‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਗਠਨ ਯਾਨਿ WHO ਦੇ ਅਨੁਸਾਰ ਕੋਵਿਡ-19 ਦੇ ਬਣ ਰਹੇ ਕਿਸੇ ਵੀ ਟੀਕੇ ਨੂੰ ਜ਼ੀਰੋ ਡਿਗਰੀ ਤੋਂ ਘੱਟ ਤਾਪਮਾਨ ਦੀ ਲੋੜ ਹੋਵੇਗੀ। ਉਦਾਹਰਣ ਵਜੋਂ ਭਾਰਤ ਵਿੱਚ ਗਰਮੀਆਂ ਦੇ ਮੌਸਮ ਵਿੱਚ ਤਾਪਮਾਨ 50 ਸੈਲਸੀਅਸ (122F) ਤੱਕ ਵੱਧ ਸਕਦਾ ਹੈ ਅਤੇ ਲਗਭਗ ਸਾਰੇ ਹੀ ਟੀਕਿਆਂ ਨੂੰ 2 ਡਿਗਰੀ ਸੈਲਸੀਅਸ ਤੇ 8 ਡਿਗਰੀ ਤਾਪਮਾਨ ਦੇ ਵਿਚਕਾਰ ਹੀ ਟਰਾਂਸਪੋਰਟ ਤੱਕ ਰੱਖਣਾ ਅਤੇ ਵੰਡਣਾ ਪਏਗਾ, ਜਿਸ ਨੂੰ ਕੋਲਡ-ਚੇਨ ਕਿਹਾ ਜਾਂਦਾ ਹੈ। ਸੋਚੋ ਜੇ ਅਜਿਹਾ ਕੋਵਿਡ -19 ਟੀਕਾ ਜੋ ਗਰਮੀ ਲਈ ਸਹਿਣਸ਼ੀਲ ਹੋਵੇ ਅਤੇ ਕੋਲਡ ਚੇਨ ‘ਤੇ ਨਿਰਭਰ ਕੀਤੇ ਬਿਨਾਂ ਦੂਰ-ਦੁਰਾਡੇ ਦੇ ਲੱਖਾਂ ਕਸਬਿਆਂ ਅਤੇ ਪਿੰਡਾਂ ਵਿੱਚ ਪਹੁੰਚਾਇਆ ਜਾ ਸਕੇ।

ਭਾਰਤੀ ਵਿਗਿਆਨੀਆਂ ਦਾ ਇੱਕ ਸਮੂਹ ਅਜਿਹੇ ਟੀਕੇ ‘ਤੇ ਕੰਮ ਕਰ ਰਿਹਾ ਹੈ। ਜਿਸ ਨੂੰ ਲੈ ਕੇ ਇਹ ਦਾਅਵਾ ਹੈ ਕਿ “ਵਾਰਮ” ਜਾਂ ਗਰਮੀ ਵਿੱਚ ਸਥਿਰ ਰਹਿਣ ਵਾਲਾ ਟੀਕਾ, 100 ਡਿਗਰੀ ਸੈਲਸੀਅਸ ‘ਤੇ 90 ਮਿੰਟਾਂ ਲਈ, 70 ਡਿਗਰੀ ‘ਤੇ ਲਗਭਗ 16 ਘੰਟਿਆਂ ਲਈ ਅਤੇ 37 ਡਿਗਰੀ ‘ਤੇ ਇੱਕ ਮਹੀਨੇ ਅਤੇ ਇਸ ਤੋਂ ਵੱਧ ਸਮੇਂ ਲਈ ਰੱਖਿਆ ਜਾ ਸਕਦਾ ਹੈ।

ਪ੍ਰੋ: ਰਾਘਵਨ ਵਰਦਰਾਜਨ, ਜੀਵ-ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਈਂਸ ਦੇ ਪ੍ਰੋਫੈੱਸਰ ਹਨ ਅਤੇ ਉਨ੍ਹਾਂ ਦੀ ਟੀਮ ਨੇ ਇਸ ਟੀਕੇ ਦਾ ਜਾਨਵਰਾਂ ‘ਤੇ ਟੈਸਟ ਕੀਤਾ ਹੈ। ਵਰਦਰਾਜਨ ਨੇ ਦੱਸਿਆ, “ਸਾਨੂੰ ਚੰਗੇ ਨਤੀਜੇ ਮਿਲੇ ਹਨ।” ਹੁਣ ਉਹ ਮਨੁੱਖਾਂ ‘ਤੇ ਸੁਰੱਖਿਆ ਅਤੇ ਇਸ ਦੇ ਜ਼ਹਿਰੀਲੇਪਨ ਦਾ ਟੈਸਟ ਕਰਨ ਲਈ ਫੰਡ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਦੇ ਪੇਪਰ ਅਮਰੀਕਨ ਸੁਸਾਇਟੀ ਫਾਰ ਬਾਇਓਕੈਮਰੀ ਐਂਡ ਮੋਲੀਕਿਊਲਰ ਬਾਇਓਲੋਜੀ ਵਲੋਂ ਛਾਪੇ ਜਾਂਦੇ ਇੱਕ ਵਿਗਿਆਨਕ ਜਰਨਲ, ‘ਜਰਨਲ ਆਫ਼ ਬਾਇਓਲੋਜੀਕਲ ਕੈਮਿਸਟਰੀ’ ਲਈ ਚੁਣੇ ਗਏ ਹਨ। ਭਾਰਤ ਦੇ ਬਾਇਓਟੈਕਨਾਲੋਜੀ ਵਿਭਾਗ ਦੀ ਸਕੱਤਰ ਡਾ. ਰੇਨੂੰ ਸਵਰੂਪ ਦਾ ਕਹਿਣਾ ਹੈ, “ਮੈਨੂੰ ਉਮੀਦ ਹੈ ਕਿ ਇਸ ਅਧਿਐਨ ਤੋਂ ਬਾਅਦ ਕੋਲਡ-ਚੇਨ ਟੀਕਿਆਂ ਦੇ ਨਾਲ ਨਵੇਂ ਰਾਹ ਖੁੱਲ੍ਹਣਗੇ।”

ਵਧੇਰੇ ਤਾਪਮਾਨ ਵਿੱਚ ਰੱਖੇ ਜਾਣ ਵਾਲੇ ਟੀਕੇ

ਟੀਕੇ ਜੋ ਵਧੇਰੇ ਤਾਪਮਾਨ ਨੂੰ ਝੱਲ ਸਕਣ, ਉਹ ਬਹੁਤ ਘੱਟ ਹੁੰਦੇ ਹਨ। ਮੈਨਿਨਜਾਈਟਿਸ (ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਕਵਰ ਕਰਨ ਵਾਲੇ ਮੈਂਬਰੇਨ ‘ਤੇ ਸੋਜਿਸ਼ ਆਉਣਾ), HPV ਅਤੇ ਹੈਜਾ ਦਾ ਇਲਾਜ ਕਰਨ ਵਾਲੇ ਤਿੰਨ ਟੀਕੇ ਹੀ ਹਨ ਜੋ WHO ਵਲੋਂ ਪ੍ਰਮਾਣਿਤ ਹਨ ਅਤੇ 40 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ‘ਤੇ ਵਰਤੇ ਜਾ ਸਕਦੇ ਹਨ।

ਇਹ ਟੀਕੇ ਜਲਦੀ ਹੀ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚਾਏ ਜਾ ਸਕਦੇ ਹਨ, ਜਿੱਥੇ ਪਹੁੰਚਣਾ ਔਖਾ ਹੈ ਅਤੇ ਸਿਹਤ ਕਰਮਚਾਰੀਆਂ ‘ਤੇ ਦਬਾਅ ਘਟਾ ਸਕਦੇ ਹਨ। WHO ਅਨੁਸਾਰ ਇਹ ਵੱਡੇ ਪੱਧਰ ‘ਤੇ ਐਮਰਜੈਂਸੀ ਦੌਰਾਨ ਮਦਦਗਾਰ ਹੁੰਦੇ ਹਨ ਜਿਵੇਂ ਕਿ ਪਿਛਲੇ ਸਾਲ ਮੋਜ਼ਾਂਬਿਕ ਵਿੱਚ ਚੱਕਰਵਾਤ ਈਦਈ ਤੋਂ ਬਾਅਦ ਫੈਲੇ ਓਰਲ ਹੈਜ਼ਾ ਲਈ ਟੀਕੇ ਪਹੁੰਚਾਏ ਗਏ ਸਨ।

ਮੈਡੀਸੀਨਜ਼ ਸੈਂਸ ਫਰੰਟੀਅਰਜ਼ ਦੀ ‘ਐਕਸੈੱਸ ਮੁਹਿੰਮ’ ਦੇ ਨੀਤੀ ਸਲਾਹਕਾਰ ਜੂਲੀਅਨ ਪੋਟੇਟ ਦਾ ਕਹਿਣਾ ਹੈ, “ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲੋਕਾਂ ਤੱਕ ਟੀਕੇ ਪਹੁੰਚਾਉਣਾ ਅਤੇ ਉਹ ਵੀ ਕੋਲਡ ਚੇਨ ਤੋਂ ਬਿਨਾ ਟੀਕੇ ਪਹੁੰਚਾਉਣ ਦੀ ਸੰਭਾਵਨਾ ਬਹੁਤ ਮਦਦਗਾਰ ਹੋਵੇਗੀ। ਇਹ ਖਾਸ ਤੌਰ ‘ਤੇ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮਾਂ ਲਈ ਮਦਦਗਾਰ ਹੋ ਸਕਦੀ ਹੈ ਜਦੋਂ ਹਜ਼ਾਰਾਂ ਟੀਕੇ ਦੀਆਂ ਖੁਰਾਕਾਂ ਨੂੰ ਥੋੜੇ ਸਮੇਂ ਵਿਚ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ।”

ਭਾਰਤ ਦਾ ਟੀਕਾਕਰਨ ਪ੍ਰੋਗਰਾਮ

ਭਾਰਤ ਨੂੰ ਕੋਵਿਡ -19 ਟੀਕਿਆਂ ਦੀਆਂ 400-500 ਮਿਲੀਅਨ (40-50 ਕਰੋੜ) ਖੁਰਾਕਾਂ ਮਿਲਣ ਅਤੇ ਵਰਤੋਂ ਦੀ ਉਮੀਦ ਹੈ ਅਤੇ ਅਗਲੇ ਸਾਲ ਜਨਵਰੀ ਤੋਂ ਜੁਲਾਈ ਦੇ ਵਿਚਕਾਰ ਤਕਰੀਬਨ 250 ਮਿਲੀਅਨ (25 ਕਰੋੜ) ਲੋਕਾਂ ਦੇ ਟੀਕਾਕਰਣ ਦੀ ਯੋਜਨਾ ਹੈ।

ਇਹ ਮੁੱਖ ਤੌਰ ‘ਤੇ ਦੇਸ ਦੇ 42 ਸਾਲ ਪੁਰਾਣੇ ਟੀਕਾਕਰਨ ਪ੍ਰੋਗਰਾਮ ਰਾਹੀਂ ਵੰਡੇ ਜਾਣਗੇ, ਜੋ ਕਿ ਦੁਨੀਆਂ ਦੇ ਸਭ ਤੋਂ ਵੱਡੇ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਸ ਦੇ ਤਹਿਤ 55 ਮਿਲੀਅਨ ਲੋਕਾਂ ਮੁੱਖ ਤੌਰ ‘ਤੇ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰੇਕ ਸਾਲ ਕਈ ਬਿਮਾਰੀਆਂ ਖਿਲਾਫ਼ 390 ਮਿਲੀਅਨ (39 ਕਰੋੜ) ਮੁਫ਼ਤ ਟੀਕੇ ਲਾਏ ਜਾਂਦੇ ਹਨ।

ਇਸ ਵਿਸ਼ਾਲ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਭਾਰਤ ਕੋਲ ਪਹਿਲਾਂ ਹੀ ਟੀਕਿਆਂ ਲਈ ਸਰਕਾਰੀ ਕੋਲਡ ਸਟੋਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਹੈ ਜੋ ਅੱਠ ਮਿਲੀਅਨ (80 ਲੱਖ) ਤੋਂ ਵੱਧ ਥਾਵਾਂ ‘ਤੇ ਖੁਰਾਕਾਂ ਪਹੁੰਚਾ ਸਕਦਾ ਸਕਦਾ ਹੈ।

ਟੀਕੇ ਠੰਡੇ ਰੱਖਣ ਲਈ ਫ੍ਰੀਜ਼ਰ, ਆਈਸ-ਲਾਈਨਡ ਫਰਿੱਜ (ਸੁਰੱਖਿਅਤ ਸਟੋਰ ਕਰਨ ਲਈ ਬਣੇ ਰੈਫਰਿਜਰੇਟਰ), ਰੈਫਰਿਜਰੇਟਰ ਵਾਲੇ ਟਰੱਕ, ਠੰਢੇ ਪੈਕ ਜਿਵੇਂ ਕਿ ਸੁੱਕੀ ਬਰਫ ਅਤੇ ਕੋਲਡ ਬਕਸੇ, ਜੋ ਕਿ ਦੂਰ ਤੱਕ ਹਰੇਕ ਥਾਂ ‘ਤੇ ਟੀਕੇ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਲਗਭਗ 40 ਲੱਖ ਡਾਕਟਰ ਅਤੇ ਨਰਸਾਂ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਹਨ।

ਬਲੂ ਸਟਾਰ, ਜੋ ਕਿ ਵੱਡੇ ਪੱਧਰ ‘ਤੇ ਦਵਾਈਆਂ ਜਾਂ ਮੈਡੀਕਲ ਨਾਲ ਸਬੰਧਤ ਕੋਲਡ ਚੇਨ ਚਲਾਉਂਦੇ ਹਨ, ਦੇ ਮੈਨੇਜਿੰਗ ਡਾਇਰੈਕਟਰ ਬੀ ਥਿਆਗਰਾਜਨ ਕਹਿੰਦੇ ਹਨ, “ਭਾਰਤ ਨੇ ਵੱਡੇ ਪੱਧਰ ‘ਤੇ ਟੀਕੇ ਅਤੇ ਟੀਕਾਕਰਨ ਕੀਤਾ ਹੈ।” “ਜਦੋਂ ਟੀਕਿਆਂ ਦੀ ਗੱਲ ਆਉਂਦੀ ਹੈ ਜਿਨ੍ਹਾਂ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ ‘ਤੇ ਰੱਖਣਾ ਹੁੰਦਾ ਹੈ, ਤਾਂ ਅਸੀਂ ਉਸ ਨਾਲ ਚੰਗੀ ਤਰ੍ਹਾਂ ਲੈਸ ਹਾਂ। ਜੇ ਟੀਕੇ ਨੂੰ -40 ਡਿਗਰੀ ਤਾਪਮਾਨ ‘ਤੇ ਰੱਖਣਾ ਹੈ ਤਾਂ ਮੁਸ਼ਕਲ ਹੋਵੇਗੀ।”

WHO ਦਾ ਕਹਿਣਾ ਹੈ ਕਿ ਜਿਹੜੇ ਕੋਵਿਡ -19 ਟੀਕਿਆਂ ‘ਤੇ ਕੰਮ ਚੱਲ ਰਿਹਾ ਹੈ, ਉਨ੍ਹਾਂ ਨੂੰ ਤਾਪਮਾਨ ਦੀਆਂ ਲੋੜਾਂ ਮੁਤਾਬਕ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। 2-8 ਡਿਗਰੀ, -20 ਡਿਗਰੀ ਅਤੇ -70 ਡਿਗਰੀ ਸੈਲਸੀਅਸ। ਮਾਹਰ ਕਹਿੰਦੇ ਹਨ, ਬਹੁਤ ਸਾਰੇ ਕੈਂਡੀਡੇਟਜ਼ ਨੂੰ ‘ਅਲਟ੍ਰਾ ਕੋਲਡ ਚੇਨ’ ਦੀ ਲੋੜ ਹੋਵੇਗੀ ਜੋ ਕਈ ਦੇਸਾਂ ਲਈ ਚੁਣੌਤੀ ਸਾਬਤ ਹੋਵੇਗਾ।”

ਵੱਡੇ ਪ੍ਰਧਰ ‘ਤੇ ਟੀਕਾਕਰਨ ਪ੍ਰੋਗਰਾਮ ਲਈ ਲਗਾਤਾਰ ਕੋਲਡ ਚੇਨ ਨੂੰ ਯਕੀਨੀ ਬਣਾਉਣਾ ਇੱਕ ਵੱਡੀ ਚੁਣੌਤੀ ਹੋਵੇਗਾ।ਤਕਰੀਬਨ 40 ਮਿਲੀਅਨ ਟਨ ਦਾ ਭਾਰਤ ਦੀ ਕੋਲਡ ਸਟੋਰੇਜ ਦੀ ਵਿਵਸਥਾ ਦੁਨੀਆਂ ਦੀ ਸਭ ਤੋਂ ਵੱਡੀ ਵਿਵਸਥਾ ਵਿੱਚੋਂ ਇੱਕ ਹੈ ਪਰ ਇਹ ਮੁੱਖ ਤੌਰ ‘ਤੇ ਤਾਜ਼ਾ ਭੋਜਨ, ਸਿਹਤ ਸੰਭਾਲ ਉਤਪਾਦਾਂ, ਫੁੱਲਾਂ ਅਤੇ ਰਸਾਇਣਾਂ ਨੂੰ ਸਟੋਰ ਕਰਨ ਲਈ ਹੈ।

ਜ਼ਿਆਦਾਤਰ ਟੀਕਿਆਂ ਨੂੰ ਸਾਂਭਣ ਲਈ ਇਹ ਯੋਜਨਾ ਕੌਮਾਂਤਰੀ ਪੱਧਰ ‘ਤੇ ਸਫਾਈ ਦੇ ਨਿਯਮਾਂ ਮੁਤਾਬਕ ਨਹੀਂ ਹੈ। ਜੇ ਜ਼ਿਆਦਾ ਤਾਪਮਾਨ ਵਿੱਚ ਟੀਕਿਆਂ ਨੂੰ ਰੱਖਿਆ ਜਾਵੇ ਤਾਂ ਇਨ੍ਹਾਂ ਦਾ ਅਸਰ ਖ਼ਤਮ ਹੋ ਜਾਂਦਾ ਹੈ। ਆਵਾਜਾਈ ਦੌਰਾਨ ਜੰਮਨ ਤੋਂ ਬਚਾ ਕੇ ਰੱਖਣਾ ਹੁੰਦਾ ਹੈ ਅਤੇ ਜ਼ਿਆਦਾ ਗਰਮੀ ਤੋਂ ਬਚਾਉਣਾ ਹੁੰਦਾ ਹੈ। ਭਾਵੇਂ ਟੀਕਾ ਦੋ ਡਿਗਰੀ ਤੋਂ 8 ਡਿਗਰੀ ਤੱਕ ਰੱਖਿਆ ਜਾ ਸਕਦਾ ਹੈ, ਜ਼ਿਆਦਾਤਰ ਕੋਲਡ ਚੇਨਜ਼ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਬੱਚਿਆਂ ਦਾ ਟੀਕਾਕਰਨ ਸਹੀ ਹੋਵੇ।

WHO ਅਨੁਸਾਰ, “ਅਸੀਂ ਕੋਵਿਡ -19 ਲਈ ਪੂਰੀ ਆਬਾਦੀ ਨੂੰ ਤੇਜ਼ੀ ਨਾਲ ਟੀਕਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਇਸ ਲਈ ਖਤਰਾ ਹੈ ਕਿ ਇਸ ਦੀ ਸਮਰੱਥਾ ਘੱਟ ਰਹੇ।”

ਅਮਰੀਕਾ-ਅਧਾਰਤ ਡਿਊਕ ਗਲੋਬਲ ਹੈਲਥ ਇੰਸਟੀਚਿਊਟ ਦੇ ਐਂਡਰਿਆ ਟੇਲਰ ਦਾ ਕਹਿਣਾ ਹੈ, “ਇੱਥੇ ਅਹਿਮ ਚੁਣੌਤੀਆਂ ਹਨ ਅਤੇ ਉਨ੍ਹਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਇਹ ਜਾਣੇ ਬਗੈਰ ਕਿ ਉਨ੍ਹਾਂ ਦੀ ਟੀਕਿਆਂ ਜਾਂ ਖੁਰਾਕਾਂ ਜਾਂ ਲੋੜੀਂਦੀ ਕੋਲਡ ਸਟੋਰੇਜ ਤੱਕ ਪਹੁੰਚ ਹੋਵੇਗੀ, ਦੇਸਾਂ ਲਈ ਇਸ ਤੋਂ ਪਹਿਲਾਂ ਤਿਆਰ ਰਹਿਣਾ ਬਹੁਤ ਔਖਾ ਹੈ।” ਉਦੋਂ “ਵਾਰਮ ਵੈਕਸੀਨ” ਖੇਡ ਬਦਲ ਸਕਦਾ ਹੈ।

Leave a Reply

Your email address will not be published. Required fields are marked *