‘ਦ ਖ਼ਾਲਸ ਬਿਊਰੋ :- ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਗੋਸ ‘ਚ ਪੁਲਿਸ ਤਸ਼ੱਦਦ ਦੇ ਵਿਰੋਧ ਵਿੱਚ ਹਿੱਸਾ ਲੈਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਕਥਿਤ ਤੌਰ ‘ਤੇ ਗੋਲੀਬਾਰੀ ਚਲਾ ਕੇ ਮਾਰ ਦਿੱਤਾ ਜਾਂ ਜ਼ਖਮੀ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਚਸ਼ਮਦੀਦਾਂ ਨੇ ਕਿਹਾ ਕਿ ਜਵਾਨਾਂ ਵਲੋਂ ਗੋਲੀਬਾਰੀ ਕਰਨ ਕਾਰਨ ਤਕਰੀਬਨ 12 ਲੋਕ ਮਾਰੇ ਗਏ, ਅਤੇ ਕਈ ਹੋਰ ਜ਼ਖਮੀ ਹੋਏ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਮੌਤ ਦੀਆਂ ਪੁਸ਼ਟ ਖ਼ਬਰਾਂ ਮਿਲੀਆਂ ਹਨ। ਹਾਲਾਂਕਿ ਫੌਜ ਨੇ ਅਜਿਹੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਨੇ ਜਾਂਚ ਦਾ ਵਾਅਦਾ ਕੀਤਾ ਹੈ। ਲਾਗੋਸ ਤੇ ਹੋਰਨਾਂ ਖੇਤਰਾਂ ਵਿੱਚ 24 ਘੰਟਿਆਂ ਦਾ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ।

ਨਾਈਜੀਰੀਆ ਵਿੱਚ ਬੀਬੀਸੀ ਦੀ ਨਡੂਕਾ ਓਰਜੀਨਮੋ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਇੱਕ ਛੋਟਾ ਗਰੁੱਪ ਅੱਜ 21 ਅਕਤੂਬਰ ਨੂੰ ਕਰਫਿਊ ਦੀ ਉਲੰਘਣਾ ਕਰ ਰਿਹਾ ਸੀ, ਅਤੇ ਉਹ ਲਾਗੋਸ ਦੇ ਲੇਕੀ ਟੋਲ ਪਲਾਜ਼ਾ ਵਿਖੇ ਇਕੱਠੇ ਹੋਏ ਸੀ, ਜਿੱਥੇ ਗੋਲੀਬਾਰੀ ਹੋਈ। ਇਹ ਵਿਰੋਧ ਪ੍ਰਦਰਸ਼ਨ ਇੱਕ ਪੁਲਿਸ ਯੂਨਿਟ, ਸਪੈਸ਼ਲ ਐਂਟੀ ਰੋਬਰੀ ਸਕੌਇਡ (ਐੱਸਏਆਰਐੱਸ) ਦੇ ਖਿਲਾਫ਼ ਦੋ ਹਫ਼ਤਿਆਂ ਤੋਂ ਜਾਰੀ ਹੈ। ਪ੍ਰਦਰਸ਼ਨਕਾਰੀ ਭੀੜ ਨੂੰ ਇਕੱਠਾ ਕਰਨ ਲਈ ਸੋਸ਼ਲ ਮੀਡੀਆ ‘ਤੇ ਹੈਸ਼ਟੈਗ #EndSars ਦੀ ਵਰਤੋਂ ਕਰ ਰਹੇ ਹਨ।

ਘਟਨਾ ਬਾਰੇ ਪ੍ਰਤੀਕਰਮ

ਅਮੀਰ ਰਿਹਾਇਸ਼ ਵਾਲੇ ਲੇਕੀ ਉਪਨਗਰ ਵਿੱਚ 20 ਅਕਤੂਬਰ ਨੂੰ ਕੀਤੀ ਗੋਲੀਬਾਰੀ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ, ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਅਤੇ ਫੌਜ ਨੂੰ ‘ਜਵਾਨ ਪ੍ਰਦਰਸ਼ਨਕਾਰੀਆਂ ਦਾ ਕਤਲ ਬੰਦ ਕਰਨ ਲਈ ਕਿਹਾ।’

ਮੈਨਚੈਸਟਰ ਯੂਨਾਈਟਿਡ ਲਈ ਖੇਡਣ ਵਾਲੇ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਓਡੀਅਨ ਜੂਡ ਇਘਲੋ ਨੇ ਨਾਈਜੀਰੀਆ ਦੀ ਸਰਕਾਰ ‘ਤੇ ਆਪਣੇ ਹੀ ਨਾਗਰਿਕਾਂ ਦਾ ਕਤਲ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਟਵਿੱਟਰ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਮੈਂ ਇਸ ਸਰਕਾਰ ਤੋਂ ਸ਼ਰਮਿੰਦਾ ਹਾਂ।”

ਸਾਨੂੰ ਸ਼ੂਟਿੰਗ ਬਾਰੇ ਕੀ ਪਤਾ ਹੈ?

ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਵਰਦੀਧਾਰੀ ਜਵਾਨਾਂ ਨੇ ਲੇਕੀ ਟੌਲ ਗੇਟ ‘ਤੇ ਗੋਲੀਆਂ ਚਲਾਈਆਂ। ਨਾਈਜੀਰੀਆ ਦੀ ਮੀਡੀਆ ਮੁਤਾਬਕ, ਗੋਲੀਬਾਰੀ ਤੋਂ ਕੁੱਝ ਸਮਾਂ ਪਹਿਲਾਂ ਹਥਿਆਰਬੰਦ ਜਵਾਨ ਰੋਸ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਬੈਰੀਕੇਡਿੰਗ ਕਰਦੇ ਦੇਖੇ ਗਏ। ਸੋਸ਼ਲ ਮੀਡੀਆ ਦੀ ਫੁਟੇਜ ਵਿੱਚ ਘਟਨਾ ਵਾਲੀ ਥਾਂ ਤੋਂ ਕੀਤੇ ਗਏ ਲਾਈਵ ਵਿੱਚ ਪ੍ਰਦਰਸ਼ਨਕਾਰੀ ਜ਼ਖਮੀਆਂ ਦਾ ਇਲਾਜ ਕਰ ਰਹੇ ਹਨ।

ਇੱਕ ਚਸ਼ਮਦੀਦ (ਨਾਮ ਨਾ ਦੱਸੇ ਬਿਨਾ) ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਜਵਾਨਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ “ਸਿੱਧੇ ਫਾਇਰਿੰਗ ਸ਼ੁਰੂ ਕਰ ਦਿੱਤੀ।” “ਉਹ ਗੋਲੀਬਾਰੀ ਕਰ ਰਹੇ ਸਨ ਅਤੇ ਉਹ ਸਿੱਧਾ ਸਾਡੇ ਵੱਲ ਆ ਰਹੇ ਸਨ। ਪੂਰਾ ਹਫੜਾ-ਦਫੜੀ ਵਾਲਾ ਮਾਹੌਲ ਸੀ। ਮੇਰੇ ਪਿੱਛੇ ਕਿਸੇ ਨੂੰ ਸਿੱਧਾ ਗੋਲੀ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।” “ਇਹ ਅੰਨ੍ਹੇਵਾਹ ਸੀ ਤੇ ਉਹ ਸਾਡੇ ‘ਤੇ ਗੋਲੀਬਾਰੀ ਕਰਦੇ ਰਹੇ। ਇਹ ਤਕਰੀਬਨ ਡੇਢ ਘੰਟਾ ਚੱਲਿਆ ਅਤੇ ਜਵਾਨ ਅਸਲ ਵਿੱਚ ਲਾਸ਼ਾਂ ਨੂੰ ਚੁੱਕ ਰਹੇ ਸਨ।” ਉਨ੍ਹਾਂ ਨੇ ਕਿਹਾ ਕਿ ਜਵਾਨਾਂ ਨੇ ਬੈਰੀਕੇਡ ਬਣਾਇਆ ਸੀ ਅਤੇ ਐਂਬੂਲੈਂਸਾਂ ਵਿਰੋਧ ਪ੍ਰਦਰਸ਼ਨ ਵਾਲੇ ਖੇਤਰ ਵਿੱਚ ਨਹੀਂ ਪਹੁੰਚ ਸਕੀਆਂ।

ਚਾਰ ਚਸ਼ਮਦੀਦਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਉਨ੍ਹਾਂ ਵਿੱਚੋਂ ਇੱਕ, 55 ਸਾਲਾ ਐਲਫ਼ਰੇਡ ਓਨੋਨਗੋਬੋ ਨੇ ਕਿਹਾ, “ਉਨ੍ਹਾਂ ਨੇ ਭੀੜ ਵੱਲ ਬਾਰੂਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਭੀੜ ਵਿੱਚ ਗੋਲੀਆਂ ਚਲਾ ਰਹੇ ਸਨ। ਮੈਂ ਦੇਖਿਆ ਇੱਕ ਜਾਂ ਦੋ ਲੋਕਾਂ ਨੂੰ ਗੋਲੀ ਲੱਗੀ।”

ਅਧਿਕਾਰੀਆਂ ਨੇ ਸਿਰਫ਼ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਵਿੱਚ ਕੁੱਝ ਲੋਕ ਜ਼ਖਮੀ ਹੋਏ ਸਨ। ਪ੍ਰੀਮੀਅਮ ਟਾਈਮਜ਼ ਅਖ਼ਬਾਰ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਲਗਭਗ 12 ਲੋਕਾਂ ਦੀ ਮੌਤ ਹੋ ਗਈ ਸੀ।

ਇੱਕ ਟਵੀਟ ਵਿੱਚ ਐਮਨੈਸਟੀ ਇੰਟਰਨੈਸ਼ਨਲ ਨਾਈਜੀਰੀਆ ਨੇ ਕਿਹਾ, “ਸਾਨੂੰ ਲਾਗੋਸ ਵਿੱਚ ਲੇਕੀ ਟੋਲ ਗੇਟ ‘ਤੇ ਪ੍ਰਦਰਸ਼ਨਕਾਰੀਆਂ ਖਿਲਾਫ਼ ਬਲ ਦੀ ਵਧੇਰੇ ਜ਼ਿਆਦਾ ਵਰਤੋਂ ਦੇ ਭਰੋਸੇਯੋਗ ਪਰ ਪ੍ਰੇਸ਼ਾਨ ਕਰਨ ਵਾਲੇ ਸਬੂਤ ਮਿਲੇ ਹਨ।” ਐਮਨੇਸਟੀ ਇੰਟਰਨੈਸ਼ਨਲ ਦੇ ਬੁਲਾਰੇ ਈਸ਼ਾ ਸੈਨੂਸੀ ਨੇ ਬਾਅਦ ਵਿੱਚ ਕਿਹਾ, “ਸੁਰੱਖਿਆ ਬਲਾਂ ਨੇ ਟੋਲਗੇਟ ‘ਤੇ ਲੋਕਾਂ ਨੂੰ ਮਾਰਿਆ ਸੀ… ਕਿੰਨੇ ਲੋਕਾਂ ਨੂੰ ਮਾਰਿਆ ਇਸ ਦੀ ਤਸਦੀਕ ਕਰਨ ‘ਤੇ ਕੰਮ ਕਰ ਰਹੇ ਹਾਂ।”

ਅਧਿਕਾਰੀਆਂ ਨੇ ਕੀ ਪ੍ਰਤੀਕ੍ਰਿਆ ਦਿੱਤੀ ਹੈ?

ਲਾਗੋਸ ਦੇ ਰਾਜਪਾਲ ਦੇ ਬੁਲਾਰੇ ਗਬੋਏਗਾ ਅਕੋਸੀਲੇ ਨੇ ਟਵੀਟ ਕੀਤਾ, “ਲੇਕੀ ਟੋਲ ਪਲਾਜ਼ਾ ‘ਤੇ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਲਾਗੋਸ ਵਿੱਚ 24 ਘੰਟਿਆਂ ਦਾ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਕਿ #EndSARS ਪ੍ਰਦਰਸ਼ਨ ਤਹਿਤ ਲੁਕੇ ਹੋਏ ਅਪਰਾਧੀਆਂ ਨੂੰ ਫੜਿਆ ਜਾ ਸਕੇ ਜੋ ਬੇਕਸੂਰ ਨਾਗਰਿਕਾਂ ਨਾਲ ਕੁੱਟਮਾਰ ਕਰਦੇ ਹਨ। “

ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਫੌਜ ਨੇ ਲੇਕੀ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਬਿਆਨ ਨਹੀਂ ਦਿੱਤਾ ਹੈ ਪਰ ਟਵਿੱਟਰ ‘ਤੇ ਕਈ ਪੋਸਟਾਂ ਵਿੱਚ ਉਨ੍ਹਾਂ ਨੇ ਮੀਡੀਆ ਰਿਪੋਰਟਾਂ ਨੂੰ ‘ਫੇਕ ਨਿਊਜ਼’ ਕਿਹਾ ਹੈ। ਲਾਗੋਸ ਦੇ ਗਵਰਨਰ ਬਾਬਾਜੀਦੇ ਸਨੋਵੋ-ਓਲੂ ਨੇ ਕਿਹਾ ਕਿ 25 ਵਿਅਕਤੀ ਜ਼ਖਮੀ ਹੋ ਗਏ ਸਨ, ਜਿਸ ਨੂੰ ਉਨ੍ਹਾਂ ਨੇ ‘ਮੰਦਭਾਗੀ ਗੋਲੀਬਾਰੀ ਦੀ ਘਟਨਾ’ ਦੱਸਿਆ ਹੈ। ਹਸਪਤਾਲ ਵਿੱਚ ਜ਼ਖ਼ਮੀਆਂ ਦਾ ਦੌਰਾ ਕਰਨ ਵਾਲੀਆਂ ਆਪਣੀਆਂ ਤਸਵੀਰਾਂ ਜਾਰੀ ਕਰਦਿਆਂ ਉਨ੍ਹਾਂ ਟਵਿੱਟਰ ‘ਤੇ ਕਿਹਾ, “ਸਾਡੇ ਸਿੱਧੇ ਕੰਟਰੋਲ ਤੋਂ ਬਾਹਰ ਦੀਆਂ ਤਾਕਤਾਂ ਸਾਡੇ ਇਤਿਹਾਸ ਵਿੱਚ ਕਾਲੇ ਲੇਖ ਬਣਾਉਣ ਲਈ ਅੱਗੇ ਵਧੀਆਂ ਹਨ।”

ਜਦੋਂ ਸੋਸ਼ਲ ਮੀਡੀਆ ‘ਤੇ ਦੇਖੇ ਵੀਡੀਓ

ਇਹ ਨਾਈਜੀਰੀਆ ਵਿੱਚ ਇੱਕ ਡਰਾਉਣੀ ਰਾਤ ਸੀ ਜਦੋਂ ਸੋਸ਼ਲ ਮੀਡੀਆ ‘ਤੇ ਗੋਲਾਬਾਰੀ ਦੀਆਂ ਫੁਟੇਜ ਸਾਹਮਣੇ ਆਈਆਂ ਸਨ, ਜਿਸ ਵਿੱਚ ਪ੍ਰਦਰਸ਼ਨ ਵਾਲੀ ਥਾਂ ‘ਤੇ ਦੇਰ ਰਾਤ ਤੱਕ ਬੰਦੂਕ ਦੀਆਂ ਗੋਲੀਆਂ ਚੱਲਦੀਆਂ ਸੁਣਾਈ ਦਿੱਤੀਆਂ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਨਾਈਜੀਰੀਆ ਦੀ ਫੌਜ ‘ਤੇ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦਾ ਇਲਜ਼ਾਮ ਲੱਗਿਆ ਹੋਵੇ। ਦੇਸ ਦੇ ਹੋਰਨਾਂ ਹਿੱਸਿਆਂ ਵਿੱਚ #EndSars ਪ੍ਰਦਰਸ਼ਨਕਾਰੀਆਂ ਨਾਲ ਹਿੰਸਕ ਕੁੱਟਮਾਰ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪਰ ਵਿਰੋਧ ਪ੍ਰਦਰਸ਼ਨ ਦੀਆਂ ਥਾਵਾਂ ਵਿੱਚੋਂ ਇੱਕ ਥਾਂ ਜੋ ਪਿਛਲੀ ਰਾਤ ਤੱਕ ਸ਼ਾਂਤ ਸੀ, ਉਸ ‘ਤੇ ਗੋਲੀਬਾਰੀ ਹੁੰਦਿਆਂ ਦੇਖ ਕੇ ਕਈ ਲੋਕ ਪਰੇਸ਼ਾਨ ਹੋ ਗਏ ਸਨ।

ਪਿਛਲੇ ਹਫ਼ਤੇ ਹੀ ਮੈਂ ਗੋਲੀਬਾਰੀ ਵਾਲੀ ਥਾਂ ‘ਤੇ ਖੜ੍ਹਾ ਸੀ। ਪ੍ਰਦਰਸ਼ਨਕਾਰੀ ਸ਼ਾਂਤਮਈ, ਸੰਗਠਿਤ, ਆਪਣੇ ਦੇਸ ਦੇ ਭਵਿੱਖ ਲਈ ਆਸ਼ਾਵਾਦੀ ਸਨ। ਪਰ ਹੁਣ ਅਜਿਹਾ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਰਾਸ਼ਟਰ ਗਾਣ ਗਾ ਰਹੇ ਸਨ ਕਿ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਕੇ ਭਗਦੜ ਮਚ ਗਈ।

ਕਈ ਆਨਲਾਈਨ ਅਕਾਊਂਟਜ਼ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਅਤੇ ਲਾਈਟਾਂ ਨੂੰ ਟੋਲ ਗੇਟ ਤੋਂ ਬਾਹਰ ਕੱਢਿਆ ਗਿਆ ਸੀ, ਜਿੱਥੇ ਫੌਜਾਂ ਦੇ ਅੱਗੇ ਵਧਣ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਹੋਇਆ ਸੀ, ਜਿਸ ਨਾਲ ਹਫੜਾ-ਦਫੜੀ ਮੱਚ ਗਈ।ਇਹ ਵੇਰਵੇ ਪਹਿਲਾਂ ਹੀ ਹਾਕਮ ਧਿਰ ਤੋਂ ਅਸੰਤੁਸ਼ਟ ਇੱਕ ਪੀੜ੍ਹੀ ਨੂੰ ਹੋਰ ਨਿਰਾਸ਼ ਕਰ ਰਹੇ ਹਨ। ਰਾਸ਼ਟਰਪਤੀ ਵਲੋਂ ਚੁੱਪੀ ਇਸ ਗੁੱਸੇ ਨੂੰ ਹੋਰ ਵਧਾ ਰਹੀ ਹੈ। ਨਾਈਜੀਰੀਆ ਦੀ ਸਰਕਾਰ ਵੱਧ ਰਹੀ ਅਸੰਤੁਸ਼ਟੀ ਨੂੰ ਠੱਲ੍ਹ ਪਾਉਣ ਲਈ ਪਿੱਛੇ ਹੈ।

ਪ੍ਰਦਰਸ਼ਨ ਕਿਵੇਂ ਸ਼ੁਰੂ ਹੋਏ?

ਪ੍ਰਦਰਸ਼ਨਾਂ ਦੀ ਸ਼ੁਰੂਆਤ ਲਗਭਗ ਦੋ ਹਫ਼ਤੇ ਪਹਿਲਾਂ ‘ਸਾਰਸ’ ਖਿਲਾਫ਼ ਹੋਈ, ਜਿਸ ‘ਤੇ ਗੈਰ-ਕਾਨੂੰਨੀ ਹਿਰਾਸਤ, ਤਸ਼ਦਦ ਅਤੇ ਗੋਲੀਬਾਰੀ ਦੇ ਇਲਜ਼ਾਮ ਲਗਾਏ ਗਏ ਸਨ। ਉਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਰਾਸ਼ਟਰਪਤੀ ਬੁਹਾਰੀ ਨੇ 11 ਅਕਤੂਬਰ ਨੂੰ ਇਹ ਇਕਾਈ ਖ਼ਤਮ ਕਰ ਦਿੱਤੀ। ਪਰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਵਿੱਚ ਹੋਰ ਤਬਦੀਲੀਆਂ ਦੇ ਨਾਲ ਨਾਲ ਦੇਸ ਨੂੰ ਚਲਾਉਣ ਦੇ ਢੰਗ ਵਿੱਚ ਸੁਧਾਰਾਂ ਦੀ ਮੰਗ ਕੀਤੀ। ਸਨੋਓ-ਓਲੂ ਨੇ ਕਿਹਾ ਹੈ ਕਿ ਅਪਰਾਧੀਆਂ ਨੇ ਵਿਰੋਧ ਪ੍ਰਦਰਸ਼ਨ ਨੂੰ ਹਾਈਜੈਕ ਕਰ ਲਿਆ ਹੈ।

Leave a Reply

Your email address will not be published. Required fields are marked *