ਚੰਡੀਗੜ੍ਹ-(ਪੁਨੀਤ ਕੌਰ) ਅਮਰੀਕਾ ਦੀ ਪ੍ਰਮੁੱਖ ਲਾਇਬਰੇਰੀ ਵਿੱਚ ਕਨੇਟੀਕਟ ਸਿੱਖ ਕਮਿਊਨਿਟੀ ਦੇ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਦੇ ਯਤਨਾਂ ਸਦਕਾ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਸੁਸ਼ੋਭਿਤ ਕੀਤੀ ਗਈ ਹੈ। 1984 ਨਸਲਕੁਸ਼ੀ ਦੀ ਇਹ ਯਾਦਗਾਰ ਪਹਿਲਾਂ ਵੀ ਅਮਰੀਕਾ ਦੀ ਇੱਕ ਲਾਇਬ੍ਰੇਰੀ  ਵਿੱਚ ਲਗਾਈ ਗਈ ਸੀ ਜਿਸਨੂੰ ਨਿਊਯਾਰਕ ਦੀ ਭਾਰਤੀ ਕਾਂਸਲੇਟ ਸੰਦੀਪ ਚੱਕਰਵਰਤੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ‘ਤੇ ਸੀ| ਕਿਸੇ ਹੱਦ ਤੱਕ ਤਾਂ ਭਾਰਤੀ ਏਜੰਸੀਆਂ ਇਸ ਕੋਸ਼ਿਸ਼ ਵਿੱਚ ਕਾਮਯਾਬ ਤਾਂ ਹੋਈਆ, ਪਰ ਗੁਰੂ ਦੇ ਸਿੰਘਾਂ ਨੇ ਬਰਾਬਰ ਭਾਝੀ ਮੋੜਦਿਆਂ 100 ਤੋਂ ਵੱਧ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਹੋਰਡਿੰਗ ਬੋਰਡ ਸਾਰੇ ਕਨੇਟੀਕਟ ਸੂਬੇ ਵਿੱਚ ਲਗਾਏ ਜੋ ਅਮਰੀਕਨ ਅਖਬਾਰਾਂ ਦੀਆਂ ਸੁਰਖੀਆਂ ਬਣੇ|

ਸਰਦਾਰ ਸਵਰਨਜੀਤ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੇ ਇਸਨੂੰ ਕੌਮ ਦੀ ਅਣਖ਼ ਅਤੇ ਗ਼ੈਰਤ ਦਾ ਮਸਲਾ ਬਣਾ ਕੇ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਿਸਦੇ ਫ਼ਲਸਰੂਪ ਅਮਰੀਕਨ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸਦੇ ਚੱਲਦੇ ਇਹ ਯਾਦਗਾਰ ਇੱਕ ਮਹੀਨੇ ਕਨੇਟੀਕਟ ਕਾਲਜ ਲਗਾਈ ਗਈ ਜਿੱਥੇ ਵਿਦਿਆਰਥੀਆਂ ਨੇ 1984 ਨਸਲਕੁਸ਼ੀ ਉੱਪਰ ਸੈਮੀਨਾਰ ਅਯੋਜਿਤ ਕੀਤੇ ਅਤੇ ਪਹਿਲੀ ਕਿਸੇ ਵਿਦੇਸ਼ੀ ਕਾਲਜ ਵਿੱਚ ਸਿੱਖ ਨਸਲਕੁਸ਼ੀ ਉੱਪਰ ਚਰਚਾ ਹੋਈ,ਬਹੁਤ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਸਿੱਖ ਨਸਲਕੁਸ਼ੀ ਦੇ ਇਤਿਹਾਸ ਬਾਰੇ ਲੇਖ ਵੀ ਲਿਖੇ ਅਤੇ ਸਿੱਖ ਜਜ਼ਬਿਆਂ ਨੂੰ ਅਮਰੀਕਨ ਨਾਗਰਿਕਾਂ ਨੇ ਸਮਝਿਆ ਹੀ ਨਹੀਂ ਸਗੋਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਦੀਆਂ ਕੋਸ਼ਿਸ਼ਾਂ ਸਦਕਾ ਸਿੱਖ ਨਸਲਕੁਸ਼ੀ ਉੱਪਰ ਬਿੱਲ ਵੀ ਪਾਸ ਹੋਇਆ। ਕੈਨੇਟੀਕਟ ਅਸੈਂਬਲੀ  ਨੇ ਮਤਾ ਪਾਸ ਕੀਤਾ ਅਤੇ 1 ਨਵੰਬਰ ਨੂੰ ਰਹਿੰਦੀ ਦੁਨੀਆ ਤੱਕ ਕੇਨਟੀਕਟ ਸੂਬਾ ਇਸ ਦਿਨ ਨੂੰ ਯਾਦਗਾਰ ਵਜੋਂ ਮਨਾਇਆ  ਕਰੇਗੀ। ਸਿੱਖਾਂ ਲਈ ਇਸ ਮਤੇ ਦੇ ਪਾਸ ਹੋਣ ਨਾਲ ਸਟੇਟ ਪਾਰਲੀਮੈਂਟ ਦੇ ਦਰਵਾਜ਼ੇ ਹਰ ਸਾਲ ਖੁੱਲ੍ਹੇ ਹਨ|

ਇਸਦੇ ਨਾਲ ਸਟੇਟ ਗਵਰਨਰ ਨੇ ਜੂਨ ਦੇ ਮਹੀਨੇ ਨੂੰ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਸਿਰਫ਼ ਸਿੱਖ ਨਸਲਕੁਸ਼ੀ ਨੂੰ ਹੀ ਮਾਨਤਾ ਨਹੀਂ ਦਿੱਤੀ ਗਈ ਸਗੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ  ਨੂੰ ਸ਼ਹੀਦ ਦਾ ਦਰਜਾ ਵੀ ਦਿੱਤਾ ਗਿਆ| ਇਹ ਯਾਦਗਾਰ ਇੱਕ ਮਹੀਨਾ ਵਰੀਗਨ ਇਤਿਹਾਸਕ ਗੈਲਰੀ ਵਿੱਚ ਵੀ ਸ਼ਸ਼ੋਬਿਤ ਰਹੀ ਹੈ। ਹੁਣ ਇਹ ਯਾਦਗਾਰ ਵਿਲੀਮੈਨਟਿਕ ਪਬਲਿਕ ਲਾਇਬ੍ਰੇਰੀ ਵਿੱਚ ਇੱਕ ਮਹੀਨੇ ਲਈ ਲਗਾਈ ਗਈ ਹੈ |

ਸਿੱਖ ਕੋਅਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਅਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਭਾਰਤੀ ਕਾਂਸਲੇਟ ਦੀ ਸਿੱਖਾਂ ਦੇ ਰਾਜਨੀਤਕ ਅਤੇ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਾਰਨ ਪਿਛਲੇ ਸਮੇਂ 96 ਗੁਰਦੁਆਰਿਆਂ ਨੇ ਮਤਾ ਪਾਸ ਕਰਕੇ ਬੈਨ ਲਗਾਇਆ ਹੋਇਆ ਸੀ । ਸਮੁੱਚੀ ਜਥੇਬੰਦੀਆਂ ਅਤੇ ਅਮਰੀਕਨ ਸਿੱਖ ਸੰਗਤਾਂ ਦੀ ਇਹ ਪਹੁੰਚ ਹੋਣੀ ਚਾਹੀਦੀ ਹੈ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਇਹੋ ਜਿਹੇ ਉਪਰਾਲੇ ਕੀਤੇ ਜਾਣ। ਮੈਮੋਰੀਅਲ ਵਿਚ ਸਿੱਖ ਝੰਡੇ ਦੇ ਨਾਲ-ਨਾਲ ਅਮਰੀਕੀ ਝੰਡੇ ਦੀ ਵੀ ਵਿਸ਼ੇਸ਼ਤਾ ਹੈ। ਯਾਦਗਾਰ ਵਿੱਚ “ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਪੋਰਟਰੇਟ ਵੀ ਦਿੱਤਾ ਗਿਆ ਹੈ ਜੋ 1980 ਵਿੱਚ ਮਨੁੱਖੀ ਅਧਿਕਾਰਾਂ ਦੇ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ।

Comments are closed.