‘ਦ ਖ਼ਾਲਸ ਬਿਊਰੋ :- ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 14 ਸਤੰਬਰ ਨੂੰ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਪੂਰੇ ਸੂਬੇ ’ਚ ਵੱਡੇ ਸੰਘਰਸ਼ ਦਾ ਮੁੱਢ ਬੱਝੇਗਾ। ਕਿਸਾਨ-ਮਜ਼ਦੂਰ ਸੰਘਰਸ਼ ਵੱਲੋਂ ਹਰੀਕੇ ਹੈੱਡ, ਬਿਆਸ ਪੁਲ ਤੇ ਟਾਂਡਾ ਹਰਗੋਬਿੰਦਪੁਰ ਪੁਲ ’ਤੇ ਜਾਮ ਲਾਏ ਜਾਣਗੇ। ਕਮੇਟੀ ਨੇ ਹੁਣ ਛੇ ਦੀ ਬਜਾਏ ਤਿੰਨ ਜ਼ਿਲ੍ਹਿਆਂ ਵਿੱਚ ਮੋਰਚਾ ਭਖਾ ਲਿਆ ਹੈ।

ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਪ੍ਰਤੀ ਨਰਮ ਵਤੀਰਾ ਰੱਖਿਆ ਹੋਇਆ ਹੈ। ਕਿਧਰੇ ਵੀ ਪੁਲੀਸ ਵੱਲੋਂ ਕਿਸਾਨਾਂ ਦੇ ਰੋਸ ਪ੍ਰਦਸ਼ਨਾਂ ਨੂੰ ਰੋਕਣ ਦਾ ਸਮਾਚਾਰ ਨਹੀਂ ਹੈ। ਹਾਲਾਂਕਿ ਮਾਝੇ ਤੇ ਦੁਆਬੇ ਦੇ ਦਰਿਆਈ ਪੁਲ ਜਾਮ ਕਰਨ ਸਬੰਧੀ ਲੋਕਾਂ ਨੂੰ ਦਿੱਕਤਾਂ ਆ ਸਕਦੀਆਂ ਹਨ, ਜਿਸ ਕਰ ਕੇ ਪੁਲੀਸ ਵੱਲੋਂ ਅੱਜ ਬਦਲਵੇਂ ਰਸਤੇ ਤਲਾਸ਼ ਲਏ ਹਨ ਤਾਂ ਜੋ ਟਰੈਫ਼ਿਕ ਵਿੱਚ ਕੋਈ ਵਿਘਨ ਨਾ ਪਵੇ। ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਦਸ ਕਿਸਾਨ ਧਿਰਾਂ ਵੱਲੋਂ ਅੱਜ ਬਰਨਾਲਾ, ਮੋਗਾ, ਫਗਵਾੜਾ, ਪਟਿਆਲਾ ਤੇ ਅੰਮ੍ਰਿਤਸਰ ’ਚ ‘ਲਲਕਾਰ ਰੈਲੀਆਂ’ ਕੱਢੀਆਂ ਜਾਣਗੀਆਂ।

ਇਨਕਲਾਬੀ ਕੇਂਦਰ ਦੇ ਸੀਨੀਅਰ ਆਗੂ ਨਰਾਇਣ ਦੱਤ ਨੇ ਕਿਹਾ ਕਿ  ਬਰਨਾਲਾ ਦੀ ‘ਲਲਕਾਰ ਰੈਲੀ’ ਵਿੱਚ 15 ਹਜ਼ਾਰ ਕਿਸਾਨ ਇਕੱਠੇ ਹੋਣਗੇ। ਸੂਤਰਾਂ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 15 ਸਤੰਬਰ ਨੂੰ ਪਿੰਡ ਬਾਦਲ ਤੇ ਪਟਿਆਲਾ ’ਚ ਕਿਸਾਨ ਮੋਰਚਾ ਲਾਇਆ ਜਾ ਰਿਹਾ ਹੈ ਜੋ ਛੇ ਦਿਨ ਚੱਲੇਗਾ। ਮਲਵਈ ਪਿੰਡਾਂ ਵਿੱਚ ਮੋਰਚੇ ਲਈ ਵੱਡੇ ਪੱਧਰ ’ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਬੀਕੇਯੂ (ਰਾਜੇਵਾਲ) ਤੇ ਬੀਕੇਯੂ (ਲੱਖੋਵਾਲ) ਸਮੇਤ ਦਰਜਨ ਕਿਸਾਨ ਜਥੇਬੰਦੀਆਂ ਵੱਲੋਂ ਵੀ 15 ਸਤੰਬਰ ਨੂੰ ਦੋ ਘੰਟੇ ਲਈ ਸੜਕੀ ਜਾਮ ਲਾਇਆ ਜਾਵੇਗਾ। ਪਹਿਲੀ ਵਾਰ ਹੈ ਜਦੋਂ ਸਾਰੇ ਕਿਸਾਨਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਇੱਕੋ ਵੇਲੇ ਕੇਂਦਰ ਖ਼ਿਲਾਫ਼ ਖੜ੍ਹੇ ਹੋਏ ਹਨ।

ਕਿਸਾਨਾਂ ਦੇ ਨਿਸ਼ਾਨੇ ’ਤੇ ਰਿਹਾ ਅਕਾਲੀ ਦਲ 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੱਲ ਰਹੇ ਜੇਲ੍ਹ ਭਰੋ ਅੰਦੋਲਨ ਦੇ ਕੱਲ੍ਹ ਸੱਤਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਜੇਕਰ ਖੇਤੀ ਆਰਡੀਨੈਂਸ ਵਾਪਸ ਨਾ ਲਏ ਗਏ ਤਾਂ ਪੰਜਾਬ ਵਿੱਚ ਅਸ਼ਾਂਤੀ ਫੈਲ ਸਕਦੀ ਹੈ। ਹੁਣ ਕਿਸਾਨਾਂ ਵੱਲੋਂ ਅੰਮ੍ਰਿਤਸਰ, ਤਰਨ ਤਾਰਨ ਤੇ ਫਿਰੋਜ਼ਪੁਰ ‘ਚ ਇਕੱਠ ਕੀਤੇ ਜਾ ਰਹੇ ਹਨ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਮੁਤਾਬਕ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਉਹ ਫੌਰੀ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕਰਨ।

 

ਸੁਖਬੀਰ ਕੇਂਦਰ ਦਾ ਸਾਥ ਛੱਡੇ 

ਉੱਥ ਹੀ ਖੇਤੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਉਬਾਲ ਖਾਣ ਲੱਗੀ ਹੈ ਅਤੇ ਕੈਪਟਨ ਸਰਕਾਰ ਇਸ ਮੌਕੇ ਨੂੰ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਘੇਰਾਬੰਦੀ ਵਿੱਚ ਜੁੱਟ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਖੇਤੀ ਆਰਡੀਨੈਂਸਾਂ ’ਤੇ ਆਪਣੇ ਪਹਿਲੇ ਸਟੈਂਡ ਤੋਂ ਅਚਾਨਕ ਯੂ-ਟਰਨ ਦੇ ਕਦਮ ਨੂੰ ਢਕਵੰਜ ਕਰਾਰ ਦਿੱਤਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਕਿਸਾਨਾਂ ਪ੍ਰਤੀ ਸੰਜੀਦਗੀ ਸਿੱਧ ਕਰਨ ਲਈ ਕੇਂਦਰ ਸਰਕਾਰ ਦਾ ਸਾਥ ਛੱਡਣ ਦੀ ਚੁਣੌਤੀ ਦਿੱਤੀ ਹੈ।

ਕੈਪਟਨ ਨੇ ਕਿਹਾ ਕਿ ਖੇਤੀ ਆਰਡੀਨੈਂਸ ਲਿਆਉਣ ਵਿੱਚ ਅਕਾਲੀ ਦਲ ਦਾ ਵੀ ਹੱਥ ਹੈ ਅਤੇ ਉਨ੍ਹਾਂ ਆਰਡੀਨੈਂਸਾਂ ਦੀ ਬਿਨਾਂ ਸ਼ਰਤ ਹਮਾਇਤ ਵੀ ਕੀਤੀ ਸੀ। ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕੈਪਟਨ ਨੇ ਪੁੱਛਿਆ ਕਿ ਜਦੋਂ ਵੀ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਪੇਸ਼ ਕਰੇਗੀ ਤਾਂ ਕੀ ਅਕਾਲੀ ਲੀਡਰ ਇਨ੍ਹਾਂ ਖਿਲਾਫ਼ ਵੋਟ ਪਾਉਣ ਲਈ ਤਿਆਰ ਹਨ? ਅਕਾਲੀ ਦਲ ਵੱਲੋਂ ਕੇਂਦਰ ਨੂੰ ਕੀਤੀ ਗਈ ਅਖੌਤੀ ਅਪੀਲ ਨੂੰ ਉਨ੍ਹਾਂ ਬੇਹੂਦਗੀ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿੱਚ ਅਕਾਲੀ ਲੀਡਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਭਰੋਸਾ ਦਿੱਤਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਹੁਣ ਅਕਾਲੀ ਦਲ ਦੇ ਕਿਸਾਨੀ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਪੈ ਗਏ ਹਨ। ਕੈਪਟਨ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀ ਪਤਨੀ ਕੇਂਦਰ ’ਚ ਮੰਤਰੀ ਹੈ ਤਾਂ ਕੀ ਉਨ੍ਹਾਂ ਇਕ ਵਾਰ ਵੀ ਮੰਤਰੀ ਮੰਡਲ ਵਿਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾਂ ਨਹੀਂ।

ਸੁਖਬੀਰ ਦੀ ਸਿਆਸੀ ਹੋਂਦ ਖਤਰੇ ’ਚ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪਹਿਲੀ ਵਾਰ ਆਪਣੀ ਪਾਰਟੀ ਅੰਦਰੋਂ ਅਤੇ ਬਾਹਰੋਂ ਚੁਣੌਤੀ ਖੜ੍ਹੀ ਹੋਈ ਹੈ ਕਿਉਂਕਿ ਸੁਖਬੀਰ ਦੇ ਖੇਤੀ ਆਰਡੀਨੈਂਸਾਂ ਦੀ ਥਾਂ ਕੁਰਸੀ ਬਚਾਉਣ ਦੇ ਫ਼ੈਸਲੇ ਨੇ ਅਕਾਲੀ ਦਲ ਦੀ ਹੋਂਦ ਨੂੰ ਹੀ ਖਤਰਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਹੁਣ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਰ ਕੇ ਸੁਖਬੀਰ ਬਾਦਲ ਹੁਣ ਯੂ-ਟਰਨ ਲੈਣ ਲੱਗੇ ਹਨ। ਜਾਖੜ ਨੇ ਕਿਹਾ ਕਿ ਸੁਖਬੀਰ ਦਾ ਸਟੈਂਡ ਪਾਰਟੀ ਹਿੱਤਾਂ ਖਿਲਾਫ ਰਿਹਾ ਹੈ ਅਤੇ ਕੁਰਸੀ ਲਈ ਕੇਂਦਰ ਅੱਗੇ ਪਾਰਟੀ ਨੂੰ ਗੋਡੇ ਟੇਕਣੇ ਪਏ ਹਨ।

ਦੋਗਲਾਪਣ ਛੱਡੋ, ਸਪੱਸ਼ਟ ਦੱਸੋ

 

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਥਾਂ ਇਹ ਸਪੱਸ਼ਟ ਕਰਨ ਕਿ ਉਹ ਕੇਂਦਰ ਵਲੋਂ ਲਿਆਂਦੇ ਖੇਤੀ ਆਰਡੀਨੈਸਾਂ ਨੂੰ ਕਿਸਾਨ ਪੱਖੀ ਸਮਝਦੇ ਹਨ ਜਾਂ ਕਿਸਾਨ ਮਾਰੂ। ਉਨ੍ਹਾਂ ਇਹ ਵੀ ਸਪਸ਼ਟ ਕਰਨ ਲਈ ਕਿਹਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਅਕਾਲੀ ਦਲ ਆਰਡੀਨੈਸਾਂ ਦੇ ਹੱਕ ਵਿਚ ਭੁਗਤੇਗਾ ਜਾਂ ਵਿਰੋਧ ਕਰੇਗਾ। ਬਾਜਵਾ ਨੇ ਕਿਹਾ ਕਿ ਸੁਖਬੀਰ ਅਜੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦੋਂ ਕਿ ਉਹ ਜਾਣਦੇ ਹਨ ਕਿ ਇਹ ਆਰਡੀਨੈਂਸ ਪਾਰਲੀਮੈਂਟ ਵਿਚ ਇਸੇ ਸੈਸ਼ਨ ਦੌਰਾਨ ਅਤੇ ਇਸੇ ਰੂਪ ਵਿਚ ਪੇਸ਼ ਕੀਤੇ ਜਾਣੇ ਹਨ।

Leave a Reply

Your email address will not be published. Required fields are marked *