Punjab

ਸਰਕਾਰੀ ਜ਼ਮੀਨ ‘ਤੇ ਫਰਜ਼ੀ ਇੰਤਕਾਲ ਜ਼ਰੀਏ ਕਰੋੜਾਂ ਦੀ ਠੱਗੀ ਲਾਉਣ ਵਾਲਾ ਤਹਿਸੀਲਦਾਰ ਕਾਬੂ

‘ਦ ਖ਼ਾਲਸ ਬਿਊਰੋ ( ਮੁਹਾਲੀ ) :- ਫ਼ਰਜ਼ੀ ਇੰਤਕਾਲ ਦੇ ਜ਼ਰੀਏ ਸਰਕਾਰੀ ਸ਼ਾਮਲਾਟ ਜ਼ਮੀਨ ‘ਤੇ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲੇ ਜ਼ੀਰਕਪੁਰ ‘ਚ ਤੈਨਾਤ ਤਹਿਸੀਲਦਾਰ ਵਰਿੰਦਰਪਾਲ ਨੂੰ ਪੰਜਾਬ ਵਿਜਲੈਂਸ ਬਿਊਰੋ ਵੱਲੋਂ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਮਾਲ ਵਿਭਾਗ ਦੇ 11 ਮੁਲਾਜ਼ਮਾਂ ਤੇ ਅਫ਼ਸਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। 2016 ਤੋਂ ਵਿਜਲੈਂਸ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਇਸ ਤਰ੍ਹਾਂ ਖੇਡਿਆਂ ਗਿਆ ਕਰੋੜਾ ਦਾ ਖੇਡ 

ਵਿਜਲੈਂਸ ਬਿਉਰੋ ਨੇ ਬਲਾਕ ਮਾਜਰੀ ਦੇ ਪਿੰਡ ਸਯੂੰਕ ਵਿੱਚ ਸਰਕਾਰੀ ਜ਼ਮੀਨ ਨੂੰ ਨਿੱਜੀ ਜਮੀਨ ਵਿਖਾ ਕੇ ਗਲਤ ਇੰਤਕਾਲ ਚੜ੍ਹਾਉਣ ਦੇ ਮਾਮਲੇ ਵਿੱਚ ਤਹਿਸੀਲਦਾਰ ਵਰਿੰਦਰ ਪਾਲ ਧੂਤ ਨੂੰ ਗਿਰਫ਼ਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖੇਡ ਵਿੱਚ ਪ੍ਰਾਪਰਟੀ ਡੀਲਰਾਂ ਤੋਂ ਲੈਕੇ ਮਾਲ ਵਿਭਾਗ ਦੇ ਅਧਿਕਾਰੀਆਂ ਵੀ ਸ਼ਾਮਲ ਸਨ। 2016 ਨੂੰ ਜਦੋਂ ਇਸ ਦਾ ਖ਼ੁਲਾਸਾ ਹੋਇਆ ਸੀ, ਤਾਂ ਤਤਕਾਲੀ ਡਿਪਟੀ ਕਮਿਸ਼ਨ ਵੱਲੋਂ ਵਿਜਲੈਂਸ ਨੂੰ ਇਸ ਦੀ ਜਾਂਚ ਸੌਂਪੀ ਗਈ ਸੀ। 2017 ਵਿੱਚ ਵਿਜਲੈਂਸ ਵੱਲੋਂ ਜਾਂਚ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਤਹਸੀਲਦਾਰ, ਪ੍ਰਾਪਟੀ ਡੀਲਰ ਅਤੇ ਮਾਲ ਵਿਭਾਗ ਦੇ ਅਧਿਕਾਰੀ ਗਿਰੋਹ ਦੀ ਤਰ੍ਹਾਂ ਮੁੱਲਾਂਪੁਰਾ ਗਰੀਬਦਾਸ ਦੇ ਨਜ਼ਦੀਕ ਸਰਕਾਰੀ ਸ਼ਾਮਲਾਟ ਜ਼ਮੀਨ ਦੇ ਨਕਲੀ ਇੰਤਕਾਲ ਗੱਲਤ ਤਰੀਕੇ ਨਾਲ ਨਿੱਜੀ ਲੋਕਾਂ ਦੇ ਨਾਂ ਕਰ ਦਿੱਤੇ ਸਨ।

ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮਾਲ ਵਿਭਾਗ ਨੇ ਜਾਲੀ ਇੰਤਕਾਲ ਅਤੇ ਰਜਿਸਟਰੀ ਕਰਵਾਉਣ ਦੇ ਲਈ ਮੋਟੀ ਰਿਸ਼ਵਤ ਲਈ ਸੀ। ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਅਜਿਹਾ ਕਰਕੇ ਤਹਿਸੀਲਦਾਰ ਵਰਿੰਦਰ ਪਾਲ ਨੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾ ਦਾ ਚੂਨਾ ਲਗਾਇਆ ਹੈ।