India Punjab

ਫੋਟੋ ਵੋਟਰ ਸੂਚੀ ‘ਚੋਂ ਜਲਦ ਹਟੇਗਾ ‘ਹਰਿਜਨ’ ਸ਼ਬਦ

‘ਦ ਖ਼ਾਲਸ ਬਿਊਰੋ :- ਪੰਜਾਬ ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀ ਵਿੱਚੋਂ ਹਰਿਜਨ ਸ਼ਬਦ ਹਟਾਉਣ ਦਾ ਫੈਸਲਾ ਲਿਆ ਹੈ। ਮੁੱਖ ਚੋਣ ਅਫਸਰ ਡਾ. ਐੱਸ.ਕਰੁਣਾ ਰਾਜੂ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇਸ ਸੋਧ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਚੋਣ ਅਫਸਰ ਨੇ ਕਿਹਾ ਕਿ ਗੈਰ-ਸੰਵਿਧਾਨਕ ਸ਼ਬਦ ‘ਹਰਿਜਨ ਬਸਤੀ’ ਦੀ ਥਾਂ ਹੁਣ ਵੋਟਰ ਸੂਚੀ ਵਿੱਚ ਪਿੰਡ, ਜਗ੍ਹਾ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਮੁੱਖ ਚੋਣ ਅਫਸਰ ਡਾ. ਐੱਸ.ਕਰੁਣਾ ਰਾਜੂ ਨੂੰ ਫੋਟੋ ਵੋਟਰ ਸੂਚੀ ਵਿੱਚ ‘ਹਰਿਜਨ’ ਅਤੇ ‘ਗਿਰੀਜਨ’ ਜਿਹੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਰਾਜੂ ਵੱਲੋਂ ਇਹ ਮਾਮਲਾ ਪੰਜਾਬ ਦੇ ਮੁੱਖ ਸਕੱਤਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ।

ਸੂਬੇ ਦੇ ਡੀ ਸੀ ਕਮ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ 117 ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਇਨ੍ਹਾਂ ਸ਼ਬਦਾਂ ਨੂੰ ਹਟਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ‘ਚ ਜੇ ਕਿਸੇ ਵਿਅਕਤੀ ਨੂੰ ਅਜਿਹਾ ਗੈਰ ਸੰਵਿਧਾਨਿਕ ਨਾਂ ਲਿਖਿਆ ਹੋਇਆ ਮਿਲਦਾ ਹੈ, ਤਾਂ ਉਸਨੂੰ ਲਾਜ਼ਮੀ ਤੌਰ ‘ਤੇ ਇਸ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਕਮਿਸ਼ਨ ਵੱਲੋਂ ਇਸ ਨੂੰ ਤੁਰੰਤ ਸੁਧਾਰਿਆ ਜਾਵੇਗਾ। ਸਾਲ 2018 ਵਿੱਚ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਅਦਾਰਿਆਂ ਨੂੰ ‘ਦਲਿਤ’ ਸ਼ਬਦ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਸੀ। ਮੰਤਰਾਲੇ ਦਾ ਕਹਿਣਾ ਸੀ ਕਿ ਅਨੁਸੂਚਿਤ ਜਾਤੀ ਇੱਕ ਸੰਵਿਧਾਨਿਕ ਸ਼ਬਦਾਵਲੀ ਹੈ ਅਤੇ ਇਸਦੀ ਵਰਤੋਂ ਕੀਤੀ ਜਾਵੇ। ਮੰਤਰਾਲੇ ਦੇ ਇਸ ਫ਼ੈਸਲੇ ਦਾ ਦੇਸ਼ ਭਰ ਦੇ ਕਈ ਦਲਿਤ ਸੰਗਠਨਾਂ ਅਤੇ ਬੁੱਧੀਜੀਵੀਆਂ ਨੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ‘ਦਲਿਤ’ ਸ਼ਬਦ ਦਾ ਰਾਜਨੀਤਿਕ ਮਹੱਤਵ ਹੈ ਅਤੇ ਇਹ ਪਛਾਣ ਦੀ ਜਾਣਕਾਰੀ ਦਿੰਦਾ ਹੈ।

ਅੰਗਰੇਜ਼ੀ ਰਾਜ ਸਮੇਂ ਪੰਜਾਬ ਬਹੁਤ ਵੱਡਾ ਸੀ, ਜਿਸਦੀ ਮਰਦਮ ਸ਼ੁਮਾਰੀ ਸਰ ਡੈਂਜ਼ਿਲ ਚਾਰਲਸ ਇਬੈੱਟਸਨ ਨੇ ਸੰਨ 1881 ਵਿੱਚ ਕਰਵਾਈ ਸੀ ਅਤੇ ਜਿਸ ਦੀ ਮੁਕੰਮਲ ਰਿਪੋਰਟ ਸੰਨ 1883 ਵਿੱਚ ਛਾਪੀ ਗਈ ਸੀ। ਇਹ ਰਿਪੋਰਟ ਭਾਸ਼ਾ ਵਿਭਾਗ, ਪੰਜਾਬ ਨੇ Castes of Punjab ਦੇ ਸਿਰਲੇਖ ਅਧੀਨ ਕਿਤਾਬ ਦੇ ਰੂਪ ਵਿੱਚ ਛਾਪੀ ਹੋਈ ਹੈ। ਇਸ ਰਿਪੋਰਟ ਵਿੱਚ ਕਿਤੇ ਵੀ ਸਮਾਜ ਦੇ ਅਛੂਤ ਭਾਵ ਨੀਵੇਂ ਸਮਝੇ ਜਾਂਦੇ ਲੋਕਾਂ ਲਈ ‘ਹਰੀਜਨ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਸੰਨ 1927 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਨੂੰ ਮੁਕੰਮਲ ਕਰ ਲਿਆ ਸੀ, ਜਿਸ ਵਿੱਚ ਉਨ੍ਹਾਂ ਨੇ ਵੀ ਸਮਾਜ ਦੇ ਨੀਵੇਂ ਸਮਝੇ ਜਾਂਦੇ ਲੋਕਾਂ ਲਈ ‘ਹਰੀਜਨ’ ਸ਼ਬਦ ਦੀ ਵਰਤੋਂ ਨਹੀਂ ਕੀਤੀ। ਪਰ ਸੰਨ 1932 ਵਿੱਚ ਕੇਵਲ ਮਹਾਤਮਾ ਗਾਂਧੀ ਨੇ ਪਹਿਲੀ ਵਾਰ ਭਾਰਤ ਦੇ ਦਲਿਤ ਲੋਕਾਂ ਲਈ ਸਾਂਝੇ ਰੂਪ ਵਿੱਚ ‘ਹਰਿਜਨ’ ਸ਼ਬਦ ਦੀ ਵਰਤੋਂ ਕੀਤੀ ਸੀ ਅਤੇ ‘ਹਰਿਜਨ’ ਨਾਂ ਦਾ ਇੱਕ ਹਫ਼ਤਾਵਾਰੀ ਅਖ਼ਬਾਰ ਵੀ ਚਲਾਇਆ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਹਰੀਜਨ ਦੌਰੇ’ ਕੀਤੇ ਸਨ ਅਤੇ ‘ਹਰੀਜਨ ਸੰਸਥਾਵਾਂ’ ਵੀ ਬਣਾਈਆਂ ਸਨ। ਇਨ੍ਹਾਂ ਸਾਰੀਆਂ ਗੱਲਾਂ ਦੇ ਹਵਾਲੇ ਲੇਖਕ D.G. Tendulkar ਦੀਆਂ ਕਿਤਾਬਾਂ ਵਿੱਚੋਂ ਮਿਲ ਜਾਣਗੇ, ਜਿਹੜੇ ਉਨ੍ਹਾਂ ਨੇ ‘Life of Mohandas Karam Chand Gandhi’ ਨਾਂ ਦੇ ਸਿਰਲੇਖ ਅਧੀਨ ਕਈ ਜਿਲਦਾਂ ਵਿਚ ਲਿਖੇ ਸਨ|

ਸੰਨ 1932 ਤੋਂ ਪਹਿਲਾਂ ਭਾਰਤੀ ਸਮਾਜ ਵਿੱਚ ‘ਹਰੀਜਨ’ ਸ਼ਬਦ ਦੀ ਵਰਤੋਂ ਕੇਵਲ ਪਰਮਾਤਮਾ ਦੇ ਸੇਵਕ, ਕਰਤਾਰ ਦੇ ਸੇਵਕਾਂ, ਸਾਧੂ ਜਨਾਂ ਲਈ ਹੀ ਕੀਤੀ ਜਾਂਦੀ ਸੀ। ਪਰ 1932 ਵਿੱਚ ਗਾਂਧੀ ਨੇ ਭਾਰਤੀ ਸਮਾਜ ਦੇ ਨੀਚ ਸਮਝੇ ਜਾਣ ਵਾਲੇ ਅਛੂਤ ਲੋਕਾਂ ਲਈ ‘ਹਰੀਜਨ’ ਸ਼ਬਦ ਜਾਤੀਵੰਡ ਦੇ ਤੌਰ ‘ਤੇ ਪ੍ਰਚਲਤ ਕੀਤਾ ਸੀ। ਇਸ ਤਰ੍ਹਾਂ ‘ਹਰੀਜਨ’ ਸ਼ਬਦ ਭਾਰਤੀ ਸਮਾਜ ਦੇ ਨੀਚ ਸਮਝੇ ਜਾਣ ਵਾਲੇ ਅਛੂਤ ਲੋਕਾਂ ਲਈ ਨਫ਼ਰਤ ਦਾ ਸੂਚਕ ਮੰਨਿਆ ਜਾਣ ਲੱਗ ਪਿਆ। ਇਸ ਨਫ਼ਰਤ ਦਾ ਪ੍ਰਭਾਵ ਪੰਜਾਬ ਦੇ ਲੋਕਾਂ ‘ਤੇ ਵੀ ਪੈਣਾ ਸੁਭਾਵਿਕ ਸੀ। ਸਿੱਖੀ-ਸਿਧਾਂਤਾਂ ਤੋਂ ਅਣਜਾਣ ਅਤੇ ਜਾਤੀਵੰਡ ਅਨੁਸਾਰ ਉੱਚ ਜਾਤੀ ਦਾ ਭਰਮ ਪਾਲ ਚੁੱਕੇ ਅਖੌਤੀ ਸਿੱਖਾਂ ਨੇ ਵੀ ‘ਹਰੀਜਨ’ ਸ਼ਬਦ ਦੀ ਵਰਤੋਂ ਸਮਾਜ ਦੇ ਨੀਵੇਂ ਸਮਝੇ ਜਾਣ ਵਾਲੇ ਸਿੱਖਾਂ ਲਈ ਸ਼ੁਰੂ ਕਰ ਦਿੱਤੀ ਸੀ। ਜਿਸ ਦਾ ਅਸਰ ਅੱਜ ਵੀ ਦੇਖਿਆ ਸਕਦਾ ਹੈ; ਜਿਵੇਂ ਹਰੀਜਨਾਂ ਦਾ ਗੁਰਦੁਆਰਾ, ਹਰੀਜਨਾਂ ਦੀ ਧਰਮਸ਼ਾਲਾ, ਹਰੀਜਨਾਂ ਦੇ ਘਰ, ਹਰੀਜਨਾਂ ਦਾ ਮੁਹੱਲਾ, ਹਰੀਜਨਾਂ ਦਾ ਖੂਹ, ਹਰੀਜਨਾਂ ਦੇ ਵਾੜੇ,  ਹਰੀਜਨਾਂ ਦੀ ਬਰਾਤ,  ਹਰੀਜਨਾਂ ਦਾ ਸ਼ਮਸ਼ਾਨਘਾਟ ਆਦਿ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਗੁਰਬਾਣੀ ਵਿੱਚ ‘ਹਰਿਜਨ’ ਸ਼ਬਦ ਦੀ ਵਰਤੋਂ ਕਿਹੜੇ ਮਨੁੱਖਾਂ ਲਈ ਕੀਤੀ ਗਈ ਹੈ? ਆਉ, ਜਾਣਦੇ ਹਾਂ।

‘ਹਰਿਜਨ’ ਦੋ ਸ਼ਬਦਾਂ ਹਰਿ ਅਤੇ ਜਨ ਦੇ ਮੇਲ ਤੋਂ ਬਣਿਆ ਹੈ| ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪਦ-ਛੇਦ ਕਰਨ ਸਮੇਂ ‘ਹਰਿਜਨ’ ਸ਼ਬਦ ਨੂੰ ਵੀ ਵੱਖਰਾ-ਵੱਖਰਾ ਕਰਕੇ ਹਰਿ ਜਨ ਕਰ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ‘ਹਰਿ ਜਨ’ ਸ਼ਬਦ ਦੀ ਵਰਤੋਂ ਅਨੇਕਾਂ ਵਾਰੀ ਕੀਤੀ ਗਈ ਹੈ।

ਆਉ ਜਾਣਦੇ ਹਾਂ, ਗੁਰਬਾਣੀ ਵਿੱਚ ਹਰਿਜਨ’ ਸ਼ਬਦ ਕਿੰਨਾ ਲਈ ਵਰਤਿਆ ਗਿਆ ਹੈ ?

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ‘ਹਰਿਜਨ’ ਸ਼ਬਦ ਬਹੁਤ ਵਾਰ ਵਰਤਿਆ ਗਿਆ ਹੈ।

1.   ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ||
2.   ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ||
3.   ਹਰਿ ਜਨ ਸੰਤ ਮਿਲਹੁ ਮੇਰੇ ਭਾਈ||
4.   ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ||
5.   ਹਰਿ ਜਨ ਪ੍ਰਭੁ ਰਲਿ ਏਕੋ ਹੋਇ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ||
6.   ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ||
7.   ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ||

ਇਨ੍ਹਾਂ ਗੁਰਬਾਣੀ ਫੁਰਮਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ ‘ਹਰਿ ਜਨ’ ਸ਼ਬਦ ਬਹੁਤ ਹੀ ਸਤਿਕਾਰਯੋਗ ਅਰਥਾਂ ਵਿੱਚ ਲਿਆ ਗਿਆ ਹੈ।

Comments are closed.