‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਦੇ ਗੁਰਦੁਆਰਾ ਰਾਮਸਰ ਸਾਹਿਬ ਚੋਂ ਗਾਇਬ ਹੋਏ 328 ਸਰੂਪਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਹਾਲੇ ਵੀ ਭਾਰੀ ਰੋਸ ਹੈ। ਜਿਲ੍ਹਾ ਲੁਧਿਆਣਾ ਪਾਇਲ ਨੇੜੇ ਪੈਂਦੇ  ਪਿੰਡ ਘੁਡਾਣੀ ਕਲਾ ਦੇ ਇਤਿਹਾਸਕ ਗੁਰਦੁਆਰਾ ਨਿੰਮਸਰ ਸਾਹਿਬ ਦਰਬਾਰ ਸਾਹਿਬ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ  SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਿੱਖ ਜਥੇਬੰਦੀਆਂ ਨੇ ਜੰਮ ਕੇ ਵਿਰੋਧ ਕੀਤਾ ਅਤੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਗੁੱਸੇ ਵਿੱਚ ਆਏ ਸਿੱਖ ਨੌਜਵਾਨ ਲੌਂਗੋਵਾਲ ਦੀ ਕਾਰ ਮੂਹਰੇ ਲੰਮੇ ਪੈ ਗਏ ਅਤੇ ਸਿੱਧੇ ਤੌਰ ‘ਤੇ ਸੁਆਲ ਕਰਦਿਆਂ ਕਿਹਾ ਕਿ 328 ਸਰੂਪਾਂ ਦੇ ਮਾਮਲੇ ਵਿੱਚ ਅਸਲ ਦੋਸ਼ੀਆਂ ਨੂੰ ਸਿੱਖ ਸੰਗਤ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ।

ਪੰਥਕ ਅਕਾਲੀ ਲਹਿਰ ਨੌਜਵਾਨ ਵਿੰਗ ਕਮੇਟੀ ਦੇ ਮੈਂਬਰ ਭਾਈ ਲਖਵੰਤ ਸਿੰਘ ਦੋਬੁਰਜੀ, ਅਤੇ ਭਾਈ ਵਿਸਾਖਾ ਸਿੰਘ ਦੇ ਸਾਥੀਆਂ ਨੇ ਇਲਜ਼ਾਮ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ  ਸਰੂਪ ਲਾਪਤਾ ਹਨ। SGPC ਸਪੱਸ਼ਟ ਕਰੇ ਕਿ ਇਹ ਸਰੂਪ ਕਿੱਥੇ ਗਏ ਅਤੇ ਕਿਸਨੇ ਲਾਪਤਾ ਕੀਤੇ ਹਨ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਛੋਟੀਆਂ ਮੱਛੀਆਂ ’ਤੇ ਕਾਰਵਾਈ ਕਰ ਦਿੱਤੀ ਗਈ ਪਰ ਅਸਲ ਕਸੂਰਵਾਰਾਂ ਦੇ ਨਾਮ ਸਾਹਮਣੇ ਨਹੀਂ ਲਿਆਂਦੇ ਗਏ।

ਜਿਸ ਦਾ ਜਵਾਬ ਦਿੰਦਿਆਂ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਮੰਗ ’ਤੇ ਹੀ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚਿਆ ਸੀ, ਜਿਸ ਦੀ ਜਾਂਚ ਐਡਵੋਕੇਟ ਡਾ. ਈਸ਼ਰ ਸਿੰਘ ਕੋਲੋਂ ਕਰਵਾਈ ਗਈ ਹੈ ਜੋ ਇਸ ਮਾਮਲੇ ਵਿੱਚ ਕਸੂਰਵਾਰ ਪਾਏ ਗਏ ਹਨ ਕਿਸੇ ਨੂੰ ਬਖਸ਼ਿਆ ਨਹੀਂ ਗਿਆ। ਕਮੇਟੀ ਦੀ ਸਿਫਾਰਸ਼ ਅਨੁਸਾਰ ਜਿਨ੍ਹਾਂ ’ਤੇ ਫੌਜਦਾਰੀ ਕੇਸ ਬਣਦਾ ਸੀ ਉਨ੍ਹਾਂ  ‘ਤੇ ਮੁਕੱਦਮਾ ਦਰਜ ਕੀਤਾ ਗਿਆ।

Leave a Reply

Your email address will not be published. Required fields are marked *