India Khaas Lekh Punjab

ਖੇਤੀ ਕਾਨੂੰਨ: ਦੇਸ਼ ਭਰ ’ਚ ਕਿਸਾਨਾਂ ਦੇ ‘ਚੱਕਾ ਜਾਮ’ ਨੂੰ ਭਰਵਾਂ ਹੁਲਾਰਾ, ਕਿਸਾਨਾਂ ਨੇ ਮੋਦੀ ਨੂੰ ਝੁਕਾਉਣ ਦੀ ਲੱਭੀ ਨਵੀਂ ਤਰਕੀਬ

’ਦ ਖ਼ਾਲਸ ਬਿਊਰੋ: ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪੂਰੇ ਰੋਹ ’ਤੇ ਹੈ। ਇੱਕ ਪਾਸੇ ਮੋਦੀ ਸਰਕਾਰ ਆਪਣੀ ਅੜੀ ’ਤੇ ਕਾਇਮ ਹੈ ਜੇ ਦੂਜੇ ਪਾਸੇ ਕਿਸਾਨ ਵੀ ਆਪਣੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕਰ ਰਹੇ ਹਨ। ਇਸੇ ਕੜੀ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ਪੰਜਾਬ ਦੇ 100 ਤੋਂ ਵੱਧ ਟਿਕਾਣਿਆਂ ‘ਤੇ ‘ਚੱਕਾ ਜਾਮ’ ਕੀਤਾ। ਦੱਸ ਦੇਈਏ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (AIKSCC) ਨੇ ਦੇਸ਼ ਵਿਆਪੀ ਸੱਦੇ ਚੱਕਾ ਜਾਮ ਦਾ ਸੱਦਾ ਦਿੱਤਾ ਸੀ, ਜਿਸ ਦੇ ਤਹਿਤ ਦੇਸ਼ ਭਰ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਨਾਲ-ਨਾਲ ਕੌਮੀ ਰਾਜਮਾਰਗਾਂ ‘ਤੇ ਵੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਪੰਜਾਬ ਵਿੱਚ ਕਿਸਾਨਾਂ ਦੇ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਟਰਾਲੀਆਂ ਅਤੇ ਹੋਰ ਸਾਧਨਾਂ ਤੇ ਆਏ ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਕਿਸਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪਾਂਡੇਅਰ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨ ਜਥੇਬੰਦੀਆਂ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਾਈਵੇਅ ਜਾਮ ਕਰਨਗੀਆਂ। ਇਹ ਰੋਸ ਪ੍ਰਦਰਸ਼ਨ ਅੱਜ ਲਗਭਗ 46 ਥਾਵਾਂ ‘ਤੇ ਹੋਏਗਾ ਅਤੇ ਦੇਸ਼ ਵਿੱਚ ਇਕ ਮਹੱਤਵਪੂਰਣ ਤਬਦੀਲੀ ਲਿਆਏਗਾ।

AIKSCC ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਤੋਂ ਇਲਾਵਾ, ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਬੰਦ ਕਰਨ ਖਿਲਾਫ ਵੀ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜੰਡਿਆਲਾ ਗੁਰੂ ਰੇਲਵੇ ਟਰੈਕ ‘ਤੇ ਮੋਰਚਾ ਸਾਂਭਿਆ।

ਇਸੇ ਤਰ੍ਹਾਂ ਫਿਰੋਜ਼ਪੁਰ ‘ਚ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਫਾਜ਼ਿਲਕਾ, ਮੁਕਤਸਰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਤਰਨਤਾਰਨ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ, ਕਪੂਰਥਲਾ ਤੇ ਜਲੰਧਰ ਵਿੱਚ ਖਜਾਨਚੀ ਗੁਰਲਾਲ ਸਿੰਘ, ਹੁਸ਼ਿਆਰਪੁਰ ਤੇ ਗੁਰਦਾਸਪੁਰ ਸਵਿੰਦਰ ਸਿੰਘ ਚੁਤਾਲਾ, ਅੰਮ੍ਰਿਤਸਰ ਵਿੱਚ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੋਂ ਇਲਾਵਾ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਅੰਮ੍ਰਿਤਸਰ ਗੋਲਡਨ ਗੇਟ ਬਾਈਪਾਸ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਪੱਧਰ ਤੇ ਦੇਸ਼ ਵਾਸੀਆਂ ਦਾ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਰੂਪ ਵਿੱਚ ਅੱਜ ਇਤਿਹਾਸ ਰਚ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 14 ਜ਼ਿਲ੍ਹਿਆਂ ‘ਚ 35 ਥਾਵਾਂ ‘ਤੇ ਧਰਨੇ

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ‘ਚ 35 ਥਾਵਾਂ ‘ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ। ਦੇਸ਼ ਭਰ ਦੀਆਂ ਕਰੀਬ 250 ਕਿਸਾਨ ਜੱਥੇਬੰਦੀਆਂ ਮਿਲ ਕੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਅੱਜ ਦੇਸ਼ ਭਰ ‘ਚ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਕਿਸਾਨਾਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ਨੂੰ ਧਰਨਾ ਲਗਾ ਕੇ ਜਾਮ ਕਰ ਦਿੱਤਾ। ਇੱਥੇ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰਾਂ ‘ਤੇ ਪਹੁੰਚੇ। ਬਰਨਾਲਾ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੇ 10 ਮੁੱਖ ਮਾਰਗਾਂ ਨੂੰ ਜਾਮ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲੱਡਾ, ਕਾਲਾਝਾੜ, ਮੂਨਕ, ਚੀਮਾ, ਦਿੜ੍ਹਬਾ; ਜ਼ਿਲ੍ਹਾ ਬਠਿੰਡਾ ‘ਚ ਰਾਮਪੁਰਾ, ਜੀਦਾ, ਘੁੱਦਾ, ਲਹਿਰਾਬੇਗਾ, ਭਗਤਾ; ਜ਼ਿਲ੍ਹਾ ਮਾਨਸਾ ‘ਚ ਬੁਢਲਾਡਾ, ਮਾਨਸਾ ਕੈਂਚੀਆਂ, ਵਣਾਂਵਾਲੀ; ਜ਼ਿਲ੍ਹਾ ਬਰਨਾਲਾ ‘ਚ ਬਡਬਰ, ਸੰਘੇੜਾ, ਭੋਤਨਾ; ਜ਼ਿਲ੍ਹਾ ਮੁਕਤਸਰ ਸਾਹਿਬ ‘ਚ ਗਿੱਦੜਬਾਹਾ, ਲੰਬੀ; ਜ਼ਿਲ੍ਹਾ ਮੋਗਾ ‘ਚ ਚੰਦਪੁਰਾਣਾ, ਡਗਰੂ; ਜ਼ਿਲ੍ਹਾ ਪਟਿਆਲਾ ‘ਚ ਨਿਆਲ, ਰਾਜਪੁਰਾ; ਜ਼ਿਲ੍ਹਾ ਲੁਧਿਆਣਾ ‘ਚ ਲਹਿਰਾ, ਮੁੱਲਾਂਪੁਰ; ਜ਼ਿਲ੍ਹਾ ਫਰੀਦਕੋਟ ‘ਚ ਕੋਟਕਪੂਰਾ,; ਜ਼ਿਲ੍ਹਾ ਫ਼ਾਜਿਲਕਾ ‘ਚ ਮਾਹਮੂ ਜੋਈਆਂ, ਜਲਾਲਾਬਾਦ, ਗੋਬਿੰਦਗੜ੍ਹ, ਵਜੀਦਪੁਰ ਭੋਮਾ, ਕਿਲਿਆਂਵਾਲੀ ਚੌਕ ਅਬੋਹਰ; ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਵਲੂਰ; ਜ਼ਿਲ੍ਹਾ ਅੰਮ੍ਰਿਤਸਰ ‘ਚ ਰਮਦਾਸ, ਪੰਡੋਰੀ ਵੜੈਚ ਤੇ ਚੌਕ ਮੀਰਾਂਕੋਟ ਅੰਮ੍ਰਿਤਸਰ; ਜ਼ਿਲ੍ਹਾ ਗੁਰਦਾਸਪੁਰ ‘ਚ ਕੱਥੂਨੰਗਲ (ਪਠਾਨਕੋਟ ਹਾਈਵੇਅ) ਅਤੇ ਜ਼ਿਲ੍ਹਾ ਜਲੰਧਰ ‘ਚ ਮਾਲੜੀ/ ਹੁਸੈਨਪੁਰ (ਜਲੰਧਰ-ਮੋਗਾ ਹਾਈਵੇਅ) ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਮਖੂ, ਫਿਰੋਜ਼ਪੁਰ ਵਿੱਚ ਧਰਨਾ ਦਿੰਦੇ ਕਿਸਾਨ।

ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਇਲਜ਼ਾਮ ਲਾਇਆ ਗਿਆ ਹੈ ਕਿ ਮੋਦੀ ਸਰਕਾਰ ਵੱਲੋਂ ਮਾਲ ਗੱਡੀਆਂ ਬੰਦ ਕਰਨ ਕਰਕੇ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਿਕਤਾ ਲੜਖੜਾ ਰਹੀ ਹੈ। ਮੋਦੀ ਸਰਕਾਰ ਕਿਸਾਨਾਂ ਵੱਲੋਂ ਰੇਲਵੇ ਟਰੈਕ ਰੋਕਣ ਦਾ ਬਹਾਨਾ ਲਾ ਕੇ ਪੰਜਾਬ ਨੂੰ ਆਰਥਕ ਸੱਟ ਮਾਰ ਰਹੀ ਹੈ।
ਜ਼ੀਰਕਪੁਰ ‘ਚ ਪ੍ਰਦਰਸ਼ਨ ਦੌਰਾਨ ਝੜਪ

ਜ਼ੀਰਕਪੁਰ ‘ਚ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੜਕਾਂ ਦੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ, ਇਸ ਦੌਰਾਨ ਪੁਲਿਸ ਨੇ ਜਦੋਂ ਰਸਤੇ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਅਤੇ ਪੁਲਿਸ ਆਪਸ ਵਿੱਚ ਉਲਝ ਗਏ। ਦੋਵਾਂ ਵਿੱਚ ਧੱਕਾ-ਮੁੱਕੀ ਹੋਈ, ਮੌਕੇ ‘ਤੇ ਪਹੁੰਚੇ SSP ਸ਼ਹਿਰੀ ਰਵਜੋਤ ਕੌਰ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਐਂਬੂਲੈਂਸਾਂ ਨੂੰ ਪੂਰੀ ਛੋਟ

ਕਿਸਾਨ ਜੱਥੇਬੰਦੀ ਵੱਲੋਂ ਲਾਏ ਜਾਮ ਦੌਰਾਨ ਮਰੀਜਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਨੂੰ ਪੂਰੀ ਤਰਾਂ ਛੋਟ ਦਿੱਤੀ ਗਈ। ਸਟੇਜਾਂ ਤੋਂ ਕਿਸਾਨ ਆਗੂਆਂ ਨੇ ਵਾਰ-ਵਾਰ ਐਲਾਨ ਕੀਤਾ ਕਿ ਐਬੂਂਲੈਸਾਂ ਨੂੰ ਜਾਮ ਤੋਂ ਕੋਈ ਦਿੱਕਤ ਨਾ ਹੋਵੇ। ਜਾਮ ਵਾਲੀਆਂ ਥਾਵਾਂ ’ਤੇ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਗਈ ਸੀ ਜਿਨ੍ਹਾਂ ਨੂੰ ਪੂਰੀ ਤਰਾਂ ਮੁਸਤੈਦ ਰਹਿਣ ਲਈ ਆਖਿਆ ਹੋਇਆ ਸੀ। ਧਰਨਾਂਕਾਰੀਆਂ ਦੀ ਸਿਹਤ ਦੇ ਮੱਦੇਨਜ਼ਰ ਅੱਜ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਪਹਿਲਕਦਮੀ ਤੇ ਮੈਡੀਕਲ ਸੇਵਾਵਾਂ ਵੀ ਜਾਰੀ ਰੱਖੀਆਂ ਗਈਆਂ।

ਨਿੱਜੀ ਬੱਸਾਂ ਵੀ ਰਹੀਆਂ ਬੰਦ, ਜਦਕਿ ਸਰਕਾਰੀ ਬੱਸ ਸੇਵਾ ਰਹੀ ਬਹਾਲ

ਕਿਸਾਨਾਂ ਦੇ ਬੰਦ ਦੇ ਮੱਦੇ ਨਜਰ ਭਾਵੇਂ ਨਿੱਜੀ ਬੱਸ ਸਰਵਿਸ ਵੱਲੋਂ ਬੱਸਾਂ ਨਹੀਂ ਚਲਾਈਆਂ ਗਈਆਂ ਪਰ ਪੀਆਰਟੀਸੀ ਨੇ ਆਪਣੀਆਂ ਬੱਸਾਂ ਦੀ ਆਵਾਜਾਈ ਬਹਾਲ ਰੱਖੀ। ਤਲਵੰਡੀ ਸਾਬੋ ਦੇ ਬੱਸ ਸਟੈਡ ’ਤੇ ਨਿੱਜੀ ਕੰਪਨੀਆਂ ਦੀਆਂ ਬੱਸ ਬੱਸ ਸਟੈੱਡ ਵਿੱਚ ਹੀ ਖੜੀਆਂ ਰਹੀਆਂ, ਜਦਕਿ ਪੀਆਰਟੀਸੀ ਦੇ ਸਾਰੇ ਰੂਟ ਰੋਜ਼ਾਨਾਂ ਦੇ ਸਮੇਂ ਮੁਤਾਬਕ ਚਲਾਏ ਗਏ।

ਹਾਲਾਂਕਿ ਬੱਸਾਂ ਵਿੱਚ ਸਵਾਰੀਆਂ ਘੱਟ ਹੀ ਨਜ਼ਰ ਆਈਆਂ। ਪੀਆਰਟੀਸੀ ਦੇ ਇੰਚਾਰਜ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੇ ਤਹਿਤ ਸਰਕਾਰੀ ਬੱਸਾ ਚੱਲ ਰਹੀਆਂ ਹਨ ਪਰ ਸਵਾਰੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆਂ ਕਿ ਨਿਜੀ ਕੰਪਨੀਆਂ ਦੀਆਂ ਬੱਸਾਂ ਸਵੇਰ ਤੋਂ ਹੀ ਬੰਦ ਸਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕਾ ਜਾਮ ਨੂੰ ਹਮਾਇਤ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ‘ਚੱਕਾ ਜਾਮ’ ਲਈ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕਿਸਾਨਾਂ ਨਾਲ ਜੁੜੇ ਰਹਿਣਗੇ ਅਤੇ ਇਸ ਵਿੱਚ ਤਨਦੇਹੀ ਨਾਲ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਕਿਸਾਨੀ ਭਾਈਚਾਰੇ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਚੁੱਕੇ ਗਏ ਸਾਰੇ ਉਪਰਾਲਿਆਂ ਦਾ ਸਮਰਥਨ ਕਰੇਗਾ।

ਹਰਿਆਣਾ ਵਿੱਚ ਰੋਸ ਪ੍ਰਦਰਸ਼ਨ

ਹਰਿਆਣਾ ਦੀਆਂ 34 ਕਿਸਾਨ ਜਥੇਬੰਦੀਆਂ ਨੇ ਵੀ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ’ਚ ਥਾਂ-ਥਾਂ ’ਤੇ ਸੜਕਾਂ ਰੋਕ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਪੰਜਾਬ-ਹਰਿਆਣਾ ਸਰਹੱਦ ’ਤੇ ਜ਼ਿਲ੍ਹਾ ਸਿਰਸਾ ਦੇ ਮੁਸਹਾਬਾਦ ਤੇ ਨਰਵਾਣਾ ਜ਼ਿਲ੍ਹੇ ਦੇ ਦਾਤਾਸਿੰਘਵਾਲਾ ’ਚ ਦੋਵੇਂ ਸੂਬਿਆਂ ਦੇ ਕਿਸਾਨਾਂ ਨੇ ਇਕੱਠਿਆਂ ਜਾਮ ਲਾਏ।

ਆਲ ਇੰਡਿਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਸਤਿਆਵਾਨ ਪ੍ਰੇਮ ਸਿੰਘ ਗਹਿਲਾਵਤ ਤੇ ਯੋਗੇਂਦਰ ਯਾਦਵ ਨੇ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ ਵੱਖ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਸਤੇ ਜਾਮ ਕਰਨ ਦੌਰਾਨ ਐਂਬੂਲੈਂਸਾਂ ਤੇ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ।

ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਕਈ ਥਾਈਂ ਕਿਸਾਨਾਂ ਨੇ ਰੋਲ ਪ੍ਰਦਰਸ਼ਨ ਕੀਤੇ। 

ਸੰਘਰਸ਼ਸ਼ੀਲ ਕਿਸਾਨ 20 ਨਵੰਬਰ ਤਕ ਨਹੀਂ ਰੋਕਣਗੇ ਮਾਲ ਗੱਡੀਆਂ

ਪੰਜਾਬ ਕਿਸਾਨ ਭਵਨ ਚੰਡੀਗੜ੍ਹ ਵਿੱਚ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ 20 ਨਵੰਬਰ ਤਕ ਮਾਲ ਗੱਡੀਆਂ ਨੂੰ ਛੋਟ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਯਾਤਰੀ ਰੇਲਾਂ ਨੂੰ ਲੈ ਕੇ ਕਿਸਾਨਾਂ ਨੇ ਮਨਜ਼ੂਰੀ ਨਹੀਂ ਦਿੱਤੀ।

ਕਿਸਾਨ ਆਗੂਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ, ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ ਜਾਰੀ ਰਹਿਣਗੇ। ਬੀਜੇਪੀ ਆਗੂਆਂ ਦਾ ਘਿਰਾਓ ਵੀ ਜਾਰੀ ਰਹੇਗਾ।

26 ਅਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਉ

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਹੁਣ ਮੋਦੀ ਸਰਕਾਰ ਦਾ ਉਹ ਘੇਰਾਓ ਕਰਨਗੀਆਂ ਅਤੇ 26-27 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦਾ ਘਿਰਾਉ ਕਰਨਗੇ ਅਤੇ ਜਦੋਂ ਤੱਕ ਮੋਦੀ ਦੀ ਸਰਕਾਰ ਗੋਡੇ ਨਹੀਂ ਟੇਕਦੇ ਉਦੋਂ ਤਕ ਕਿਸਾਨ ਸੰਘਰਸ਼ ਜਾਰੀ ਰੱਖਣਗੇ ਭਾਵੇਂ ਉਨ੍ਹਾਂ ਨੂੰ ਮਰਨਾ ਕਿਉਂ ਨਾ ਪਵੇ। ਕਿਸਾਨ ਜਥੇਬੰਦੀਆਂ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਇਸ ’ਤੇ ਰਣਨੀਤੀ ਤਿਆਰ ਕਰ ਸਕਦੀਆਂ ਹਨ।

ਕਿਸਾਨ ਜਥੇਬੰਦੀਆਂ ਨੇ 4 ਨਵੰਬਰ ਨੂੰ ਰੇਲਵੇ ਟਰੈਕ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ, ਪਰ ਕੇਂਦਰ ਖ਼ਿਲਾਫ਼ ਉਨ੍ਹਾਂ ਨੇ ਆਪਣਾ ਸਟੈਂਡ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਸੀ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਕੇਂਦਰ ਉਨ੍ਹਾਂ ਨੂੰ ਦਬਾ ਨਹੀਂ ਸਕਦਾ।
ਇਸ ਦੌਰਾਨ ਕਿਸਾਨ ਮਹਾਸੰਘ ਵੱਲੋਂ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ 187 ਯੂਨੀਅਨ ਹਿੱਸਾ ਲੈ ਰਹੀਆਂ ਹਨ।

ਮੋਦੀ ਸਰਕਾਰ ਨੂੰ ਝੁਕਾਉਣ ਲਈ ਕਿਸਾਨਾਂ ਦੀ ਨਵੀਂ ਰਣਨੀਤੀ

ਪੰਜਾਬ ਦੇ ਕਿਸਾਨਾਂ ਨੇ ਹੁਣ ਮੋਦੀ ਸਰਕਾਰ ਨੂੰ ਝੁਕਾਉਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਕਿਸਾਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਨਹੀਂ ਕਰੇਗੀ ਤਾਂ ਪੰਜਾਬ ਦੇ ਕਿਸਾਨ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਦੇਸ਼ ਦੇ ਹੋਰ ਕਿਸਾਨ ਸੰਗਠਨਾਂ ਨਾਲ ਮਿਲ ਕੇ ਦਿੱਲੀ ਨੂੰ ਦੁੱਧ, ਸਬਜ਼ੀਆਂ, ਚਾਰਾ ਤੇ ਹੋਰ ਖ਼ੁਰਾਕੀ ਵਸਤਾਂ ਦੀ ਸਪਲਾਈ ਬੰਦ ਕਰ ਦੇਣਗੇ।

ਦੱਸ ਦੇਈਏ ਕਿ ਇਹ ਮਤਾ ਐਤਵਾਰ ਨੂੰ ਹੋਈ ਭਾਰਤੀ ਕਿਸਾਨ ਯੂਨੀਅਨ-ਰਾਜੇਵਾਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 22 ਅਕਤੂਬਰ ਤੋਂ ਰੇਲ ਪਟੜੀਆਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ ਪਰ ਕੇਂਦਰ ਨੇ ਆਪਣੇ ਜ਼ਿੱਦੀ ਰਵੱਈਏ ਕਾਰਣ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਜ਼ਿੱਦੀ ਰਵੱਈਏ ਤੇ ਪੰਜਾਬ ਸਰਕਾਰ ਦੇ ਡਰਾਮੇ ਤੋਂ ਪੰਜਾਬ ਦੀ ਜਨਤਾ ਪ੍ਰੇਸ਼ਾਨ ਹੈ। ਨਾਲ ਹੀ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਪਰਾਲ਼ੀ ਸਾੜਨ ਉੱਤੇ ਸਜ਼ਾ ਤਾਂ ਜ਼ਰੂਰ ਭੁਗਤ ਲਵਾਂਗੇ ਪਰ ਜ਼ੁਰਮਾਨਾ ਨਹੀਂ ਦੇਵਾਂਗੇ। ਪ੍ਰਦੂਸ਼ਣ ਲਈ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨਾਂ ਦਾ ਸਾਲ ਵਿੱਚ ਦੋ ਵਾਰ ਸਿਰਫ਼ ਛੇ ਫ਼ੀਸਦੀ ਪ੍ਰਦੂਸ਼ਣ ਹੈ, ਜਦਕਿ ਰੋਜ਼ਾਨਾ ਫ਼ੈਕਟਰੀਆਂ ਦਾ 51 ਫ਼ੀਸਦੀ ਤੇ ਵਾਹਨਾਂ ਦਾ 25 ਫ਼ੀਸਦੀ ਪ੍ਰਦੂਸ਼ਣ ਹੈ।

ਰੇਲਾਂ ਬੰਦ ਹੋਣ ਨਾਲ 1200 ਕਰੋੜ ਦਾ ਨੁਕਸਾਨ

ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਕੀਤੇ ਜਾ ਰਹੇ ਅੰਦੋਲਨਾਂ ਕਾਰਨ ਭਾਰਤੀ ਰੇਲਵੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਪੰਜਾਬ ’ਚ ਲਗਪਗ 32 ਰੇਲ ਮਾਰਗਾਂ ’ਤੇ ਧਰਨਿਆਂ ਕਾਰਨ ਰੇਲਵੇ ਆਵਾਜਾਈ ਨੂੰ ਪਹਿਲਾਂ ਹੀ 1200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ।

ਜ਼ਰੂਰੀ ਵਸਤਾਂ ਨਾਲ ਲੱਦੇ ਮਾਲ ਗੱਡੀਆਂ ਦੇ 2225 ਰੈਕ ਮਾਰਗ ਠੱਪ ਹੋਣ ਕਾਰਨ ਟਿਕਾਣਿਆਂ ’ਤੇ ਨਹੀ ਪਹੁੰਚਾਏ ਜਾ ਸਕੇ । ਉਨ੍ਹਾਂ ਕਿਹਾ ਕਿ ਕਰੀਬ ਹੁਣ ਤੱਕ ਕਰੀਬ 1350 ਰੈਕ ਨਾਲ ਲੱਦੀਆਂ ਮਾਲ ਗੱਡੀਆਂ ਦੇ ਆਰਡਰ ਜਾਂ ਤਾਂ ਰੱਦ ਕਰਨੇ ਪਏ ਜਾਂ ਉਨ੍ਹਾਂ ਦੇ ਮਾਰਗ ਬਦਲ ਦਿੱਤੇ ਗਏ ਹਨ। ਕਈ ਥਾਵਾਂ ‘ਤੇ ਖਾਸ ਕਰਕੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ’ਚ ਤਿੱਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ ਰੇਲ ਮਾਰਗ ਠੱਪ ਰਹਿਣ ਕਾਰਨ ਖੇਤੀ, ਸਨਅਤੀ ਅਤੇ ਬੁਨਿਆਦੀ ਖੇਤਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਹੋ ਗਈ ਹੈ ।

Comments are closed.