Punjab

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੇ ਦੇਸ਼ ਦੇ 3 ਮਹੀਨੇ ਬਰਬਾਦ ਕੀਤੇ- MLA ਖਹਿਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਵਿਧਾਨ ਸਭਾ ਮੈਂਬਰ ਸੁਖਪਾਲ ਸਿੰਘ ਖਹਿਰਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ “ਮੈਨੂੰ ਉਸਦੀ ਮੌਤ ਦਾ ਦੁੱਖ ਹੈ। ਲਗਾਤਾਰ ਤਿੰਨ ਮਹੀਨਿਆਂ ਤੋਂ ਉਸਦੀ ਖੁਦਕੁਸ਼ੀ ‘ਤੇ ਸਾਰੇ ਦੇਸ਼ ਵਿੱਚ ਵਾਦ-ਵਿਵਾਦ ਹੋ ਰਿਹਾ ਹੈ ਜਿਸ ਨਾਲ ਲੋਕਾਂ ਦੇ ਅਸਲੀ ਮੁੱਦੇ ਦਿਖਾਈ ਨਹੀਂ ਦੇ ਰਹੇ। ਦੇਸ਼ ਵਿੱਚ ਇੱਕ ਦਿਨ ‘ਚ ਹਜ਼ਾਰਾਂ ਖੁਦਕੁਸ਼ੀਆਂ ਹੁੰਦੀਆਂ ਹਨ ਪਰ ਉਨ੍ਹਾਂ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੁੰਦਾ। ਪਰ ਸੁਸ਼ਾਂਤ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਸਰਬਉੱਚ ਅਦਾਲਤ ਨੇ CBI ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਦੇਸ਼ ਦੇ ਇਲੈੱਕਟ੍ਰੋਨਿਕਸ ਮੀਡੀਆ ‘ਤੇ ਇਸ ਕੇਸ ਦੀ ਲੰਮੇ ਸਮੇਂ ਤੋਂ ਚਰਚਾ ਹੋ ਰਹੀ ਹੈ। ਦੇਸ਼ ‘ਚ ਬਹੁਤ ਸਾਰੇ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਚਰਚਾ ਨਹੀਂ ਹੋ ਰਹੀ। ਇਨ੍ਹਾਂ ਲਈ CBI, NCB, ED ਦੀ ਜਾਂਚ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈ।

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਹੁਤ ਵੱਡੇ ਪੈਮਾਨੇ ਦੇ ਉੱਪਰ ਲੋਕ ਪ੍ਰਭਾਵਿਤ ਹੋਏ ਹਨ ਤੇ ਕਈ ਮੌਤਾਂ ਹੋਈਆਂ ਹਨ। ਇਸਨੂੰ ਲੈ ਕੇ ਸਾਡੇ ਹੈਲਥ ਕੇਅਰ ਸਿਸਟਮ ‘ਤੇ ਕੋਈ ਜ਼ਿਆਦਾ ਚਰਚਾ ਨਹੀਂ ਕੀਤੀ ਗਈ। ਕੋਵਿਡ ਦੌਰਾਨ ਗਰੀਬ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡਾਂ ਨੂੰ ਗਏ ਸੀ ਅਤੇ ਰਸਤੇ ਵਿੱਚ ਦਰਜਨਾਂ ਲੋਕ ਮਾਰੇ ਵੀ ਗਏ ਸੀ ਪਰ ਇਸ ਉੱਪਰ ਸੁਪਰੀਮ ਕੋਰਟ ਨੇ ਜਾਂਚ ਦੇ ਕੋਈ ਆਦੇਸ਼ ਨਹੀਂ ਦਿੱਤੇ।

ਸਾਡੇ ਦੇਸ਼ ਵਿੱਚ ਬਹੁਤ ਸਾਰੇ ਘੁਟਾਲੇ ਹੋ ਰਹੇ ਹਨ, ਉਨ੍ਹਾਂ ਉੱਤੇ ਵੀ ਇਨ੍ਹਾਂ ਤਿੰਨ ਏਜੰਸੀਆਂ ਦੀ ਮੈਂ ਅਜੇ ਤੱਕ ਕੋਈ ਜਾਂਚ ਨਹੀਂ ਵੇਖੀ। ਪੰਜਾਬ ਵਿੱਚ ਦੋ-ਤਿੰਨ ਹਾਦਸੇ ਇਸ ਤਰ੍ਹਾਂ ਦੇ ਵਾਪਰੇ ਹਨ ਜਿਨ੍ਹਾਂ ‘ਤੇ ਇਨ੍ਹਾਂ ਏਜੰਸੀਆਂ ਦੀ ਜਾਂਚ ਹੋਣੀ ਚਾਹੀਦੀ ਸੀ ਜੋ ਕਿ ਨਹੀਂ ਹੋਈ। ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ ਇੱਕ ਟ੍ਰੇਨ ਵੱਲੋਂ ਹਜ਼ਾਰਾਂ ਲੋਕਾਂ ਨੂੰ ਦ੍ਰੜਿਆ ਗਿਆ ਸੀ, ਹਾਲ ਹੀ ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ, ਵਜ਼ੀਫਾ ਘੁਟਾਲੇ ਦਾ ਮਾਮਲਾ ਵਰਗੇ ਮੁੱਦਿਆਂ ‘ਤੇ ਇਨ੍ਹਾਂ ਏਜੰਸੀਆਂ ਦੀ ਜਾਂਚ ਚਾਹੀਦੀ ਸੀ ਪਰ ਇਹ ਜਾਂਚ ਨਹੀਂ ਕੀਤੀ ਗਈ। ਬੇਰੁਜ਼ਗਾਰੀ, ਕਿਸਾਨਾਂ ਦੇ ਮੁੱਦਿਆਂ ‘ਤੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ।

ਸਾਡੇ ਦੇਸ਼ ਦਾ ਹੈਲਥ ਸਿਸਟਮ, ਐਜ਼ੂਕੇਸ਼ਨ ਸਿਸਟਮ ਤਕਰੀਬਨ ਖਤਮ ਹੋ ਗਿਆ ਹੈ। ਵਧੀਆ ਇਲਾਜ਼ ਤੇ ਸਿੱਖਿਆ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਜਿੰਨੇ ਵੀ ਵੱਡੇ ਟੀਵੀ ਚੈਨਲ ਹਨ, ਇਹ ਤਾਕਤਵਰ ਰਾਜਨੀਤਿਕ ਲੋਕਾਂ ਦੇ ਜਾਂ ਫਿਰ ਕੋਆਪਰੇਟ ਘਰਾਣਿਆਂ ਦੇ ਹੀ ਚੈਨਲ ਹਨ। ਇਨ੍ਹਾਂ ਨੂੰ ਆਪਣੀ TRP ਰੇਟਿੰਗ ਨਾਲ ਮਤਲਬ ਹੈ, ਇਨ੍ਹਾਂ ਨੂੰ ਬਸ ਪੈਸੇ ਕਮਾਉਣੇ ਹਨ। ਇਨ੍ਹਾਂ ਚੈਨਲਾਂ ਨੂੰ ਸਮਾਜ ਦੇ ਗਰਮ ਤੇ ਵੱਡੇ ਮੁੱਦਿਆਂ ਨਾਲ ਕੋਈ ਮਤਲਬ ਨਹੀਂ ਹੈ। TRP ਰੇਟਿੰਗ ਕਾਰਨ ਹੀ ਇਹ ਚੈਨਲ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਮਸਲਾ ਜ਼ੋਰਦਾਰ ਢੰਗ ਨਾਲ ਉਭਾਰ ਰਹੇ ਹਨ।  ਇਸ ਤੋਂ ਬਾਅਦ ਮੀਡੀਆ ਹੁਣ ਅਦਾਕਾਰ ਕੰਗਣਾ ਰਣੌਤ ਦੇ ਮਾਮਲੇ ਨੂੰ ਉਭਾਰ ਰਿਹਾ ਹੈ।

ਮੈਂ ਸਮਝਦਾ ਹਾਂ ਕਿ ਇਸ ਦੇਸ਼ ਦਾ ਏਜੰਡਾ ਇਲੈੱਕਟ੍ਰੋਨਿਕ ਮੀਡੀਆ ਸੈੱਟ ਕਰ ਰਿਹਾ ਹੈ। ਸਰਕਾਰ, ਰਾਜਨੀਤਿਕ ਵਿਰੋਧੀ ਧਿਰਾਂ ਦੇਸ਼ ਦਾ ਏਜੰਡਾ ਨਹੀਂ ਸੈੱਟ ਕਰ ਰਹੀਆਂ। ਸਾਡੇ ਦੇਸ਼ ਵਿੱਚ ਗੈਰ-ਜ਼ਰੂਰੀ ਮੁੱਦਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਮੀਡੀਆ ਲੋਕਾਂ ਦੇ ਅਸਲ ਮੁੱਦਿਆਂ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ”।