Punjab

ਧਰਤੀ ‘ਤੇ ਖੜਕੇ ਤਾਂ ਸਰਕਾਰ ਨੂੰ ਸਾਡੀ ਗੱਲ ਸੁਣਦੀ ਨਹੀਂ, ਕੀ ਪਤਾ ਊਠ ਦੀ ਉੱਚਾਈ ਤੋਂ ਸੁਣ ਜਾਵੇ: ਥਰਮਲ ਪਲਾਂਟ ਮੁਲਾਜ਼ਮ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਭਰ ‘ਚ ਰੈਲੀਆਂ ਅਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀਆਂ ਲਗਾਏ ਜਾਣ ਦੇ ਬਾਵਜੂਦ ਵੀ ਪ੍ਰਦਰਸ਼ਨਾਂ ਦਾ ਸਿਲਸਲਾ ਜਾਰੀ ਹੈ। ਅੱਜ ਬਠਿੰਡਾ ਵਿੱਚ ਥਰਮਲ ਪਲਾਂਟ ਦੇ ਮੁਲਾਜ਼ਮਾਂ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਕੈਪਟਨ ਸਰਕਾਰ ਖਿਲਾਫ ਇੱਕ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਊਠ ‘ਤੇ ਸਵਾਰ ਹੋ ਕੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਲਾਰਿਆਂ ਦੀ ਪੰਡ ਰੱਖ ਕੇ ਹੱਥਾਂ ‘ਚ ਕਾਲੇ ਝੰਡੇ ਫੜ੍ਹ ਕੇ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਜਿਸ ਤੋਂ ਬਾਅਦ ਊਠ ‘ਤੇ ਰੱਖੀ ਲਾਰਿਆਂ ਦੀ ਪੰਡ ਥਰਮਲ ਪਲਾਟ ਦੇ ਬਾਹਰ ਰੱਖ ਕੇ ਫੂਕ ਦਿੱਤੀ ਗਈ। ਲਾਰਿਆਂ ਦੀ ਪੰਡ ‘ਤੇ ਵਿਤ ਮੰਤਰੀ ਮਨਪ੍ਰੀਤ ਬਾਦਲ ਦੀ ਤਸਵੀਰ ਵੀ ਲੱਗੀ ਹੋਈ ਸੀ।

ਮੁਲਾਜ਼ਮਾਂ ਨੇ ਇਲਜ਼ਾਮ ਲਾਇਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਝੂਠੇ ਸਾਬਿਤ ਹੋਏ ਹਨ। ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਹੁਣ ਅਸੀਂ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰਹਾਂਗੇ। ਊਠ ‘ਤੇ ਬੈਠੇ ਮੁਲਾਜ਼ਮ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਾਡੀ ਗੱਲ ਧਰਤੀ ‘ਤੇ ਖੜ ਕੇ ਤਾਂ ਸੁਣਾਈ ਨਹੀਂ ਦੇ ਰਹੀ, ਇਸ ਲਈ ਅਸੀਂ ਊਠ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਾਂ।

ਮੁਲਾਜ਼ਮਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਪੰਜਾਬ ਸਰਕਾਰ ਖਿਲਾਫ ਇਹ ਪ੍ਰਦਰਸ਼ਨ 28 ਸਤਬੰਰ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।