-ਕੱਲ੍ਹ ਪੂਰੀ ਦੁਨੀਆ ਵੇਖੇਗੀ ਕਿਸਾਨੀ ਅੰਦੋਲਨ ਦਾ ਇਤਿਹਾਸਕ ਜਲੌਅ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ 26 ਜਨਵਰੀ 1950 ਨੂੰ 21 ਤੋਪਾਂ ਦੀ ਸਲਾਮੀ ਦੇ ਨਾਲ ਤਿਰੰਗਾ ਲਹਿਰਾ ਕੇ ਭਾਰਤ ਨੂੰ ਪੂਰਨ ਤੌਰ ‘ਤੇ ਗਣਤੰਤਰ ਐਲਾਨਿਆ ਸੀ। ਇਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪੂਰੇ ਦਿਸ ਵਿੱਚ ਕੌਮੀ ਛੁੱਟੀ ਹੁੰਦੀ ਹੈ।

ਕਿਸਾਨੀ ਅੰਦੋਲਨ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਵਾਰ ਗਣਤੰਤਰ ਦਿਵਸ ਪਰੇਡ ਪਿਛਲੇ ਸਾਲਾਂ ਨਾਲੋਂ ਵੱਖਰੀ ਹੋਵੇਗੀ। ਇਸ ਸਾਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਜੋ ਪਰੇਡ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਣਗੀਆਂ। ਕੋਵਿਡ -19 ਮਹਾਂਮਾਰੀ ਦੇ ਕਾਰਨ, ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ।

ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਵੀ ਇਸ ਵਾਰ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਕਰਨਗੇ, ਜੋ ਕਿ ਆਪਣੇ-ਆਪ ਵਿੱਚ ਇੱਕ ਇਤਿਹਾਸਕ ਪਰੇਡ ਹੋਵੇਗੀ। ਕਿਸਾਨਾਂ ਦੀ ਟਰੈਕਟਰ ਪਰੇਡ ਦੇ ਵਿੱਚ ਪਹਿਲੀ ਝਾਕੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਹੈ। ਇਸ ਪਿੱਛੇ ਇੱਕ ਵੱਡਾ ਕਾਰਨ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਇਸ ਤੋਂ ਇਲਾਵਾ ਕਿਸਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬਹੁਤ ਸਾਰੀਆਂ ਝਾਕੀਆਂ ਪੇਸ਼ ਕਰਨਗੇ।

ਇਸ ਵਾਰ ਗਣਤੰਤਰ ਦਿਹਾੜੇ ਮੌਕੇ ਕੇਵਲ 32 ਝਾਕੀਆਂ ਹੀ ਦਿਖਾਈਆਂ ਜਾਣਗੀਆਂ, ਜਿਸ ਵਿੱਚੋਂ ਪੰਜਾਬ ਦੀ ਝਾਕੀ 8ਵੇਂ ਨੰਬਰ ‘ਤੇ ਦਿਖਾਈ ਜਾਵੇਗੀ। ਇਸ ਵਾਰ ਪੰਜਾਬ ਦੀ ਝਾਕੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ। ਇਸ ਵਾਰ 15 ਸਾਲ ਤੋਂ ਘੱਟ ਉਮਰ ਦੇ ਬੱਚੇ ਗਣਤੰਤਰ ਪਰੇਡ ਨਹੀਂ ਵੇਖ ਸਕਣਗੇ।

ਇਸ ਵਾਰ ਗਣਤੰਤਰ ਪਰੇਡ ਵਿੱਚ ਹੋਰ ਕੀ-ਕੀ ਬਦਲਾਅ ਹੋਣਗੇ, ਉਸ ਬਾਰੇ ਜਾਣਦੇ ਹਾਂ :

• ਪਿਛਲੇ ਸਾਲ ਸਤੰਬਰ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਰਾਫੇਲ ਲੜਾਕੂ ਜਹਾਜ਼ ਵੀ ਪਹਿਲੀ ਵਾਰ ਪਰੇਡ ਵਿਚ ਹਿੱਸਾ ਲੈਣਗੇ। ਇਹ ਜਹਾਜ਼ ਫਰਾਂਸ ਤੋਂ ਖਰੀਦੇ ਗਏ ਹਨ ਅਤੇ ਭਾਰਤ ਨੇ ਫਰਾਂਸ ਨੂੰ ਦਿੱਤੇ 36 ਰਾਫੇਲ ਲੜਾਕੂ ਜਹਾਜ਼ਾਂ ਦੇ ਆਰਡਰ ਵਿੱਚੋਂ ਹੁਣ ਤੱਕ 11 ਜਹਾਜ਼ ਪ੍ਰਾਪਤ ਕੀਤੇ ਹਨ।

• ਪਹਿਲੀ ਵਾਰ ਇੱਕ ਮਹਿਲਾ ਲੜਾਕੂ ਪਾਇਲਟ ਵੀ ਪਰੇਡ ਵਿਚ ਹਿੱਸਾ ਲੈ ਰਹੀ ਹੈ। ਫਲਾਈਟ ਲੈਫਟੀਨੈਂਟ ਭਵਾਨਾ ਕਾਂਤ ਭਾਰਤ ਦੇ ਪਹਿਲੇ ਲੜਾਕੂ ਪਾਇਲਟਾਂ ਵਿੱਚੋਂ ਇੱਕ ਹੈ ਅਤੇ ਉਹ ਹਵਾਈ ਸੈਨਾ ਦੀ ਝਾਂਕੀ ਵਿੱਚ ਸ਼ਾਮਲ ਹੋਵੇਗੀ।

• ਪਹਿਲੀ ਵਾਰ ਪਰੇਡ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਝਾਕੀ ਵੀ ਸ਼ਾਮਲ ਹੋਵੇਗੀ। ਉੱਤਰ ਪ੍ਰਦੇਸ਼ ਦੀ ਝਾਕੀ ਵਿੱਚ ਰਾਮ ਮੰਦਰ ਦੀ ਇੱਕ ਪ੍ਰਤੀਕ੍ਰਿਤੀ ਦਿਖਾਈ ਜਾਵੇਗੀ। ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ।

• ਇਸ ਵਾਰ ਕੋਰੋਨਾਵਾਇਰਸ ਕਰਕੇ ਦਰਸ਼ਕਾਂ ਦੀ ਗਿਣਤੀ 25,000 ਕੀਤੀ ਗਈ ਹੈ, ਜੋ ਪਿਛਲੇ ਸਾਲ 1.5 ਲੱਖ ਸੀ। ਮੀਡੀਆ ਕਰਮੀਆਂ ਦੀ ਗਿਣਤੀ ਵੀ 300 ਤੋਂ ਘਟਾ ਕੇ 200 ਕਰ ਦਿੱਤੀ ਗਈ ਹੈ।

• ਪਿਛਲੇ ਸਾਲਾਂ ਦੇ ਉਲਟ, ਇਸ ਵਾਰ ਪਰੇਡ ਪਹਿਲੀ ਵਾਰ ਨੈਸ਼ਨਲ ਸਟੇਡੀਅਮ ਵਿੱਚ ਕੀਤੀ ਜਾਵੇਗੀ। ਸਿਰਫ ਝਾਕੀਆਂ ਹੀ ਲਾਲ ਕਿਲ੍ਹੇ ਤੱਕ ਜਾਣਗੀਆਂ।

Leave a Reply

Your email address will not be published. Required fields are marked *