Punjab

ਪੰਜਾਬ ‘ਚ ਸ਼ੁਰੂ ਹੋਈ ‘ਬੱਡੀ ਗਰੁਪ’ ਬਣਾਉਣ ਦੀ ਪਹਿਲ ਕਦਮੀ, ਵਿਦਿਆਰਥੀਆਂ ਨੂੰ ਹੋਣਗੇ ਇਹ ਲਾਭ

‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :-  ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਵੱਲੋਂ 28 ਸਤੰਬਰ ਤੋਂ ਸ਼ੁਰੂ ਹੋਈ ਬੱਡੀ ਗਰੁੱਪ ਦਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਕੁਲਵਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਦੱਸਿਆ ਕਿ ਮਹਿਕਮੇ ਵੱਲੋਂ ਸ਼ੁਰੂਆਤ ਕੀਤੀ, ਇਸ ਨਿਵਕੇਲੀ ਪਹਿਲ ਕਦਮੀ ਦੇ ਸਾਰਥਕ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਿਸਟਮ ਤਹਿਤ ਵਿਭਾਗ ਦੀਆਂ ਸਰਗਰਮੀਆਂ ਨੂੰ ਵਧੇਰੇ ਸੰਜੀਦਗੀ ਨਾਲ ਚਲਾਇਆ ਜਾ ਸਕੇਗਾ।

ਪ੍ਰਿੰਸੀਪਲ ਸੁਰੇਸ਼ ਕੁਮਾਰ, ਡੀਐੱਮ ਗਣਿਤ ਰਵੀ ਗੁਪਤਾ, ਡੀਐੱਮ ਸਾਇਸ ਉਮੇਸ਼ ਕੁਮਾਰ ਤੇ ਡੀਐੱਮ ਅੰਗਰੇਜੀ ਗੁਰਿਵੰਦਰ ਸਿੰਘ ਨੇ ਦੱਸਿਆ ਕਿ “ਪੜੋ ਪੰਜਾਬ ਪੜਾਓ ਪੰਜਾਬ” ਤਹਿਤ ਸਰਕਾਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਗੁਣਤਾਮਿਕ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ ।

ਬੀਐੱਮ ਗੌਰਵ ਮੁੰਜ਼ਾਲ, ਸੁਮਿਤ ਕੁਮਾਰ, ਗੁਰਮੀਤ ਸਿੰਘ, ਰਾਜੀਵ ਮੋਂਗਾ, ਵਿਨੋਦ ਕੁਮਾਰ, ਸੰਦੀਪ ਕੁਮਾਰ, ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਅਕਾਦਮਿਕ, ਸਹਿ ਅਕਾਦਮਿਕ ਅਤੇ ਮੁਕਬਾਲੇ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਨਤੀਜੇ ਦੇ ਰਹੇ ਹਨ । ਡੀਐੱਮ ਰਵੀ ਗੁਪਤਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜੋ ਕ੍ਰਾਂਤੀਕਾਰੀ ਬਦਲਾਅ ਆ ਰਹੇ ਹਨ, ਇਸ ਪਿੱਛੇ ਜਿੱਥੇ ਉਚ ਅਧਿਕਾਰੀਆਂ ਦੇ ਯੋਜਨਾਬੰਦੀ ਦਾ ਅਸਰ ਹੈ। ਇਹ ਹੀ ਨਹੀਂ ਬਲਕਿ ਅਧਿਆਪਕ ਤੇ ਸਕੂਲ ਮੁੱਖੀਆਂ ਦੀ ਮਿਹਨਤ ਦਾ ਨਤੀਜਾ ਵੀ ਸਾਹਮਣੇ ਆ ਰਿਹਾ ਹੈ।

ਬੀਐੱਮ ਗੌਰਵ ਮੁੰਜ਼ਾਲ ਨੇ ਦੱਸਿਆ ਕਿ ਬੱਡੀ ਗਰੁੱਪ ਰਾਹੀਂ ਵਿਦਿਆਰਥੀ ਇੱਕ ਦੂਜੇ ਦਾ ਸਿੱਖਿਅਤ ਸਾਥੀ ਬਣ ਕੇ ਅਧਿਆਪਕਾ ਵੱਲੋਂ ਭੇਜੇ ਗਏ ਸਿੱਖਿਆ ਸੰਬੰਧੀ ਕੰਮਾਂ ਨੂੰ ਇੱਕ ਦੂਜੇ ਦੀ ਸਹਾਇਤਾ ਨਾਲ ਪੂਰਾ ਕਰ ਸਕਦੇ ਹਨ। ਕੋਰੋਨਾ ਸੰਕਟ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨ ਲਾਈਨ ਸਿੱਖਿਆ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ, ਜਿਸ ਦਾ ਸਿਹਰਾ ਅਧਿਆਪਕਾ ਵੱਲੋਂ ਬਣਾਏ ਗਏ ਬੱਡੀ ਗਰੁੱਪ ਵੱਲ ਹੀ ਜਾਂਦਾ ਹੈ।