India International

ਆਲਮੀ ਪੱਧਰ ’ਤੇ ਸ਼ਰਮਸਾਰ ਹੋਇਆ ਭਾਰਤੀ ਮੀਡੀਆ! ਬ੍ਰਿਟੇਨ ਵੱਲੋਂ ਰਿਪਬਲਿਕ ਭਾਰਤ ਨੂੰ 20 ਲੱਖ ਜ਼ੁਰਮਾਨਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਭਾਰਤ ਦਾ ਨੈਸ਼ਨਲ ਮੀਡੀਆ ਅਕਸਰ ਸਵਾਲਾਂ ਦੇ ਘੇਰੇ ਵਿੱਚ ਰਹਿੰਦਾ ਹੈ। ਪਰ ਹੁਣ ਆਲਮੀ ਪੱਧਰ ’ਤੇ ਵੀ ਇਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਬ੍ਰਿਟੇਨ ਦੀ ਬ੍ਰੌਡਕਾਸਟਿੰਗ ਰੈਗੂਲੇਟਰੀ ਨੇ ਹਿੰਦੀ ਦੇ ਚੈਨਲ ਰਿਪਬਲਿਕ ਭਾਰਤ ਨੂੰ 20 ਹਜ਼ਾਰ ਯੂਰੋ (ਲਗਭਗ 20 ਲੱਖ ਰੁਪਏ) ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਬ੍ਰਿਟੇਨ ਵਿੱਚ ਹੇਟ ਸਪੀਚ ਫੈਲਾਉਣ ਦੇ ਤਹਿਤ ਲਾਇਆ ਗਿਆ ਹੈ। ਰੈਗੂਲੇਟਰੀ ਦਾ ਕਹਿਣਾ ਹੈ ਕਿ ਇਸ ਸ਼ੋਅ ਨਾਲ ਬੱਚਿਆਂ ਦੀ ਸੋਚ ’ਤੇ ਮਾੜਾ ਅਸਰ ਪੈਂਦਾ ਹੈ। ਇਸ ਖ਼ਬਰ ਦੇ ਮਗਰੋਂ ਰਿਪਬਲਿਕ ਭਾਰਤ ਅਤੇ ਉਸ ਦੇ ਮਾਲਕ ਅਰਨਬ ਗੋਸਵਾਮੀ ਦੀ ਵੱਡੇ ਪੱਧਰ ’ਤੇ ਖਿੱਲੀ ਉਡਾਈ ਜਾ ਰਹੀ ਹੈ। ਟਵਿੱਟਰ ’ਤੇ #ThooktaHaiBharat ਹੈਸ਼ਟੈਗ ਹਾਲੇ ਤਕ ਟਰੈਂਡ ਕਰ ਰਿਹਾ ਹੈ।

ਦੀ ਬ੍ਰਿਟਿਸ਼ ਬ੍ਰੌਡਕਾਸਟਿੰਗ ਰੈਗੂਲੇਟਰ ਨੇ ਅਰਨਬ ਗੋਸਵਾਮੀ ਦੇ ਰਿਪਬਲਿਕ ਭਾਰਤ ਹਿੰਦੀ ਨਿਊਜ਼ ਚੈਨਲ ਨੂੰ ਬਰਾਡਕਾਸਟ ਕਰਨ ਦਾ ਲਾਈਸੈਂਸ ਦੇਣ ਵਾਲੀ ਕੰਪਨੀ ‘ਤੇ ਬ੍ਰਿਟੇਨ ‘ਚ 20,000 ਯੂਰੋ (ਲਗਭਗ 18 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ‘ਹੇਟ ਸਪੀਚ’ ਮਾਮਲੇ ‘ਚ ਨਿਯਮਾਂ ਦੀ ਉਲੰਘਣਾ ਲਈ ਇਹ ਜ਼ੁਰਮਾਨਾ ਲਗਾਇਆ ਗਿਆ ਹੈ। ਮੰਗਲਵਾਰ ਨੂੰ ਵਰਲਡ ਵਿਊ ਮੀਡੀਆ ਨੈੱਟਵਰਕ ਲਿਮਟਿਡ ਦੇ ਵਿਰੁੱਧ ਆਦੇਸ਼ ਜਾਰੀ ਕਰਦਿਆਂ ਆਫਿਸ ਆਫ਼ ਕਮਿਊਨਿਕੇਸ਼ਨ ਨੇ ਕਿਹਾ, ‘ਪੂਛਤਾ ਹੈ ਭਾਰਤ’ ਸ਼ੋਅ ‘ਚ ਬਹੁਤ ਜ਼ਿਆਦਾ ਅਰਥਹੀਣ ਭਾਸ਼ਣ ਹੈ ਅਤੇ ਇਹ ਬਹੁਤ ਭੜਕਾਊ ਹੈ। ਇਹ ਨਿਯਮ 2.3, 3.2 ਤੇ 3.3 ਦੀ ਉਲੰਘਣਾ ਕਰਦਾ ਹੈ।’

ਆਫ਼ਕਾਮ ਬ੍ਰੌਡਕਾਸਟਿੰਗ ਕੋਡ ਦੇ ਨਿਯਮ 2.3 ਦੇ ਅਨੁਸਾਰ ਕਿਸੇ ਪ੍ਰਸਾਰਣਕਰਤਾ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਭੜਕਾਊ ਗੱਲ ਪ੍ਰਸੰਗ ਨੂੰ ਜਾਇਜ਼ ਠਹਿਰਾਉਣਾ ਚਾਹੀਦਾ ਹੈ। ਕਿਸੇ ਵੀ ਧਰਮ ਜਾਂ ਆਸਥਾ ਦੇ ਵਿਰੁੱਧ ਭੇਦਭਾਵ ਪੂਰਨ ਅਤੇ ਗਲਤ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਨਿਯਮ 3.2 ਦੇ ਅਨੁਸਾਰ ਹੇਟ ਸਪੀਚ ਵਾਲੇ ਹਿੱਸੇ ਨੂੰ ਬਰਾਡਕਾਸਟ ਨਹੀਂ ਕਰਨਾ ਹੈ। ਜੇ ਜੇ ਪ੍ਰਸੰਗ ਜਾਇਜ਼ ਹੋਵੇ ਤਾਂ ਚਲਾਇਆ ਜਾ ਸਕਦਾ ਹੈ। ਨਿਯਮ 3.3 ਦੇ ਅਨੁਸਾਰ ਕਿਸੇ ਵੀ ਵਿਅਕਤੀ, ਧਰਮ ਜਾਂ ਫਿਰਕੇ ਵਿਰੁੱਧ ਅਪਮਾਨਜਨਕ ਅਤੇ ਅਸ਼ਲੀਲ ਟਿੱਪਣੀਆਂ ਪ੍ਰਸਾਰਿਤ ਨਹੀਂ ਕੀਤੀਆਂ ਜਾ ਸਕਦੀਆਂ।

ਆਦੇਸ਼ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਲੋਕਾਂ ਵਿਰੁੱਧ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਅਪਮਾਨ ਦਾ ਅਧਾਰ ਸਿਰਫ਼ ਉਨ੍ਹਾਂ ਦੀ ਨਾਗਰਿਕਤਾ ਸੀ। ਇਸ ‘ਚ ਕਿਹਾ ਗਿਆ, ‘ਪ੍ਰੋਗਰਾਮ ‘ਚ ਜੋ ਕੁਝ ਵੀ ਕਿਹਾ ਗਿਆ ਹੈ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ।’ ਆਫ਼ਕਾਮ ਦੀ ਨਜ਼ਰ ‘ਚ ਇਹ ਇਕ ਅਪਰਾਧ ਹੈ। ‘ਪੂਛਤਾ ਹੈ ਭਾਰਤ’ ਸ਼ੋਅ ‘ਚ ਬਗੈਰ ਕੰਟੈਕਸਟ ਲੋਕਾਂ ਦਾ ਅਪਮਾਨ ਕੀਤਾ ਗਿਆ ਹੈ। ਪਾਕਿਸਤਾਨੀ ਲੋਕਾਂ ਵਿਰੁੱਧ ਇਹ ਹੇਟ ਸਪੀਚ ਦਾ ਮਾਮਲਾ ਹੈ। ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਇਹ ਭੇਦਭਾਵ ਨੂੰ ਵਧਾਉਣ ਵਰਗਾ ਹੈ।’ ਇਹ ਹੇਟ ਸਪੀਚ 6 ਸਤੰਬਰ 2019 ਨੂੰ ‘ਪੂਛਤਾ ਹੈ ਭਾਰਤ’ ਸ਼ੋਅ ‘ਚ ਦਿੱਤੀ ਗਈ ਸੀ।

ਵਰਲਡ ਵਾਈਡ ਮੀਡੀਆ ਵਿਰੁੱਧ ਇਕ ਹੀ ਬ੍ਰਾਕਕਾਸਟ ਨੂੰ ਲੈ ਕੇ ਜ਼ੁਰਮਾਨਾ ਲਗਾਇਆ ਗਿਆ ਹੈ। ਕੰਪਨੀ ਨੇ ਫ਼ੈਸਲਾ ਲਿਆ ਹੈ ਕਿ ਭਵਿੱਖ ‘ਚ ਉਹ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਕੁਝ ਬਹਿਸਾਂ ਦਾ ਸਿੱਧਾ ਪ੍ਰਸਾਰਣ ਨਹੀਂ ਕਰੇਗੀ। ਆਦੇਸ਼ ‘ਚ ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਕੰਪਨੀ ਨੇ ਮੰਨਿਆ ਕਿ ਨਿਯਮਾਂ ਦੀ ਜਾਣਬੁੱਝ ਕੇ ਉਲੰਘਣਾ ਨਹੀਂ ਕੀਤੀ ਗਈ। ਰਿਪਬਲਿਕ ਭਾਰਤ ਦੇ ਸੀਨੀਅਰ ਮੈਨੇਜ਼ਮੈਂਟ ਨੂੰ ਵੀ ਇਸ ਬਾਰੇ ਪਤਾ ਨਹੀਂ ਹੈ। ਆਫ਼ਕਾਮ ਨੇ ਦੋ ਮਹੀਨੇ ਦਾ ਨੋਟਿਸ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪ੍ਰਸਾਰਣ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਕਿਉਂਕਿ ਪਾਕਿਸਤਾਨੀ ਲੋਕਾਂ ਦੇ ਫ਼ੋਨ ਲਗਾਤਾਰ ਆ ਰਹੇ ਹਨ ਅਤੇ ਉਹ ਇਸ ‘ਤੇ ਇਤਰਾਜ਼ ਪ੍ਰਗਟਾ ਰਹੇ ਹਨ।