Punjab

ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ‘ਤੇ ਲੱਗੇਗਾ ਪੇਡਾ ਕੰਪਨੀ ਦਾ ਸੋਲਰ ਪਾਵਰ ਪਲਾਂਟ

‘ਦ ਖ਼ਾਲਸ ਬਿਊਰੋ ( ਬਠਿੰਡਾ ) :- ਪੰਜਾਬ ਦੇ ਜ਼ਿਲ੍ਹਾ ਬਠਿੰਡਾ ‘ਚ ਲੱਗੇ ਥਰਮਲ ਪਲਾਂਟ ਕੋਲ ਖਾਲੀ ਪਈ ਜ਼ਮੀਨ ’ਤੇ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੋਲਰ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਜੋ ਕਿ ਸੂਬਾ ਸਰਕਾਰ ਲਈ ਸਿਆਸੀ ਨਜ਼ਰੀਏ ਤੋਂ ਘਾਟੇ ਦਾ ਸੌਦਾ ਨਹੀਂ ਹੈ। ਪੇਡਾ ਦੇ ਚੇਅਰਮੈਨ ਐੱਚ ਐੱਸ ਹੰਸਪਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਤੰਬਰ ਦੇ ਪਹਿਲੇ ਹਫ਼ਤੇ ਪੱਤਰ ਲਿਖ ਕੇ ਬਠਿੰਡਾ ਥਰਮਲ ਦੀ ਸੁਆਹ ਭੰਡਾਰਨ ਵਾਲੀ ਜ਼ਮੀਨ ’ਤੇ 100 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਆਖਿਆ ਹੈ। ਇਸ ਪੱਤਰ ਨੇ ਬਠਿੰਡਾ ਵਾਸੀਆਂ ਦੀਆਂ ਉਮੀਦਾਂ ਨੂੰ ਬੂਰ ਪਾ ਦਿੱਤਾ ਹੈ ਜੋ ਕਿਸੇ ਸੂਰਤ ਵਿੱਚ ਬਠਿੰਡਾ ਥਰਮਲ ਦੀ ਜ਼ਮੀਨ ਦੀ ਨਿਲਾਮੀ ਨਹੀਂ ਵੇਖਣਾ ਚਾਹੁੰਦੇ ਹਨ। ਦੂਜੇ ਪਾਸੇ ਪਾਵਰਕੌਮ ਵੱਲੋਂ ਥਰਮਲ ਦੀ ਮਸ਼ੀਨਰੀ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਬਠਿੰਡਾ ’ਚ ਅੱਜ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰੇ ਵੀ ਕੀਤੇ ਗਏ ਹਨ।

ਪੇਡਾ ਚੇਅਰਮੈਨ ਵੱਲੋਂ ਲਿਖੇ ਪੱਤਰ ’ਚ ਦਲੀਲ ਦਿੱਤੀ ਗਈ ਹੈ ਕਿ ਪਾਵਰਕੌਮ ਨੇ ਅਕਤੂਬਰ 2018 ਵਿੱਚ ਥਰਮਲ ਜ਼ਮੀਨ ’ਚ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਯੋਜਨਾ ਬਣਾਈ ਸੀ। ਉਦੋਂ ਦੇ ਬਿਜਲੀ ਮੰਤਰੀ ਨੇ ਫ਼ੈਸਲਾ ਕੀਤਾ ਸੀ ਕਿ ਪੇਡਾ ਇਸ ਪਲਾਂਟ ਦੀ ਬਿਡ ਦਸਤਾਵੇਜ਼ ਵਗੈਰਾ ਤਿਆਰ ਕਰੇਗਾ। ਪੇਡਾ ਨੇ ਸੁਆਹ ਭੰਡਾਰਨ ਵਾਲੀ ਜਗ੍ਹਾ ਦਾ ਮੁਕੰਮਲ ਸਰਵੇ ਵੀ ਕੀਤਾ ਸੀ ਅਤੇ ਵਿਸਥਾਰਤ ਰਿਪੋਰਟ ਪਾਵਰਕੌਮ ਨੂੰ ਸੌਂਪ ਦਿੱਤੀ ਸੀ। ਚੇਅਰਮੈਨ ਨੇ ਲਿਖਿਆ ਹੈ ਕਿ ਬਠਿੰਡਾ ਥਰਮਲ ਹੁਣ ਬੰਦ ਹੋ ਚੁੱਕਾ ਹੈ ਅਤੇ ਸੁਆਹ ਭੰਡਾਰਨ ਵਾਲੀ ਕਰੀਬ 500 ਏਕੜ ਜ਼ਮੀਨ ਵੀ ਖਾਲੀ ਪਈ ਹੈ ਜਿਸ ’ਤੇ ਸੋਲਰ ਪਲਾਂਟ ਆਸਾਨੀ ਨਾਲ ਲਾਇਆ ਜਾ ਸਕਦਾ ਹੈ ਜਿਥੋਂ ਕਲੀਨ ਅਤੇ ਗਰੀਨ ਐਨਰਜੀ ਦੀ ਸਪਲਾਈ ਹੋ ਸਕਦੀ ਹੈ। ਹੰਸਪਾਲ ਨੇ ਕਿਹਾ ਹੈ ਕਿ ਸੋਲਰ ਪਾਵਰ ਪਲਾਂਟ ਸਥਾਪਤ ਹੋੋਣ ਨਾਲ ਸੂਬੇ ਵਿੱਚ ਸੋਲਰ ਐਨਰਜੀ ਨੂੰ ਹੁੰਗਾਰਾ ਮਿਲੇਗਾ। ਇਸ ਦੇ ਨਾਲ ਜਿਥੇ ਬਿਜਲੀ ਸਸਤੀ ਪਵੇਗੀ, ਉੱਥੇ ਅਗਲੇ 25 ਵਰ੍ਹਿਆਂ ਲਈ ਬਿਜਲੀ ਦਰਾਂ ਵੀ ਨਹੀਂ ਵਧਣਗੀਆਂ। ਜਦੋਂ ਇਸ ਬਾਰੇ ਚੇਅਰਮੈਨ ਹੰਸਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਚਿੱਠੀ ਲਿਖਣ ਦੀ ਪੁਸ਼ਟੀ ਤਾਂ ਕੀਤੀ ਪ੍ਰੰਤੂ ਕੋਈ ਵੇਰਵੇ ਦੇਣ ਤੋਂ ਪਾਸਾ ਵੱਟ ਲਿਆ।

ਦੱਸਣਯੋਗ ਹੈ ਕਿ ਪਹਿਲੀ ਜਨਵਰੀ 2018 ਨੂੰ ਪੰਜਾਬ ਸਰਕਾਰ ਨੇ ਥਰਮਲ ਬੰਦ ਕਰ ਦਿੱਤਾ ਸੀ, ਅਤੇ ਦੋ ਵਰ੍ਹਿਆਂ ਮਗਰੋਂ ਕੈਬਨਿਟ ਨੇ ਥਰਮਲ ਜ਼ਮੀਨ ਨੂੰ ਵਪਾਰਕ ਕਾਰੋਬਾਰ ਲਈ ਵਰਤਣ ਦਾ ਫ਼ੈਸਲਾ ਕਰ ਲਿਆ ਸੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਜ਼ਮੀਨ ’ਤੇ ਸਨਅਤੀ ਪਾਰਕ ਬਣਾਏ ਜਾਣ ਦੀ ਗੱਲ ਆਖ ਰਹੇ ਹਨ। ਦੇਖਿਆ ਜਾਵੇ ਤਾਂ ਸੋਲਰ ਪਾਵਰ ਪਲਾਂਟ ਲੱਗਦਾ ਹੈ ਤਾਂ ਨੇੜੇ ਹੀ ਸਬ ਸਟੇਸ਼ਨ ਹੈ ਜਿੱਥੇ ਕੋਈ ਨਵੀਂ ਲਾਈਨ ਖਿੱਚਣ ਦੀ ਵੀ ਲੋੜ ਨਹੀਂ ਪਵੇਗੀ। ਲੋਡ ਸੈਂਟਰ ਵੀ ਬਿਲਕੁਲ ਨੇੜੇ ਹੈ। ਪਾਵਰਕੌਮ ਨੇ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਏ ਜਾਣ ਦਾ ਵੀ ਹੰਭਲਾ ਮਾਰਿਆ ਸੀ ਪ੍ਰੰਤੂ ਸਰਕਾਰ ਨੇ ਉਸ ਤੋਂ ਵੀ ਕਿਨਾਰਾ ਕਰ ਲਿਆ ਸੀ। ਇਸ ’ਤੇ ਹਾਲਾਂਕਿ 150 ਕਰੋੜ ਦੀ ਲਾਗਤ ਹੀ ਆਉਣੀ ਸੀ ਜਿਸ ਨਾਲ ਸਸਤੀ ਬਿਜਲੀ ਦੀ ਪੈਦਾਵਾਰ ਹੋਣੀ ਸੀ ਅਤੇ 4 ਲੱਖ ਮੀਟਰਿਕ ਟਨ ਪਰਾਲੀ ਦੀ ਸੰਭਾਲ ਵੀ ਹੋ ਜਾਣੀ ਸੀ।

ਸਟੇਟ ਸੈਕਟਰ ’ਚ ਪ੍ਰੋਜੈਕਟ ਲੱਗੇ

PSEB ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਸਬੀਰ ਸਿੰਘ ਧੀਮਾਨ ਨੇ ਕਿਹਾ ਕਿ ਸਟੇਟ ਸੈਕਟਰ ਵਿਚ ਬਠਿੰਡਾ ਥਰਮਲ ਦੀ ਜ਼ਮੀਨ ’ਤੇ ਸੋਲਰ ਪਾਵਰ ਪਲਾਂਟ ਲਾਉਣਾ ਚਾਹੀਦਾ ਹੈ ਕਿਉਂਕਿ ਇਹ ਜ਼ਮੀਨ ਬਿਜਲੀ ਪ੍ਰੋਜੈਕਟ ਲਈ ਐਕੁਆਇਰ ਹੋਈ ਸੀ। ਉਨ੍ਹਾਂ ਕਿਹਾ ਕਿ ਭੰਡਾਰਨ ਵਾਲੀ ਜਗ੍ਹਾ ਹੋਰ ਕਿਸੇ ਮਕਸਦ ਲਈ ਕੰਮ ਵੀ ਨਹੀਂ ਆ ਸਕਦੀ ਹੈ। ਇਹ ਜ਼ਮੀਨ ਤਿੰਨ ਸਾਲ ਤੋਂ ਖਾਲੀ ਪਈ ਹੈ ਜਿਸ ਕਰਕੇ ਸਰਕਾਰ ਨੂੰ ਫੌਰੀ ਕਦਮ ਉਠਾਉਣੇ ਚਾਹੀਦੇ ਹਨ।