‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਭ ਤੋਂ ਤਾਕਤਵਰ 100 ਲੋਕਾਂ ਦੀ ਲਿਸਟ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ 88ਵੇਂ ਨੰਬਰ ‘ਤੇ ਦਰਜ ਕੀਤਾ ਗਿਆ ਹੈ। ਇੰਡੀਅਨ ਐਕਸਪ੍ਰੈੱਸ ਨੇ ਸਾਲ 2020-21 ਹਰ ਸਾਲ ਵਾਂਗ ਇਸ ਸਾਲ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ।

ਸੂਚੀ ਵਿੱਚ ਉਗਰਾਹਾਂ ਬਾਰੇ ਦੱਸਿਆ ਗਿਆ ਹੈ ਕਿ ‘ਸਾਬਕਾ ਫੌਜੀ ਉਗਰਾਹਾਂ ਇਸ ਵੇਲੇ ਮਾਲਵਾ ਅਤੇ ਮਾਝਾ ਇਲਾਕੇ ਵਿੱਚੋਂ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਵੱਡੀ ਫੌਜ ਲੈ ਕੇ ਲੜਾਈ ਲੜ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਉਗਰਾਹਾਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਨਹੀ ਹਨ ਅਤੇ ਉਹਨਾਂ ਦਿੱਲੀ ਵਿੱਚ ਟਿਕਰੀ ਬਾਰਡਰ ‘ਤੇ ਵੱਖਰੀ ਸਟੇਜ ਲਗਾਈ ਹੈ। ਉਗਰਾਹਾਂ ਭਗਤ ਸਿੰਘ ਤੋਂ ਪ੍ਰੇਰਿਤ ਹਨ ਅਤੇ ਇਸੇ ਲਈ ਉਹਨਾਂ ਦੀ ਯੂਨੀਅਨ ਦੇ ਝੰਡੇ ਦਾ ਰੰਗ ਬਸੰਤੀ ਹੈ ਅਤੇ ਯੂਨੀਅਨ ਦੀਆਂ ਔਰਤਾਂ ਮੈਂਬਰ ਬਸੰਤੀ ਰੰਗ ਦੀ ਚੁੰਨੀਆਂ ਲੈਂਦੀਆਂ ਹਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ 100 ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿੱਚ 15ਵੇਂ ਨੰਬਰ ’ਤੇ ਦਰਜ ਕੀਤਾ ਗਿਆ ਹੈ। ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਕਈ ਵੱਡੇ-ਵੱਡੇ ਲੀਡਰਾਂ ਨੂੰ ਵੀ ਪਛਾੜ ਦਿੱਤਾ ਹੈ। ਕੈਪਟਨ ਬਾਰੇ ਸੂਚੀ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਮਹਾਂਮਾਰੀ ਤੇ ਕਿਸਾਨ ਅੰਦੋਲਨ ਦੌਰਾਨ ਸੂਬੇ ਨੂੰ ਸਫਲਤਾ ਨਾਲ ਚਲਾਇਆ ਹੈ। ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਗਿਆ, ਉਦੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਨਿਰ-ਵਿਵਾਦਤ ਲੀਡਰ ਬਣੇ। 


ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਤਕਨਾਲੋਜੀ ਦੀ ਸੁਚੱਜੀ ਵਰਤੋਂ ਕੀਤੀ ਅਤੇ ਫਰੰਟੀਲਾਈਨ ਵਾਰੀਅਰਜ਼ ਦੇ ਨਾਲ ਰੋਜ਼ਾਨਾ ਗੱਲ ਕਰਦੇ ਰਹੇ। ਉਹ ਕਿਸਾਨਾਂ ਦੇ ਨਾਲ ਵੀ ਡਟੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੇ ਹਨ। ਅਮਰਿੰਦਰ ਸਿੰਘ ਮਿਲਟਰੀ ਹਿਸਟੋਰੀਅਨ ਵੀ ਹਨ, ਜੋ 1971 ਦੀ ਜੰਗ ਬਾਰੇ ਕਿਤਾਬ ਲਿਖ ਰਹੇ ਹਨ। 

ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਨਾਮ ਵੀ ਸਭ ਤੋਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਦੀ ਸ਼ੂਚੀ ਵਿੱਚ ਸ਼ਾਮਲ ਕੀਤਾ ਗਿਆ ਹਨ। ਇਸ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਸ਼ਾਮਲ ਹੈ। ਉਸ ਤੋਂ ਬਾਅਦ ਦੂਜੇ ਨੰਬਰ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਤੇ ਤੀਜੇ ਨੰਬਰ ‘ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਨਾਮ ਸ਼ਾਮਿਲ ਹੈ।

Leave a Reply

Your email address will not be published. Required fields are marked *