‘ਦ ਖ਼ਾਲਸ ਬਿਊਰੋ :- ਸ਼ਹੀਦ ਭਗਤ ਸਿੰਘ ਨਗਰ , ਨਵਾਂ ਸ਼ਹਿਰ ਦੇ ਇੱਕ ਪਿੰਡ ਪਠਲਾਵਾ ਵਾਸੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ, ਪਠਲਾਵਾ ਵਾਸੀਆਂ ਨੇ ਆਪਣੇ ਪਿੰਡ ਦੇ ਕੋਰੋਨਾ ਮੁਕਤ ਹੋਣ ਦੇ ਸ਼ੁਕਰਾਨੇ ਵਜੋਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ 15 ਲੱਖ ਦੀ ਰਸਦ ਭੇਂਟ ਕੀਤੀ ਹੈ। ਦਰਸਲ ਪਠਲਾਵਾ ਉਹੀ ਪਿੰਡ ਹੈ ਜਿੱਥੋ ਦੇ ਬਲਦੇਵ ਸਿੰਘ ਰਹਿਣ ਵਾਲੇ ਸਨ। ਜਿਹੜੇ ਕਿ ਪੰਜਾਬ ‘ਚ ਪਹਿਲਾਂ ਹੀ ਕੋਵਿਡ-19 ਦੇ ਪੀੜਤ ਸਨ ਅਤੇ ਜਿਨ੍ਹਾਂ ਦੀ ਮੌਤ ਹੀ ਪੰਜਾਬ ਦੇ ਵਿੱਚ ਕੋਰੋਨਾ ਨਾਲ ਹੋਈ ਪਹਿਲੀ ਮੌਤ ਸੀ। ਜਿਸ ਤੋਂ ਬਾਅਦ ਪਠਲਾਵਾ ਵਾਸੀਆਂ ਉੱਤੇ ਇੱਕ ਵੱਡੀ ਬਿਪਤਾ ਦਾ ਕਾਰਨ ਬਣੀ। ਗਿਆਨੀ ਬਲਦੇਵ ਸਿੰਘ ਦੇ ਪਰਿਵਾਰਿਕ ਜਿਆਂ ਤੇ ਪਿੰਡ ਦੇ ਕਰੀਬੀਆਂ ਵਿੱਚ ਕਰੋਨਾਵਾਇਰਸ ਦੀ ਲਾਗ ਹੋਣ ਕਾਰਨ ਬਲਦੇਵ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਰੁਧ ਘਟਿਆ ਮਾਨਸਿਕਤਾ ਦੇ ਲੋਕਾਂ ਵੱਲੋਂ ਨਫ਼ਰਤ ਦੇ ਪ੍ਰਚਾਰ ਵੀ ਕੀਤਾ ਗਿਆ। ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਲੁਕਾਉਂਦੇ ਹੋਏ ਕੋਰੋਨਾਵਾਇਰਸ ਦੇ ਪੀੜਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਦੌਰਾਨ ਪਠਲਾਵਾ ਵਾਸੀਆਂ ਨੂੰ ਮੁਸੀਬਤ ਦਾ ਦੋਹਰਾ ਰੂਪ ਦਾ ਟਾਕਰਾ ਕਰਨਾ ਪਿਆ। ਇੱਕ ਪਾਸੇ ਪਿੰਡ ਵਾਸੀ ਇਸ ਬਿਮਾਰੀ ਕਾਰਨ ਲੱਗੀਆਂ ਸਖ਼ਤ ਰੋਕਾਂ ਦਾ ਮੁਕਾਬਲਾ ਕਰ ਰਹੇ ਸਨ ਤੇ ਦੂਜੇ ਪਾਸੇ ਸਰਕਾਰੀ ਤੰਤਰ ਦੀ ਸ਼ਹਿ ਨਾਲ ਖ਼ਬਰਖਾਨੇ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਦਾ। ਪਿੰਡ ਵਾਲਿਆਂ ਨੇ ਸਬਰ ਨਾਲ ਰੋਕਾਂ ਦੀ ਪਾਲਣਾ ਕੀਤੀ ਅਤੇ ਵੱਖ-ਵੱਖ ਢੰਗ ਤਰੀਕਿਆਂ ਨਾਲ ਖ਼ਬਰਖਾਨੇ ਵੱਲੋਂ ਕੀਤੇ ਜਾ ਰਹੇ ਨਫ਼ਰਤ ਦੇ ਪ੍ਰਚਾਰ ਦਾ ਮੁਕਾਬਲਾ ਕੀਤਾ।

ਜਦੋਂ ਪੰਜਾਬ ਦੇ ਪੁਲਿਸ ਮੁਖੀ ਨੇ ਗਿਆਨੀ ਬਲਦੇਵ ਸਿੰਘ ਉੱਤੇ ਦੋਸ਼ ਲਾਉਂਦਾ ਗੀਤ, ਜੋ ਕਿ ਸਰਕਾਰੀ ਸ਼ਹਿ ਹੋਣ ਕਾਰਨ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਗਾਇਆ ਗਿਆ ਸੀ, ਦਾ ਪ੍ਰਚਾਰ-ਪ੍ਰਸਾਰ ਕੀਤਾ ਤਾਂ ਪਿੰਡ ਵਾਲਿਆਂ ਨੇ ਚਿੱਠੀ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਕੋਲ ਇਹ ਮਸਲਾ ਚੁੱਕਿਆ ਤੇ ਪੁਲਿਸ ਮੁਖੀ ਦੀ ਕਾਰਵਾਈ ਵਾਪਸ ਲੈਣ ਲਈ ਕਿਹਾ। ਅਖ਼ੀਰ ਪੁਲਿਸ ਮੁਖੀ ਨੂੰ ਗੀਤ ਬਾਰੇ ਕੀਤੇ ਨੂੰ ਹਟਾਉਣਾ ਪਿਆ।

ਪਠਲਾਵਾ ਪਿੰਡ ਦੇ ਵਿਦੇਸ਼ਾਂ ਵਿੱਚ ਰਹਿੰਦੇ ਜੀਅ ਵੀ ਸਾਹਮਣੇ ਆਏ ਤੇ ਉਨ੍ਹਾਂ ਦੇ ਪਰਵਾਰਿਕ ਜੀਆਂ ਤੋਂ ਪਤਾ ਲੱਗੀਆਂ ਗੱਲਾਂ ਬਿਜਲ ਸੱਥ ਰਾਹੀਂ ਲੋਕਾਂ ਦੇ ਸਨਮੁਖ ਉਜਾਗਰ ਕੀਤੀਆਂ। ਪਿੰਡ ਵਾਸੀਆਂ ਤੇ ਪਿੰਡ ਦੇ ਵਿਦੇਸ਼ੀ ਰਹਿੰਦੇ ਜੀਆਂ ਨੇ ਗਿਆਨੀ ਬਲਦੇਵ ਸਿੰਘ ਵਿਰੁੱਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਰੱਦ ਕੀਤੀ।

ਇਸ ਦੌਰਾਨ ਇਸ ਪਿੰਡ ਦੇ ਜਿੰਨੇ ਵੀ ਜੀਆਂ ਨੂੰ ਕਰੋਨਾ ਮਹਾਂਮਾਰੀ ਦੀ ਲਾਗ ਲੱਗੀ ਸੀ ਉਹ ਸਾਰੇ ਤੰਦਰੁਸਤ ਹੋ ਗਏ। ਦੋ ਵਾਰ ਉਨ੍ਹਾਂ ਦੇ ਟੈਸਟ  ਨੈਗਿਟਿਵ ਆਏ ਜਿਸ ਕਾਰਨ ਉਨ੍ਹਾਂ ਨੂੰ ਇਕਾਂਤਵਾਸਾਂ ਤੋਂ ਬਾਹਰ ਕਰ ਉਨ੍ਹਾਂ ਦੇ ਘਰਾਂ ਵਿੱਚ ਭੇਜ ਦਿੱਤਾ ਗਿਆ। ਪਿੰਡ ਵਿੱਚ ਕਰੋਨਾਵਾਇਰਸ ਦੀ ਲਾਗ ਦਾ ਆਖ਼ਰੀ ਮਾਮਲਾ 26 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਹੁਣ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਕੋਰੋਨਾ ਮੁਕਤ ਐਲਾਨ ਦਿੱਤਾ ਹੈ ਤੇ ਪਿੰਡ ਵਿੱਚ ਲਾਈਆਂ ਰੋਕਾਂ ਹੁਣ ਹਟਾ ਦਿੱਤੀਆਂ ਗਈਆਂ ਹਨ।

ਪਿੰਡ ਵਾਸੀਆਂ ਵੱਲੋਂ ਬਿਮਾਰੀ ਤੋਂ ਨਿਜਾਤ ਪਾਉਣ ਮਗਰੋ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਬੀਤੇ ਦਿਨ ਅਕਾਲ ਪੁਰਖ ਦੇ ਸ਼ੁਕਰਾਨੇ ਲਈ 15 ਲੱਖ ਰੁਪਏ ਦੀ ਰਸਦ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਭੇਂਟ ਕਰਨ ਲਈ ਰਵਾਨਾ ਕੀਤੀ ਗਈ।