Punjab

ਕੈਪਟਨ ਨੇ ਕੇਂਦਰ ਸਰਕਾਰ ਨੂੰ ਸਥਿਤੀ ਹੱਥੋਂ ਨਿਕਲਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਦਿੱਤੀ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਦੇ ਤਿੱਖੇ ਅੰਦੋਲਨ ਨੂੰ ਵੇਖਦਿਆਂ ਕਿਹਾ ਕਿ, “ਨਵਾਂ ਕਾਨੂੰਨ ਸਮੇਂ ਦੀ ਲੋੜ ਸੀ। ਇਹ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਵੇਗਾ। ਪੰਜਾਬ ਦੇ ਕਿਸਾਨ ਭਰਾਵਾਂ ਵਿੱਚ ਵਹਿਮ ਹੈ, ਜਿਸ ਨੂੰ ਦੂਰ ਕਰਨ ਲਈ ਸਕੱਤਰ ਪੱਧਰੀ ਗੱਲ ਚੱਲ ਰਹੀ ਹੈ। ਮੈਂ ਆਪ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਸੀ ਅਤੇ ਹੱਲ ਨਹੀਂ ਨਿਕਲਿਆ ਤਾਂ ਅਗਲੀ ਚਰਚਾ 3 ਦਸੰਬਰ ਨੂੰ ਰੱਖੀ ਗਈ ਹੈ। ਕਿਸੇ ਵੀ ਗੱਲ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ, ਇਸ ਲਈ ਸਰਕਾਰ ਗੱਲ ਕਰਨ ਲਈ ਤਿਆਰ ਹੈ ਅਤੇ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣਾ ਅੰਦੋਲਨ ਮੁਲਤਵੀ ਕਰ ਦੇਣ।”

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਲਈ 3 ਦਸੰਬਰ ਦਾ ਇੰਤਜ਼ਾਰ ਕਿਉਂ ਕਰਨਾ ਹੈ, ਜਦੋਂ ਸਥਿਤੀ ਹੱਥੋਂ ਬਾਹਰ ਨਿਕਲ ਰਹੀ ਹੋਵੇ। ਦਿੱਲੀ ਬਾਰਡਰ ‘ਤੇ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਦਿੱਲੀ ਤੋਂ ਕਰੀਬ 12-15 ਕਿਲੋਮੀਟਰ ਰਾਈ ਬਾਰਡਰ ਕੋਲ ਕਿਸਾਨਾਂ ਦੇ ਇੱਕ ਜਥੇ ਨੇ ਬੈਰੀਕੇਡ ਪਾਰ ਕਰ ਲਏ ਹਨ। ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹੈ ਅਤੇ ਹਾਲਾਤ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਚੱਪੇ-ਚੱਪੇ ‘ਤੇ ਪੁਲਿਸ ਮੌਜੂਦ ਹੈ।