Punjab

ਅਮਰੀਕ ਸਿੰਘ ਅਜਨਾਲਾ ਨੇ ਕਬੂਲ ਕੀਤਾ ਢੱਡਰੀਆਂਵਾਲੇ ਦਾ ਚੈਲੇਂਜ,ਦੇਖੋ ਕਿੱਥੇ ਹੋਵੇਗੀ ਦੋਵਾਂ ਦੀ ਵਿਚਾਰ

ਚੰਡੀਗੜ੍ਹ- (ਪੁਨੀਤ ਕੌਰ) ਰਣਜੀਤ ਸਿੰਘ ਢੱਡਰੀਆਂਵਾਲੇ ਦੀ ਚੁਣੌਤੀ ਨੂੰ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਬੂਲ ਕਰ ਲਿਆ ਹੈ। ਅਮਰੀਕ ਸਿੰਘ ਅਜਨਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਢੱਡਰੀਆਂਵਾਲੇ ਦੇ ਨਾਲ ਵਿਚਾਰ-ਚਰਚਾ ਕਰਨ ਨੂੰ ਤਿਆਰ ਹਨ। ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਤਾਂ ਢੱਡਰੀਆਂਵਾਲੇ ਦੇ ਨਾਲ ਵਿਚਾਰ ਕਰਨ ਲਈ 15 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਢੱਡਰੀਆਂਵਾਲੇ ਵਿਚਾਰ-ਚਰਚਾ ਕਰਨ ਲਈ ਦਿਨ,ਸਮਾਂ ਤੇ ਥਾਂ ਦੱਸਣ,ਜਦੋਂ ਉਹ ਵਿਚਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਥਕ ਮੁੱਦਿਆਂ ‘ਤੇ ਚਰਚਾ ਸੰਗਤ ਦੀ ਹਾਜ਼ਰੀ ਵਿੱਚ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਉਨ੍ਹਾਂ ਨੂੰ ਵਿਚਾਰ ਕਰਨ ਦੀ ਚੁਣੌਤੀ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਉਸੇ ਸਮੇਂ ਹੀ ਉਨ੍ਹਾਂ ਦੀ ਚੁਣੌਤੀ ਨੂੰ ਸਵੀਕਾਰ ਕਰਕੇ ਵਿਚਾਰ-ਚਰਚਾ ਕਰਨ ਦਾ ਐਲਾਨ ਕਰ ਦਿੱਤਾ ਸੀ। ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਢੱਡਰੀਆਂਵਾਲੇ ਨੇ ਉਨ੍ਹਾਂ ਨੂੰ ਵਿਚਾਰ ਕਰਨ ਲਈ ਅਜੇ ਤੱਕ ਕੋਈ ਜਗ੍ਹਾ,ਸਮਾਂ,ਦਿਨ ਨਹੀਂ ਦੱਸਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਵਾਲ ਪੁੱਛਿਆ ਹੈ। ਉਨ੍ਹਾਂ ਨੇ ਕਿਹਾ ਕਿ ਢੱਡਰੀਆਂਵਾਲੇ ਵੱਲੋਂ ਕੋਈ ਵੀ ਜਗ੍ਹਾ ਤੇ ਸਮਾਂ ਨਾ ਦੱਸੇ ਜਾਣ ਤੋਂ ਬਾਅਦ ਉਹ ਹੁਣ ਖੁਦ ਪ੍ਰਮੇਸ਼ਵਰ ਦੁਆਰ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਦੇ ਸਾਹਮਣੇ ਵਿਚਾਰ-ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਢੱਡਰੀਆਂਵਾਲੇ ਦੇ ਹਮਾਇਤੀਆਂ ਵਿੱਚ ਇਹ ਸ਼ੱਕ ਸੀ ਕਿ ਸ਼ਾਇਦ ਭਾਈ ਅਮਰੀਕ ਸਿੰਘ ਉਨ੍ਹਾਂ ਤੋਂ ਵਿਚਾਰ ਚਰਚਾ ਕਰਨ ਤੋਂ ਡਰ ਗਏ ਹਨ ਕਿਉਂਕਿ ਇਨ੍ਹਾਂ ਦੀ ਵਿਚਾਰ-ਚਰਚਾ ਨੂੰ ਲੈ ਕੇ ਕੋਈ ਵੀਡੀਓ,ਕੋਈ ਖ਼ਬਰ ਨਹੀਂ ਆਈ,ਪਰ ਅਸੀਂ ਢੱਡਰੀਆਂਵਾਲੇ ਤੋਂ ਸਮੇਂ ਦੀ ਉਡੀਕ ਕਰ ਰਹੇ ਸੀ ਪਰ ਸਾਨੂੰ ਅਜੇ ਤੱਕ ਕੋਈ ਸਮਾਂ ਨਹੀਂ ਦਿੱਤਾ ਗਿਆ।

ਢੱਡਰੀਆਂਵਾਲੇ ਨੇ ਕੁੱਝ ਦਿਨ ਪਹਿਲਾਂ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਮਾਰਚ ਆ ਲੈਣ ਦਿਉ,ਉਹ ਮੇਰੇ ਨਾਲ ਸਾਰੀ ਦੁਨੀਆਂ ਦੇ ਸਾਹਮਣੇ ਚੈਨਲ ‘ਤੇ ਸੰਵਾਦ ਕਰੇ,ਅੱਧਾ ਸਮਾਂ ਉਹ ਸਵਾਲ ਕਰਨਗੇ ਤੇ ਅੱਧਾ ਸਮਾਂ ਮੈਂ ਉਨ੍ਹਾਂ ਤੋਂ ਸਵਾਲ ਪੁੱਛਾਂਗਾ।

Comments are closed.