Punjab

ਦੁਬਈ ‘ਚ ਨਰਕ ਭਰੀ ਜ਼ਿੰਦਗੀ ਬਿਤਾਉਣ ਵਾਲੇ ਦੋ ਨੌਜਵਾਨ ਪਰਤੇ ਪੰਜਾਬ

‘ਦ ਖ਼ਾਲਸ ਬਿਊਰੋ :-  ਕਾਦੀਆਂ ਦੇ ਨੇੜਲੇ ਪਿੰਡ ਠੀਕਰੀਵਾਲਾ ਵਸਨੀਕ ਗੁਰਦੀਪ ਸਿੰਘ ਤੇ ਜ਼ਿਲ੍ਹਾ ਕਪੂਰਥਲਾ ਦਾ ਚਰਨਜੀਤ ਸਿੰਘ ਮਾੜੀ ਹਾਲਤ ’ਚ ਦੁਬਈ ਦੀਆਂ ਸੜਕਾਂ ’ਤੇ ਮਿਲੇ ਸਨ। ਦੁਬਈ ’ਚ ਰਹਿੰਦੇ ਪਾਕਿਸਤਾਨੀ ਨਾਗਰਿਕ ਰਈਸ ਵਾਲਮੀਕਿ ਵੱਲੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਵੀਡੀਓ ਪਾ ਕੇ ਮਦਦ ਦੀ ਅਪੀਲ ਕੀਤੀ ਗਈ ਸੀ। ਜਿਸ ਮਗਰੋਂ ਗੁਰਦੀਪ ਸਿੰਘ ਦੇ ਹੀ ਪਿੰਡ ਦਾ ਗੁਰਵਿੰਦਰ ਸਿੰਘ ਆਪਣੇ ਸਾਥੀ ਮਨਜੋਤ ਸਿੰਘ ਗੁਰਾਇਆ ਦੇ ਸਹਿਯੋਗ ਨਾਲ ਦੋਵਾਂ ਪੀੜਤਾਂ ਨੂੰ ਆਪਣੇ ਨਾਲ ਗੁਰਦਾਸਪੁਰ ਟਰਾਂਸਪੋਰਟ ਦੁਬਈ ਦੇ ਦਫ਼ਤਰ ਲੈ ਗਿਆ, ਜਿੱਥੇ ਟਰਾਂਸਪੋਰਟ ਮਾਲਕ ਸੁਰਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਸਲਾਰੀਆ ਦੇ ਸਹਿਯੋਗ ਨਾਲ ਦੋਵਾਂ ਦੀ ਦੇਖ ਭਾਲ ਕੀਤੀ ਗਈ, ਅਤੇ ਕੱਲ੍ਹ ਏਅਰ ਇੰਡੀਆ ਦੀ ਉਡਾਣ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਪੁੱਜੇ ਹਨ, ਜਿੱਥੇ ਉਨ੍ਹਾਂ ਦੇ ਕੋਰੋਨਾ ਟੈਸਟ ਮਗਰੋਂ ਘਰਾਂ ਨੂੰ ਭੇਜਿਆ ਜਾਵੇਗਾ।

ਗੁਰਵਿੰਦਰ ਸਿੰਘ ਨੇ ਦੁਬਈ ਤੋਂ ਫ਼ੋਨ ਰਾਹੀਂ ਦੱਸਿਆ ਕਿ ਉਨ੍ਹੇ ਦੋਵਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਕੇ ਦੋਹਾਂ ਦੇ ਹੀ ਪਛਾਣ ਪੱਤਰ ਮੰਗਵਾ ਕੇ ਭਾਰਤੀ ਦੂਤਾਵਾਸ ਦੁਬਈ ਨੂੰ ਸੌਂਪੇ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਰਤ ਵਾਪਸੀ ਲਈ ਕਾਰਵਾਈ ਸ਼ੁਰੂ ਕੀਤੀ ਗਈ। ਭਾਰਤੀ ਦੂਤਾਵਾਸ ਨੇ ਭਾਰਤ ਸਰਕਾਰ ਤੋਂ ਤਸਦੀਕ ਕਰਵਾਉਣ ਮਗਰੋਂ ਵਾਪਸੀ ਲਈ ਲੋੜੀਂਦੇ ਕਾਗ਼ਜ਼ਾਚ ਤਿਆਰ ਕੀਤੇ। ਇਸ ਮਗਰੋਂ ਭਾਰਤੀ ਦੂਤਾਵਾਸ ਨੇ ਦੋਵਾਂ ਪੀੜਤਾਂ ਦੀਆਂ ਹਵਾਈ ਟਿਕਟਾਂ ਦਿੱਤੀਆਂ। ਜਿਸ ਨਾਲ ਉਹ ਕੱਲ੍ਹ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜੇ। ਹਵਾਈ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਦੋਵਾਂ ਪੀੜਤਾਂ ਨੇ ਜੋਗਿੰਦਰ ਸਿੰਘ ਸਲਾਰੀਆ, ਗੁਰਦਾਸਪੁਰ ਟਰਾਂਸਪੋਰਟ ਦੇ ਮਾਲਕਾਂ ਅਤੇ ਦੂਜੇ ਸਾਥੀਆਂ ਦਾ ਧੰਨਵਾਦ ਕੀਤਾ।