‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ‘ਚੋ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ  ਵੱਲੋਂ ਇੱਕਠੇ ਕੀਤੇ ਸਬੂਤ ਅਤੇ ਲੋੜੀਂਦੇ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ ਤਾਂ ਜਾਂਚ ਟੀਮ ਦੀ ਸਹਾਇਤਾ ਕੀਤੀ ਜਾ ਸਕੇ।

 

ਸੰਗਠਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਂਚ ਲਈ ਨਾਮਜ਼ਦ ਕੀਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨਵਿਤਾ ਸਿੰਘ ਬਾਰੇ ਤਸੱਲੀ ਪ੍ਰਗਟਾਈ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਵੀ ਇਹ ਮਸਲਾ ਜੋਰਾ ‘ਤੇ ਉਭਾਰਿਆ  ਜਾ ਰਿਹਾ ਹੈ।

 

ਜਥੇਬੰਦੀ ਦੇ ਮੁੱਖ ਜਾਂਚ ਅਧਿਕਾਰੀ ਸਰਬਜੀਤ ਸਿੰਘ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ‘ਚੋਂ  ਗਾਇਬ ਹੋਏ ਲਗਪਗ 60 ਸਰੂਪਾਂ ਬਾਰੇ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਹੈ। ਇਹ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ।  ਸੰਗਠਨ ਦੇ ਅਧਿਕਾਰੀਆਂ ਮੁਤਬਿਕ, ਸਾਬਕਾ ਜੱਜ ਨਵਿਤਾ ਸਿੰਘ ਨੂੰ ਜਾਂਚ ਵਿਚ ਸਹਿਯੋਗ ਦੇਣ ਲਈ SGPC ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਥਾਂ ਆਪਣੀ ਮਰਜ਼ੀ ਦਾ ਅਮਲਾ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਜੋ ਜਾਂਚ ਨਿਰਪੱਖ ਢੰਗ ਨਾਲ ਜਾਂਚ ਹੋ ਸਕੇ।

 

ਅਧਿਕਾਰੀਆਂ ਨੇ ਖਦਸ਼ਾਂ ਜ਼ਾਹਿਰ ਕਰਦਿਆਂ ਕਿਹਾ ਕਿ  267 ਸਰੂਪ ਹੀ ਰਿਕਾਰਡ ਵਿਚੋਂ ਘੱਟ ਨਹੀਂ ਹਨ ਬਲਕਿ ਇਸ ਤੋਂ ਵੀ ਵੱਧ ਸਰੂਪ ਵੀ ਘੱਟ ਹੋ ਸਕਦੇ ਹਨ।

 

17 ਜੁਲਾਈ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਜਾਂਚ ਅਧਿਕਾਰ ਸਿੱਖ ਬੀਬੀ ਨਵਿਤਾ ਸਿੰਘ ਨੂੰ ਅਤੇ ਮਾਮਲੇ ਦੀ ਜਾਂਚ ਵਿੱਚ ਉਹਨਾਂ ਦੇ ਸਹਿਯੋਗੀ ਤੇਲੰਗਨਾ ਹਾਈਕੋਰਟ ਦੇ ਐਡਵੋਕੇਟ ਭਾਈ ਈਸ਼ਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

 

ਇਸ ਤੋਂ ਇਲਾਵਾਂ ਲੋੜ ਪੈਣ ‘ਤੇ ਇਨ੍ਹਾਂ ਅਧਿਕਾਰੀਆਂ ਨੂੰ ਅਕਾਊਂਟੈਂਟ ਮਾਹਿਰ , SGPC ਦੇ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਹੋਰ ਵਿਦਵਾਨਾਂ ਦੀਆਂ ਸੇਵਾਵਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ।

 

ਸਾਬਕਾ ਜੱਜ ਨਵਿਤਾ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਹਾਲੇ ਪੱਤਰ ਨਹੀਂ ਮਿਲਿਆ। ਪੱਤਰ ਮਿਲਣ ਤੋਂ ਬਾਅਦ ਹੀ ਉਹ ਜਾਂਚ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੇ।

Leave a Reply

Your email address will not be published. Required fields are marked *