‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ‘ਚ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ  ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਡੈਮੋਕਰੈਟ ਵਿਰੋਧੀ ਜੋਅ ਬਿਡੇਨ ਵਿਚਾਲੇ ਮੁੱਦਾ ਗਰਮਾਇਆ ਪਿਆ ਹੈ। ਟਰੰਪ ਤੇ ਬਿਡੇਨ ਦੀ ਪਹਿਲੀ ਬਹਿਸ ਦਾ ਭਾਰਤੀ-ਅਮਰੀਕੀ ਭਾਈਚਾਰਾ ਵੱਖ-ਵੱਖ ਸਿੱਟੇ ਕੱਢ ਰਿਹਾ ਹੈ ਤੇ ਵੰਡਿਆ ਗਿਆ ਹੈ। ਟਰੰਪ ਦੇ ਹਮਾਇਤੀ ਕਹਿ ਰਹੇ ਹਨ ਕਿ ਉਨ੍ਹਾਂ ‘ਲੋਕਾਂ ਨੂੰ ਜਿੱਤ ਲਿਆ ਹੈ।’ ਜਦਕਿ ਬਿਡੇਨ ਦੇ ਹਮਾਇਤੀ ਕਹਿ ਰਹੇ ਹਨ ਕਿ ਡੈਮੋਕਰੈਟ ਉਮੀਦਵਾਰ ਨੇ ਸਫ਼ਲਤਾ ਨਾਲ ਖ਼ੁਦ ਨੂੰ ਬਿਆਨ ਕਰ ਦਿੱਤਾ ਹੈ ਕਿ ਕਿਉਂ ਉਹ ਅਗਲੇ ਚਾਰ ਸਾਲ ਲਈ ਵਾਈਟ ਹਾਊਸ ਵਿੱਚ ਬੈਠਣ ਦੇ ਹੱਕਦਾਰ ਹਨ।

ਭਾਰਤੀ ਅਮਰੀਕੀ ਅਟਾਰਨੀ ਹਰਮੀਤ ਕੇ. ਢਿੱਲੋਂ ਨੇ ਬਹਿਸ ਕਰਵਾਉਣ ਵਾਲੇ ਫੌਕਸ ਨਿਊਜ਼ ਦੇ ਕ੍ਰਿਸ ਵੈਲੈਸ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਲਈ ਕਿਸੇ ਨੂੰ ਨਾਮਜ਼ਦ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ। ਜਦਕਿ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੇ ਵਿਰੋਧੀ ਡੈਮੋਕਰੈਟ ਉਮੀਦਵਾਰ ਜੋਅ ਬਿਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਤਿੰਨ ਨਵੰਬਰ ਦੀਆਂ ਚੋਣਾਂ ਦੇ ਜੇਤੂ ਨੂੰ ਇਹ ਕਰਨਾ ਚਾਹੀਦਾ ਹੈ। ਟਰੰਪ ਤੇ ਬਾਇਡਨ ਵਿਚਾਲੇ ਕੱਲ੍ਹ ਆਹਮੋ-ਸਾਹਮਣੇ ਪਹਿਲੀ ਬਹਿਸ ਹੋਈ। ਕਲੀਵਲੈਂਡ, ਓਹਾਈਓ ਵਿੱਚ ਤਿੱਖੀ ਬਹਿਸ ਦੌਰਾਨ ਕੋਵਿਡ, ਨਸਲਵਾਦ, ਅਰਥਚਾਰੇ ਤੇ ਜਲਵਾਯੂ ਤਬਦੀਲੀ ਦੇ ਮੁੱਦੇ ਵੀ ਉੱਭਰੇ। ਬਿਡੇਨ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਨਾਮਜ਼ਦਗੀ ਵਿੱਚ ਅਮਰੀਕੀ ਲੋਕਾਂ ਦੀ ਸਲਾਹ ਵੀ ਸ਼ਾਮਲ ਹੋਣੀ ਚਾਹੀਦੀ ਹੈ। ਇਹ ਉਦੋਂ ਹੋਵੇਗੀ ਜਦ ਉਹ ਸੈਨੇਟਰਾਂ ਤੇ ਰਾਸ਼ਟਰਪਤੀ ਲਈ ਵੋਟ ਪਾਉਣਗੇ। ਬਿਡੇਨ ਨੇ ਕਿਹਾ ਕਿ ਇਸ ਵੇਲੇ ਅਸੀਂ ਚੋਣਾਂ ਦੇ ਵਿਚਾਲੇ ਹਾਂ। ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ।

ਟਰੰਪ ਨੇ ‘ਵਾਈਟ ਹਾਊਸ ’ਤੇ ਕਲੰਕ ਲਾਇਆ’

ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਹਾਰ ਦੀ ਨਿਖੇਧੀ ਕੀਤੀ ਹੈ। ਹੈਰਿਸ ਨੇ ਕਿਹਾ ਕਿ ਟਰੰਪ ਨੇ ‘ਵਾਈਟ ਹਾਊਸ ਦੇ ਨਾਂ ਉੱਤੇ ਕਲੰਕ ਲਾਇਆ ਹੈ।’ ਕਮਲਾ ਨੇ ਜੋਅ ਬਿਡੇਨ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ, ‘ਕੀ ਮਹੱਤਵਪੂਰਨ ਹੈ। ਉਨ੍ਹਾਂ ਲਈ ਅਮਰੀਕੀ ਪਰਿਵਾਰ ਅਹਿਮ ਹਨ। ਹੈਰਿਸ ਨੇ ਕਿਹਾ ਕਿ ਦੋਵਾਂ ਵਿਚਾਲੇ ਬਹਿਸ ਅਮਰੀਕੀ ਲੋਕਾਂ ਨੂੰ ਤੁਲਨਾ ਕਰਨ ਦਾ ਮੌਕਾ ਦੇਵੇਗੀ। ਬਿਡੇਨ ਅਮਰੀਕੀਆਂ ਨਾਲ ਸਿੱਧਾ ਰਾਬਤਾ ਰੱਖਦੇ ਹਨ।

Leave a Reply

Your email address will not be published. Required fields are marked *