‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਸੰਕਟ ਦੌਰਾਨ ਭਾਰਤ ‘ਚ ਲਗਾਏ ਗਏ ਲਾਕਡਾਊਨ ‘ਚ ਹੁਣ ਹਰ ਪੜ੍ਹਾਅ ਦੇ ਨਾਲ ਅਨਲਾਕ ਪ੍ਰਕੀਰਿਆ ਰਾਹੀਂ ਢਿੱਲ ਦਿੱਤੀ ਜਾ ਰਹੀ ਹੈ। ਜਿਸ ਨੂੰ ਵੇਖਦੇ ਹੋਏ 31 ਜੂਨ ਨੂੰ ਅਨਲਾਕ-2 ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਨਲਾਕ-2 ਵਿੱਚ ਹਰ ਇੱਕ ਪੱਖ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਰਾਹਤ ਨਹੀਂ ਦਿੱਤੀ ਗਈ। ਲੋਕਾਂ ‘ਚ ਸਰੀਰਕ ਦੂਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਮੈਟਰੋ, ਬਾਰ, ਸਿਨੇਮਾ ਆਦਿ ‘ਤੇ ਲੱਗੀ ਰੋਕ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਸਕੂਲ-ਕਾਲਜ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੀਆਂ। ਇਨ੍ਹਾਂ ਨੂੰ ਸੂਬਿਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਖੋਲ੍ਹਣ ਦਾ ਫੈਂਸਲਾ ਲਿਆ ਜਾਵੇਗਾ।

ਕੇਂਦਰ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਪਾਬੰਦੀ ਹੋਵੇਗੀ। ਹਾਲਾਂਕਿ, “ਵੰਦੇ ਇੰਡੀਆ ਮੁਹਿੰਮ” ਤਹਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਛੋਟ ਦਿੱਤੀ ਜਾਵੇਗੀ। ਘਰੇਲੂ ਉਡਾਣਾਂ ਤੇ ਯਾਤਰੀ ਰੇਲ ਗੱਡੀਆਂ ਦਾ ਦਾਇਰਾ ਵੀ ਪੜਾਅ ਵਾਰ ਵਧਾਇਆ ਜਾਵੇਗਾ ਪਰ ਮੈਟਰੋ ਰੇਲ, ਸਿਨੇਮਾ, ਜਿਮ ਤੇ ਬਾਰ ਬੰਦ ਰਹਿਣਗੇ।

ਨਵੇਂ ਹਿਦਾਇਤਾਂ ਮੁਤਾਬਿਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ, ਜਿਸ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾਵੇਗਾ। ਲੋੜੀਂਦੀਆਂ ਗਤੀਵਿਧੀਆਂ ਤੇ ਕੁੱਝ ਹੋਰ ਕਾਰਜਾਂ ਲਈ ਇਸ ਤੋਂ ਛੋਟ ਦਿੱਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੇਂਦਰ ਤੇ ਰਾਜ ਸਰਕਾਰ ਦੇ ਸਿਖ਼ਲਾਈ ਕੇਂਦਰ 15 ਜੁਲਾਈ ਤੋਂ ਬਾਅਦ ਖੁੱਲ੍ਹਣਗੇ। ਇਸ ਸਬੰਧ ਵਿੱਚ ਅਮਲੇ ਤੇ ਸਿਖ਼ਲਾਈ ਵਿਭਾਗ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਇਸ ਦੇ ਨਾਲ ਕੰਟੇਨਮੈਂਟ ਜ਼ੋਨ ਵਿੱਚ ਲਾਕਡਾਊਨ 31 ਜੁਲਾਈ ਤੱਕ ਲਾਗੂ ਰਹੇਗਾ। ਇਨ੍ਹਾਂ ਖੇਤਰਾਂ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਇਜਾਜ਼ਤ ਹੋਵੇਗੀ। ਕੁੱਝ ਕੰਪਨੀਆਂ ਦੇ ਅਧਿਕਾਰੀਆਂ ਦੀ ਸ਼ਿਫਟ ਅਨੁਸਾਰ ਰਾਤ ਦੇ ਕਰਫਿਊ ਦੌਰਾਨ ਕੰਮ ਕਰਨ ਲਈ ਛੋਟ ਦਿੱਤੀ ਜਾਵੇਗੀ। ਯਾਤਰੀਆਂ ਦੀ ਆਵਾਜਾਈ ਤੇ ਸਮਾਨ ਨੂੰ ਰਾਸ਼ਟਰੀ ਤੇ ਰਾਜ ਮਾਰਗਾਂ ‘ਤੇ ਇਜਾਜ਼ਤ ਦਿੱਤੀ ਜਾਏਗੀ। ਇਸ ਦੇ ਨਾਲ ਹੀ ਬੱਸ, ਰੇਲ ਤੇ ਜਹਾਜ਼ ਰਾਹੀਂ ਉਨ੍ਹਾਂ ਦੇ ਘਰ ਜਾਣ ਵਾਲੇ ਲੋਕਾਂ ਨੂੰ ਵੀ ਰਾਤ ਦੇ ਕਰਫਿਊ ਤੋਂ ਛੋਟ ਮਿਲੇਗੀ।

ਅਨਲਾਕ-2 ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੇਂਦਰ ਤੇ ਰਾਜ ਸਰਕਾਰਾਂ ਦੇ ਸਿਖਲਾਈ ਸੰਸਥਾਵਾਂ ਨੂੰ ਕੰਟੇਨਮੈਂਟ ਜ਼ੋਨ ਦੇ ਬਾਹਰ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਨੂੰ 15 ਜੁਲਾਈ ਤੋਂ ਬਾਅਦ ਖੋਲ੍ਹਣ ਦਿੱਤਾ ਜਾਵੇਗਾ। ਸਟੈਂਡਰਡ ਓਪਰੇਟਿੰਗ ਵਿਧੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

 

 

 

Leave a Reply

Your email address will not be published. Required fields are marked *