤ ਕਰੇਗਾ।

 

ਅਮਰੀਕਾ-ਤਾਲਿਬਾਨ ਸਮਝੌਤੇ ਨਾਲ ਮਾਹੌਲ ਸਾਜ਼ਗਾਰ ਬਣੇਗਾ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਮਝੌਤਾ ਹੋਣ ਤੋਂ ਪਹਿਲਾਂ ਕਿਹਾ ਕਿ ਜੇ ਤਾਲਿਬਾਨ ਤੇ ਅਫਗਾਨਿਸਤਾਨ ਆਪਣੇ ਵਚਨਾਂ ਤੇ ਖਰੇ ਉਤਰਦੇ ਹਨ ਤਾਂ ਅਫਗਾਨਿਸਤਾਨ ਵਿਚ ਜੰਗ ਦਾ ਖਾਤਮਾ ਹੋਵੇਗਾ ਤੇ ਅਮਰੀਕੀ ਫੌਜੀਆਂ ਨੂੰ ਵਾਪਸ ਸੱਦਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ  ਸਮਝੌਤੇ ਤੋਂ ਬਾਅਦ ਤਾਲਿਬਾਨ ਤੇ ਅਫਗਾਨਿਸਤਾਨ ਵਿਚ ਗੱਲਬਾਤ ਸ਼ੁਰੂ ਹੋਵੇਗੀ, ਜੇ ਇਹ ਗੱਲਬਾਤ ਸਫਲ ਰਹਿੰਦੀ ਹੈ ਤਾਂ ਅਫਗਾਨਿਸਤਾਨ ਵਿਚ ਯੁੱਧ ਸਮਾਪਤ ਹੋ ਜਾਵੇਗਾ ਤੇ ਮਾਹੌਲ ਸਾਜ਼ਗਾਰ ਬਣੇਗਾ।

 

ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੌਂਪੀਓ ਨੇ ਤਾਲਿਬਾਨ ਨੂੰ ਕਿਹਾ ਕਿ ਉਹ ਸਮਝੌਤੇ ਬਾਰੇ ਆਪਣੇ ਵਚਨਾਂ ਦਾ ਪਾਲਣ ਕਰੇ। ਇਸੇ ਤਹਿਤ ਅਲ-ਕਾਇਦਾ ਨਾਲ ਸਬੰਧ ਸਮਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਫਗਾਨੀਆਂ ਦੀ ਜਿੱਤ ਸਿਰਫ ਸ਼ਾਂਤੀ ਤੇ ਖੁਸ਼ਹਾਲੀ ਨਾਲ ਹੀ ਸੰਭਵ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ-ਤਾਲਿਬਾਨ ਸਮਝੌਤੇ ਦਾ ਸਵਾਗਤ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹਿੰਸਾ ਖਤਮ ਕਰਨ ਤੇ ਸ਼ਾਂਤੀ ਸਥਾਪਤ ਕਰਨ ਲਈ ਯਤਨਾਂ ਦਾ ਸਮਰਥਨ ਕਰਨਾ ਭਾਰਤ ਦੀ ਨੀਤੀ ਹੈ।